ਵੱਡੀ ਖ਼ਬਰ : ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਨੂੰ RDX ਨਾਲ ਉਡਾਉਣ ਦੀ ਧਮਕੀ
Tuesday, Sep 09, 2025 - 09:46 AM (IST)

ਨੈਸ਼ਨਲ ਡੈਸਕ : ਸਿੱਖਾਂ ਦੇ ਧਾਰਮਿਕ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਬਾਅਦ ਸੋਮਵਾਰ ਨੂੰ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਤੋਂ ਇਸ ਸਮੇਂ ਵੱਡੀ ਖ਼ਬਰ ਸਾਹਮਣੇ ਆਈ ਹੈ। ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਬੰਬ ਦੀ ਮਿਲੀ ਈ-ਮੇਲ ਵਿਚ ਦੱਸਿਆ ਗਿਆ ਹੈ ਕਿ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ 'ਚ 4 RDX ਲਗਾਏ ਗਏ ਹਨ, ਜਿਸ ਨਾਲ ਧਮਾਕਾ ਕੀਤਾ ਜਾਵੇਗਾ। E-mail ਰਾਹੀਂ ਮਿਲੀ RDX ਦੀ ਧਮਕੀ ਨਾਲ ਗੁਰਦੁਆਰਾ ਸਾਹਿਬ ਵਿਖੇ ਹਫ਼ੜਾ-ਦਫ਼ੜੀ ਮਚ ਗਈ।
ਦੱਸ ਦੇਈਏ ਕਿ ਗੁਰਦੁਆਰਾ ਸਾਹਿਬ ਦੇ ਅਧਿਕਾਰੀਆਂ ਮੁਤਾਬਤ ਸੋਮਵਾਰ ਦੇਰ ਰਾਤ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਮੇਲ 'ਤੇ ਇੱਕ ਈਮੇਲ ਭੇਜੀ ਗਈ ਸੀ, ਜਿਸ ਵਿਚ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿਚ RDX ਰੱਖੇ ਜਾਣ ਦੀ ਸੂਚਨਾ ਮਿਲੀ, ਜਿਸ ਦੇ ਬਾਰੇ ਪੁਲਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਦੱਸਿਆ ਗਿਆ। ਇਸ ਤੋਂ ਬਾਅਦ ਬੰਬ ਸਕੁਐਡ, ਸਰਚ ਸਕੁਐਡ ਅਤੇ ਹੋਰ ਟੀਮਾਂ ਤਖ਼ਤ ਸ੍ਰੀ ਪਟਨਾ ਸਾਹਿਬ ਪਹੁੰਚੀਆਂ ਅਤੇ ਆਰਡੀਐਕਸ ਅਤੇ ਬੰਬ ਆਦਿ ਦੀ ਭਾਲ ਲਈ ਮੁਹਿੰਮ ਸ਼ੁਰੂ ਹੋ ਗਈ। ਇਸ ਧਮਕੀ ਤੋਂ ਬਾਅਦ ਗੁਰਦੁਆਰਾ ਸਾਹਿਬ ਵਿਚ ਪਟਨਾ ਦੀ ਪੁਲਸ ਵਲੋਂ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਸ਼ੱਕੀ ਚੀਜ਼ ਬਰਾਮਦ ਨਹੀਂ ਹੋਈ।