ਰਾਜ ਸਭਾ ਦੇ ਮੁਅੱਤਲ ਸੰਸਦ ਮੈਂਬਰਾਂ ਦਾ ਧਰਨਾ ਖਤਮ ਪਰ ਮਾਨਸੂਨ ਸੈਸ਼ਨ ਦਾ ਕਰਨਗੇ ਬਾਈਕਾਟ

Tuesday, Sep 22, 2020 - 12:53 PM (IST)

ਰਾਜ ਸਭਾ ਦੇ ਮੁਅੱਤਲ ਸੰਸਦ ਮੈਂਬਰਾਂ ਦਾ ਧਰਨਾ ਖਤਮ ਪਰ ਮਾਨਸੂਨ ਸੈਸ਼ਨ ਦਾ ਕਰਨਗੇ ਬਾਈਕਾਟ

ਨਵੀਂ ਦਿੱਲੀ— ਖੇਤੀ ਬਿੱਲ ਖ਼ਿਲਾਫ਼ ਰਾਜ ਸਭਾ ’ਚ ਹੰਗਾਮੇ ਕਾਰਨ ਮੁਅੱਤਲ ਕੀਤੇ ਗਏ 8 ਸੰਸਦ ਮੈਂਬਰਾਂ ਨੇ ਆਪਣਾ ਧਰਨਾ ਪ੍ਰਦਰਸ਼ਨ ਖਤਮ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕਾਂਗਰਸ ਨੇ ਪੂਰੇ ਮਾਨਸੂਨ ਸੈਸ਼ਨ ਦੇ ਬਾਈਕਾਟ ਦਾ ਐਲਾਨ ਕੀਤਾ। ਕਾਂਗਰਸ ਦੇ ਰਾਜ ਸਭਾ ਮੈਂਬਰਾਂ ਨੇ ਰਾਜ ਸਭਾ ਦਾ ਵਾਕਆਊਟ ਕੀਤਾ ਹੈ। ਕਾਂਗਰਸ ਦੇ ਰਾਜ ਸਭਾ ਸੰਸਦ ਮੈਂਬਰ ਸਈਦ ਨਾਸਿਰ ਹੁਸੈਨ ਨੇ ਕਿਹਾ ਕਿ ਸਾਰੇ ਸੰਸਦ ਮੈਂਬਰ ਧਰਨਾ ਖਤਮ ਕਰ ਰਹੇ ਹਨ ਅਤੇ ਸੰਸਦ ਦੇ ਬਾਕੀ ਸੈਸ਼ਨ ਦਾ ਬਾਈਕਾਟ ਕਰਨਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਖੇਤੀ ਬਿੱਲ ’ਤੇ ਵੋਟਿੰਗ ਹੋਵੇ ਪਰ ਅਜਿਹਾ ਕੁਝ ਵੀ ਨਹੀਂ ਹੋ ਰਿਹਾ, ਕਿਉਂਕਿ ਰਾਜ ਸਭਾ ਚੇਅਰਮੈਨ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਹਨ।

ਇਹ ਵੀ ਪੜ੍ਹੋ: ਧਰਨੇ ’ਤੇ ਬੈਠੇ ਸੰਸਦ ਮੈਂਬਰਾਂ ਲਈ ਚਾਹ ਲੈ ਕੇ ਪੁੱਜੇ ਉੱਪ ਚੇਅਰਮੈਨ, PM ਮੋਦੀ ਨੇ ਕੀਤੀ ਤਾਰੀਫ਼

PunjabKesari

ਓਧਰ ਰਾਜ ਸਭਾ ਮੈਂਬਰ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਅਸੀਂ ਸੰਸਦ ਸੈਸ਼ਨ ਦਾ ਬਾਈਕਾਟ ਕਰਾਂਗੇ, ਜਦੋਂ ਤੱਕ ਸਰਕਾਰ ਸਾਡੀਆਂ ਤਿੰਨ ਮੰਗਾਂ ਨੂੰ ਮਨਜ਼ੂਰ ਨਹੀਂ ਕਰਦੀ। ਪਹਿਲੀ ਸ਼ਰਤ ਹੈ ਕਿ ਇਕ ਹੋਰ ਬਿੱਲ ਲਿਆਂਦਾ ਜਾਵੇ ਜਾਂ ਫਿਰ ਪ੍ਰਧਾਨ ਮੰਤਰੀ ਅਤੇ ਖੇਤੀ ਮੰਤਰੀ ਸਦਨ ’ਚ ਬਿਆਨ ਦੇਣ ਕਿ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਤੋਂ ਘੱਟ ਖਰੀਦ ਨੂੰ ਗੈਰ ਕਾਨੂੰਨੀ ਬਣਾਇਆ ਜਾਵੇਗਾ। ਦੂਜੀ ਮੰਗ ਹੈ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਆਧਾਰ ’ਤੇ ਐੱਮ. ਐੱਸ. ਪੀ. ਦਾ ਸੀ2 ਫਾਰਮੂਲਾ ਲਾਗੂ ਹੋਵੇ। ਤੀਜੀ ਸ਼ਰਤ ਇਹ ਹੈ ਕਿ ਸੂਬਿਆਂ ਦੀਆਂ ਏਜੰਸੀਆਂ ਜਾਂ ਐੱਫ. ਸੀ. ਆਈ. ਵੀ ਖਰੀਦ ਕਰੇ ਅਤੇ ਐੱਮ. ਐੱਸ. ਪੀ. ਦੇ ਹਿਸਾਬ ਨਾਲ ਹੀ ਖਰੀਦ ