TDP ਨੇ NDA ਤੋਂ ਸਮਰਥਨ ਲਿਆ ਵਾਪਸ, ਸੰਸਦ 'ਚ ਪੇਸ਼ ਨਹੀਂ ਹੋ ਸਕਿਆ ਅਵਿਸ਼ਵਾਸ ਪ੍ਰਸਤਾਵ

03/16/2018 5:02:02 PM

ਨਵੀਂ ਦਿੱਲੀ— ਮੋਦੀ ਸਰਕਾਰ ਦੇ ਖਿਲਾਫ ਪਹਿਲੀ ਵਾਰ ਲਿਆਂਦਾ ਗਿਆ ਅਵਿਸ਼ਵਾਸ ਪ੍ਰਸਤਾਵ ਭਾਰੀ ਹੰਗਾਮੇ ਕਾਰਨ ਸ਼ੁੱਕਰਵਾਰ ਨੂੰ ਲੋਕ ਸਭਾ 'ਚ ਵਿਚਾਰ ਲਈ ਪੇਸ਼ ਨਹੀਂ ਕੀਤਾ ਜਾ ਸਕਿਆ ਅਤੇ ਸਪੀਕਰ ਸੁਮਿਤਰਾ ਮਹਾਜਨ ਨੇ ਰੌਲੇ ਰੱਪੇ ਕਾਰਨ ਸਦਨ ਦੀ ਕਾਰਵਾਈ ਸੋਮਵਾਰ ਤੱਕ ਲਈ ਮੁਲਤਵੀ ਕਰ ਦਿੱਤੀ। ਤੇਲੁਗੂ ਦੇਸ਼ਮ ਪਾਰਟੀ ਅਤੇ ਵਾਈ.ਐੱਸ.ਆਰ. ਕਾਂਗਰਸ ਨੇ ਵੀਰਵਾਰ ਨੂੰ ਸਰਕਾਰ ਦੇ ਖਿਲਾਫ ਅਵਿਸ਼ਵਾਸ ਪ੍ਰਸਤਾਵ ਲਿਆਉਣ ਦਾ ਨੋਟਿਸ ਸ਼੍ਰੀਮਤੀ ਮਹਾਜਨ ਨੂੰ ਦਿੱਤਾ ਸੀ। ਸਪੀਕਰ ਨੇ ਇਕ ਵਾਰ ਦੀ ਮੁਲਤਵੀ ਤੋਂ ਬਾਅਦ 12 ਵਜੇ ਸਦਨ ਦੀ ਕਾਰਵਾਈ ਦੁਬਾਰਾ ਸ਼ੁਰੂ ਹੋਣ 'ਤੇ ਸਪੀਕਰ ਨੇ ਪਹਿਲਾਂ ਜ਼ਰੂਰੀ ਕਾਗਜ਼ਾਤ ਸਦਨ ਦੇ ਪਟਲ 'ਤੇ ਰੱਖਵਾਏ। ਇਸ ਦੌਰਾਨ ਵਿਰੋਧੀ ਧਿਰ ਦੇ ਮੈਂਬਰਾਂ ਨੇ ਪਹਿਲਾਂ ਦੀ ਤਰ੍ਹਾਂ ਹੰਗਾਮਾ ਸ਼ੁਰੂ ਕਰ ਦਿੱਤਾ। ਹੰਗਾਮੇ ਕਾਰਨ ਸਪੀਕਰ ਨੇ ਸਦਨ ਨੂੰ ਦੱਸਿਆ ਕਿ ਤੇਦੇਪਾ ਦੀ ਟੀ. ਨਰਸਿੰਘਮਨ ਅਤੇ ਵਾਈ.ਐੱਸ.ਆਰ. ਕਾਂਗਰਸ ਦੇ ਵਾਈ.ਵੀ. ਸੁੱਬਾ ਰੈੱਡੀ ਨੇ ਅਵਿਸ਼ਵਾਸ ਪ੍ਰਸਤਾਵ ਦਿੱਤਾ ਹੈ। ਸ਼੍ਰੀਮਤੀ ਮਹਾਜਨ ਨੇ ਕਿਹਾ ਕਿ ਅਵਿਸ਼ਵਾਸ ਪ੍ਰਸਤਾਵ ਨੂੰ ਸਦਨ ਦੇ ਸਾਹਮਣੇ ਰੱਖਣ ਲਈ ਉਹ ਮਜ਼ਬੂਰ ਹਨ ਪਰ ਇਸ ਲਈ ਮੈਂਬਰਾਂ ਦਾ ਸ਼ਾਂਤ ਰਹਿਣਾ ਜ਼ਰੂਰੀ ਹੈ ਅਤੇ ਸਦਨ ਨੂੰ ਪਹਿਲਾਂ ਸੰਗਠਿਤ ਹੋਣਾ ਚਾਹੀਦਾ। ਸਦਨ 'ਚ ਅਵਿਵਸਥਾ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲਗਾਤਾਰ ਹੰਗਾਮਾ ਚੱਲ ਰਿਹਾ ਹੈ। ਹੰਗਾਮੇ 'ਚ ਪ੍ਰਸਤਾਵ ਦਾ ਸਮਰਥਨ ਕਰਨ ਵਾਲੇ ਮੈਂਬਰਾਂ ਦੀ ਗਿਣਤੀ ਕਰਨਾ ਉਨ੍ਹਾਂ ਦੀ ਸੰਭਵ ਨਹੀਂ ਹੈ। ਇਸ ਦੌਰਾਨ ਵਿਰੋਧੀ ਦਲਾਂ ਦੇ ਮੈਂਬਰਾਂ ਨੇ ਅਵਿਸ਼ਵਾਸ ਪ੍ਰਸਤਾਵ ਦਾ ਸਮਰਥਨ ਕਰਦੇ ਹੋਏ ਭਾਰੀ ਹੰਗਾਮਾ ਸ਼ੁਰੂ ਕਰ ਦਿੱਤਾ। ਤੇਦੇਪਾ ਅਤੇ ਵਾਈ.ਐੱਸ.ਆਰ. ਦੇ ਮੈਂਬਰ ਵੀ ਹੋਰ ਉਤਸ਼ਾਹਤ ਹੋ ਕੇ ਹੰਗਾਮਾ ਕਰਨ ਲੱਗੇ। ਵਿਰੋਧੀ ਦਲਾਂ ਦੇ ਕਈ ਮੈਂਬਰਾਂ ਨੇ ਕਿਹਾ ਕਿ ਅਵਿਸ਼ਵਾਸ ਪ੍ਰਸਤਾਵ ਨੂੰ ਸਦਨ 'ਚ ਰੱਖਿਆ ਜਾਣਾ ਚਾਹੀਦਾ ਪਰ ਸਪੀਕਰ ਨੇ ਕਿਹਾ ਕਿ ਜਦੋਂ ਸਦਨ ਅਵਿਵਸਥਿਤ ਹੈ ਤਾਂ ਪ੍ਰਸਤਾਵ ਨੂੰ ਇਸ ਦੇ ਸਾਹਮਣੇ ਕਿਵੇਂ ਰੱਖਿਆ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਤੋਂ ਬਾਹਰ ਹੋਣ ਤੋਂ ਬਾਅਦ ਹੁਣ ਤੇਲੁਗੂ ਦੇਸ਼ਮ ਪਾਰਟੀ ਨੇ ਭਾਜਪਾ ਦੀ ਅਗਵਾਈ ਵਾਲੀ ਐੱਨ.ਡੀ.ਏ. ਗਠਜੋੜ ਤੋਂ ਬਾਹਰ ਆਉਣ ਦਾ ਫੈਸਲਾ ਲਿਆ ਹੈ। ਪਾਰਟੀ ਵੱਲੋਂ ਜਲਦੀ ਹੀ ਇਸ ਦਾ ਰਸਮੀ ਐਲਾਨ ਕੀਤਾ ਜਾਵੇਗਾ। ਇਹੀ ਨਹੀਂ ਪਾਰਟੀ ਨੇ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦੇ ਦਰਜੇ ਦੇ ਮੁੱਦੇ 'ਤੇ ਵਾਈ.ਐੱਸ.ਆਰ. ਕਾਂਗਰਸ ਵੱਲੋਂ ਸ਼ੁੱਕਰਵਾਰ ਨੂੰ ਸੰਸਦ 'ਚ ਲਿਆਏ ਜਾਣ ਵਾਲੇ ਅਵਿਸ਼ਵਾਸ ਪ੍ਰਸਤਾਵ ਦਾ ਵੀ ਸਮਰਥਨ ਕਰਨ ਦਾ ਐਲਾਨ ਕੀਤਾ ਸੀ। ਵਾਈ.ਐੱਸ.ਆਰ. ਨੂੰ ਆਪਣੇ ਇਸ ਅਵਿਸ਼ਵਾਸ ਪ੍ਰਸਤਾਵ 'ਤੇ ਟੀ.ਡੀ.