J&K: ਅੱਤਵਾਦੀਆਂ ਦੇ ਨਿਸ਼ਾਨੇ ’ਤੇ ਪੁਲਸ, ਸਾਬਕਾ SPO, ਪਤਨੀ ਤੇ ਬੇਟੀ ਨੂੰ ਗੋਲੀਆਂ ਨਾਲ ਭੁੰਨਿਆ
Wednesday, Jun 30, 2021 - 03:35 PM (IST)
ਸ਼੍ਰੀਨਗਰ– ਜੰਮੂ-ਕਸ਼ਮੀਰ ਦੇ ਅਵੰਤੀਪੁਰਾ ਦੇ ਹਰਿਪਰੀਗਾਮ ਇਲਾਕੇ ’ਚ ਅੱਤਵਾਦੀਆਂ ਨੇ ਸਾਬਕਾ ਐੱਸ.ਪੀ.ਓ. ਫੈਯਾਜ਼ ਅਹਿਮਦ, ਉਨ੍ਹਾਂ ਦੀ ਪਤਨੀ ਅਤੇ ਬੇਟੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਐੱਸ.ਪੀ.ਓ. ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਹਮਲੇ ’ਚ ਉਨ੍ਹਾਂ ਦੀ ਬੇਟੀ ਅਤੇ ਪਤਨੀ ਨੂੰ ਵੀ ਗੋਲੀ ਲੱਗੀ ਸੀ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਇਲਾਜ ਦੌਰਾਨ ਪਤਨੀ ਦੀ ਦੇਰ ਰਾਤ ਅਤੇ ਬੇਟੀ ਦੀ ਸੋਮਵਾਰ ਨੂੰ ਮੌਤ ਹੋ ਗਈ। ਸਾਬਕਾ ਐੱਸ.ਪੀ.ਓ. ਫੈਯਾਜ਼ ਅਹਿਮਦ ਅਤੇ ਉਨ੍ਹਾਂ ਦੀ ਪਤਨੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਐਤਵਾਰ ਸ਼ਾਮ ਦੇ ਸਮੇਂ ਅੱਤਵਾਦੀਆਂ ਨੇ ਘਰ ’ਚ ਵੜ ਕੇ ਅਚਾਨਕ ਫਾਇਰਿੰਗ ਕਰ ਦਿੱਤੀ ਜਿਸ ਵਿਚ ਸਾਬਕਾ ਐੱਸ.ਪੀ.ਓ. ਦੀ ਮੌਕੇ ’ਤੇ ਮੌਤ ਹੋ ਗਈ। ਉਨ੍ਹਾਂ ਦੇ ਪਰਿਵਾਰ ਦੇ ਹੋਰ ਦੋ ਮੈਂਬਰ ਬੁਰੀ ਤਰ੍ਹਾਂ ਹਮਲੇ ’ਚ ਜ਼ਖਮੀ ਹੋ ਗਏ। ਘਟਨਾ ਤੋਂ ਬਾਅਦ ਇਲਾਕੇ ’ਚ ਅੱਤਵਾਦੀਆਂ ਦੀ ਭਾਲ ’ਚ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।
ਕਸ਼ਮੀਰ ਜ਼ੋਨ ਦੇ ਆਈ.ਜੀ. ਵਿਜੇ ਕੁਮਾਰ ਨੇ ਅੱਤਵਾਦੀ ਹਮਲੇ ’ਚ ਮਾਰੇ ਗਏ ਫੈਯਾਜ਼ ਅਹਿਮਦ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਮਰਨ ਵਾਲਿਆਂ ਦੀਆਂ ਆਤਮਾਵਾਂ ਦੀ ਸ਼ਾਂਤੀ ਲਈ ਪ੍ਰਾਥਨਾ ਕੀਤੀ। ਉਨ੍ਹਾਂ ਨੇ ਪਰਿਵਾਰ ਦੇ ਮੈਂਬਰਾਂ ਨਾਲ ਹਮਦਰਦੀ ਜਤਾਈ। ਨਾਲ ਹੀ ਵਿਸ਼ਵਾਸ ਦਿੱਤਾ ਕਿ ਇਸ ਕੰਮ ’ਚ ਸ਼ਾਮਲ ਅੱਤਵਾਦੀਆਂ ਨੂੰ ਜਲਤ ਹੀ ਢੇਰ ਕਰ ਦਿੱਤਾ ਜਾਵੇਗਾ। ਆਈ.