ਹੈਵਾਨੀਅਤ: ਪੈਂਟ ''ਚ ਪੇਸ਼ਾਬ ਕਰਨ ''ਤੇ ਅਧਿਆਪਕਾ ਨੇ ਗਰਮ ਚਾਕੂ ਨਾਲ ਸਾੜਿਆ ਜਵਾਕ ਦਾ ਗੁਪਤ ਅੰਗ

Tuesday, Jul 28, 2026 - 12:11 AM (IST)

ਹੈਵਾਨੀਅਤ: ਪੈਂਟ ''ਚ ਪੇਸ਼ਾਬ ਕਰਨ ''ਤੇ ਅਧਿਆਪਕਾ ਨੇ ਗਰਮ ਚਾਕੂ ਨਾਲ ਸਾੜਿਆ ਜਵਾਕ ਦਾ ਗੁਪਤ ਅੰਗ

ਵਾਰਾਣਸੀ : ਉੱਤਰ ਪ੍ਰਦੇਸ਼ ਦੇ ਵਾਰਾਣਸੀ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨਿੱਜੀ ਸਕੂਲ ਦੀ ਅਧਿਆਪਕਾ ਨੇ ਪੈਂਟ ਵਿੱਚ ਪੇਸ਼ਾਬ ਕਰਨ ਦੀ ਸਜ਼ਾ ਵਜੋਂ 5 ਸਾਲ ਦੇ ਇੱਕ ਮਾਸੂਮ ਬੱਚੇ ਦਾ ਗੁਪਤ ਅੰਗ ਗਰਮ ਚਾਕੂ ਨਾਲ ਸਾੜ ਦਿੱਤਾ। ਇਸ ਦਰਦਨਾਕ ਘਟਨਾ ਤੋਂ ਬਾਅਦ ਪੁਲਸ ਨੇ ਅਧਿਆਪਕਾ, ਸਕੂਲ ਦੇ ਪ੍ਰਿੰਸੀਪਲ ਅਤੇ ਪ੍ਰਬੰਧਕਾਂ ਖਿਲਾਫ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਇਹ ਸ਼ਰਮਨਾਕ ਮਾਮਲਾ ਵਾਰਾਣਸੀ ਦੇ ਪਾਂਡੇਪੁਰ ਇਲਾਕੇ ਦੇ ਇੱਕ ਨਿੱਜੀ ਸਕੂਲ ਦਾ ਹੈ। ਸ਼ਿਕਾਇਤ ਅਨੁਸਾਰ, ਨਰਸਰੀ ਵਿੱਚ ਪੜ੍ਹਨ ਵਾਲੇ ਬੱਚੇ ਨੇ ਆਪਣੀ ਅਧਿਆਪਕਾ ਪ੍ਰੀਤੀ ਕੁਸ਼ਵਾਹਾ ਤੋਂ ਟਾਇਲਟ ਜਾਣ ਦੀ ਇਜਾਜ਼ਤ ਮੰਗੀ ਸੀ, ਪਰ ਉਸ ਨੂੰ ਜਾਣ ਨਹੀਂ ਦਿੱਤਾ ਗਿਆ। ਇਸ ਦੌਰਾਨ ਬੱਚੇ ਨੇ ਪੈਂਟ ਵਿੱਚ ਹੀ ਪੇਸ਼ਾਬ ਕਰ ਦਿੱਤਾ। ਇਸ ਤੋਂ ਗੁੱਸੇ ਵਿੱਚ ਆਈ ਅਧਿਆਪਕਾ ਬੱਚੇ ਨੂੰ ਦੂਜੇ ਕਮਰੇ ਵਿੱਚ ਲੈ ਗਈ ਅਤੇ ਚਾਕੂ ਗਰਮ ਕਰਕੇ ਉਸ ਦੇ ਗੁਪਤ ਅੰਗ ਨੂੰ ਸਾੜ ਦਿੱਤਾ। ਅਧਿਆਪਕਾ 'ਤੇ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਵੀ ਦੋਸ਼ ਹੈ।

ਜਦੋਂ ਬੱਚਾ ਸਕੂਲ ਤੋਂ ਘਰ ਪਰਤਿਆ, ਤਾਂ ਉਸ ਨੇ ਆਪਣੇ ਮਾਤਾ-ਪਿਤਾ ਨੂੰ ਇਸ ਘਿਨਾਉਣੀ ਹਰਕਤ ਬਾਰੇ ਦੱਸਿਆ। ਬੱਚੇ ਦੀ ਹਾਲਤ ਦੇਖ ਕੇ ਪਰਿਵਾਰਕ ਮੈਂਬਰਾਂ ਦੇ ਹੋਸ਼ ਉੱਡ ਗਏ ਅਤੇ ਉਨ੍ਹਾਂ ਨੇ ਤੁਰੰਤ ਪੁਲਸ ਥਾਣੇ ਜਾ ਕੇ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਅਧਿਆਪਕਾ ਸਮੇਤ ਸਕੂਲ ਪ੍ਰਬੰਧਕਾਂ 'ਤੇ ਸ਼ਿਕੰਜਾ ਕੱਸ ਦਿੱਤਾ ਹੈ।

ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਇਸ ਘਟਨਾ ਨੂੰ ਬੇਹੱਦ "ਦਰਦਨਾਕ ਅਤੇ ਖੌਫਨਾਕ" ਦੱਸਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (ਪਹਿਲਾਂ ਟਵਿੱਟਰ) 'ਤੇ ਲਿਖਿਆ ਕਿ ਇਹ ਇੱਕ ਅਜਿਹਾ ਗੰਭੀਰ ਮਾਮਲਾ ਹੈ ਜਿਸ ਦਾ ਬੱਚੇ 'ਤੇ ਜ਼ਿੰਦਗੀ ਭਰ ਲਈ ਬੁਰਾ ਪ੍ਰਭਾਵ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਵਿੱਚ ਬੱਚਿਆਂ ਪ੍ਰਤੀ ਹਮਦਰਦੀ ਅਤੇ ਇਨਸਾਨੀਅਤ ਹੋਣੀ ਚਾਹੀਦੀ ਹੈ ਅਤੇ ਇਸ ਮਾਮਲੇ ਵਿੱਚ ਦੋਸ਼ੀਆਂ ਵਿਰੁੱਧ ਤੁਰੰਤ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।


author

Inder Prajapati

Content Editor

Related News