ਪੀ. ਸਮੇਤ ਕਈ ਹੋਰ ਵਿਰੋਧੀ ਦਲਾਂ ਦਾ ਵੀ ਸਮਰਥਨ ਮਿਲ ਸਕਦਾ ਹੈ। ਬੀਤੇ ਹਫਤੇ ਹੀ ਟੀ.ਡੀ.ਪੀ. ਨੇ ਇਹ ਕਹਿੰਦੇ ਹੋਏ ਕੇਂਦਰ ਸਰਕਾਰ ਤੋਂ ਬਾਹਰ ਆਉਣ ਦਾ ਫੈਸਲਾ ਲਿਆ ਸੀ ਕਿ ਕੇਂਦਰ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿੱਤੇ ਜਾਣ 'ਤੇ ਗੰਭੀਰ ਨਹੀਂ ਹੈ।
ਲੋਕ ਸਭਾ ਦੀਆਂ ਤਿੰਨ ਸੀਟਾਂ 'ਤੇ ਉੱਪ ਚੋਣਾਂ ਤੋਂ ਬਾਅਦ ਭਾਜਪਾ ਲਈ ਇਹ ਇਕ ਹੋਰ ਝਟਕਾ ਕਿਹਾ ਜਾ ਸਕਦਾ ਹੈ। ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਇਹ ਕਹੇ ਜਾਣ ਤੋਂ ਬਾਅਦ ਆਂਧਰਾ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿੱਤਾ ਜਾਵੇਗਾ ਤਾਂ ਇਹ ਬਿਹਾਰ, ਝਾਰਖੰਡ ਅਤੇ ਓਡੀਸ਼ਾ ਸਮੇਤ ਕਈ ਰਾਜ ਅਜਿਹੇ ਮੰਗ ਕਰ ਸਕਦੇ ਹਨ। ਇਸ ਤੋਂ ਬਾਅਦ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਕੇਂਦਰ 'ਚ ਸ਼ਾਮਲ ਆਪਣੇ ਮੰਤੀਰਆਂ ਤੋਂ ਅਸਤੀਫਾ ਦੇਣ ਨੂੰ ਕਿਹਾ ਸੀ। ਇਹੀ ਨਹੀਂ ਇਸ ਦੇ ਜਵਾਬ 'ਚ ਭਾਜਪਾ ਨੇ ਆਂਧਰਾ 'ਚ ਆਪਣੇ 2 ਮੰਤਰੀਆਂ ਦੇ ਅਸਤੀਫੇ ਸੌਂਪ ਦਿੱਤੇ ਸਨ। ਟੀ.ਡੀ.ਪੀ. ਦੇ ਐੱਨ.ਡੀ.ਏ. ਤੋਂ ਬਾਹਰ ਆਉਣ ਤੋਂ ਬਾਅਦ ਉੱਪ ਚੋਣਾਂ 'ਚ ਹਾਰ ਕਾਰਨ ਘਿਰੀ ਭਾਜਪਾ 'ਤੇ ਹੁਣ ਸ਼ਿਵ ਸੈਨਾ ਅਤੇ ਅਕਾਲੀ ਦਲ ਵਰਗੇ ਮਹੱਤਵਪੂਰਨ ਸਹਿਯੋਗੀ ਵੀ ਦਬਾਅ ਵਧਾ ਸਕਦੇ ਹਨ। ਮਹਾਰਾਸ਼ਟਰ 'ਚ ਭਾਜਪਾ ਸੰਗ ਸਰਕਾਰ 'ਚ ਸ਼ਾਮਲ ਸ਼ਿਵ ਸੈਨਾ ਹਮੇਸ਼ਾ ਕਹਿੰਦੀ ਰਹਿੰਦੀ ਹੈ ਕਿ ਭਾਜਪਾ ਅਹੰਕਾਰ ਦਾ ਸ਼ਿਕਾਰ ਹੈ ਅਤੇ ਉਹ ਸਹਿਯੋਗੀ ਦਲਾਂ ਨੂੰ ਨਾਲ ਲੈ ਕੇ ਨਹੀਂ ਚੱਲ ਰਹੀ।