ਜੀ. ਨੇ ਕਿਹਾ ਕਿ ਇਸ ਹਮਲੇ ਦੇ ਪਿੱਛੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਦੋ ਵਿਰੋਧੀ ਅੱਤਵਾਦੀਆਂ ਦਾ ਹੱਥ ਹੈ।
ਇਸ ਤੋਂ ਪਹਿਲਾਂ 27 ਜੂਨ ਨੂੰ ਸ਼ਰੀਨਗਰ ਦੇ ਬਰਬਰਸ਼ਾਹ ਇਲਾਕੇ ’ਚ ਸ਼ਨੀਵਾਰ ਨੂੰ ਸੁਰੱਖਿਆ ਫੋਰਸ ’ਤੇ ਕੀਤੇ ਗਏ ਗ੍ਰਨੇਡ ਹਮਲੇ ’ਚ ਇਕ ਨਾਗਰਿਕ ਦੀ ਮੌਤ ਹੋ ਗਈ ਸੀ ਜਦਕਿ ਤਿੰਨ ਹੋਰ ਜ਼ਖਮੀ ਹੋ ਗਏ। ਹਮਲੇ ਤੋਂ ਬਾਅਦ ਆਲੇ-ਦੁਆਲੇ ਦਿ ਇਲਾਕੇ ’ਚ ਤਲਾਸ਼ੀ ਮੁਹਿੰਮ ਚਲਾਈ ਗਈ ਪਰ ਅੱਤਵਾਦੀਆਂ ਦਾ ਕੋਈ ਪਤਾ ਨਹੀਂ ਲੱਗਾ।
ਸੀ.ਆਈ.ਡੀ. ਇੰਸਪੈਕਟਰ ਦੀ ਵੀ ਹੋ ਚੁੱਕੀ ਹੈ ਹੱਤਿਆ
ਇਸ ਤੋਂ ਪਹਿਲਾਂ ਸ਼੍ਰੀਨਗਰ ’ਚ ਅੱਤਵਾਦੀਆਂ ਨੇ ਬੀਤੇ ਮੰਗਲਵਾਰ ਨੂੰ ਸੀ.ਆਈ.ਡੀ. ਇੰਸਪੈਕਟਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਹ ਘਟਨਾ ਨੌਗਾਮ ਇਲਾਕੇ ’ਚ ਹੋਈ। ਨੌਗਾਮ ਥਾਣਾ ਖੇਤਰ ਦੇ ਕਨੀਪੋਰਾ ’ਚ ਅੱਤਵਾਦੀਆਂ ਨੇ ਇੰਸਪੈਕਟਰ ਪਰਵੇਜ਼ ਅਹਿਮਦ ਡਾਰ ਨੂੰ ਉਨ੍ਹਾਂ ਦੇ ਘਰ ਦੇ ਨੇੜੇ 3 ਗੋਲੀਆਂ ਮਾਰੀਆਂ ਸਨ। ਹਮਲੇ ਦੇ ਸਮੇਂ ਪਰਵੇਜ਼ ਨਮਾਜ਼ ਅਦਿ ਕਰਕੇ ਘਰ ਪਰਤ ਰਹੇ ਸਨ।
ਭਾਰਤੀ ਫੌਜ ਵਲੋਂ ਅੱਤਵਾਦੀਆਂ ’ਤੇ ਲਗਾਤਾਰ ਸ਼ਿੰਕਜਾ ਕੱਸਿਆ ਜਾ ਰਿਹਾ ਹੈ। ਇਸ ਨਾਲ ਉਨ੍ਹਾਂ ’ਚ ਬੇਚੈਨੀ ਵਧ ਗਈ ਹੈ ਅਤੇ ਉਹ ਘਬਰਾਹਟ ’ਚ ਹਮਲਿਆਂ ਨੂੰ ਅੰਜ਼ਾਮ ਦੇ ਰਹੇ ਹਨ ਪਰ ਇਸ ਦੇ ਨਾਲ ਹੀ ਅੱਤਵਾਦੀ ਫੌਜ ਦੀਆਂ ਗੋਲੀਆਂ ਦਾ ਸ਼ਿਕਾਰ ਵੀ ਹੋ ਰਹੇ ਹਨ।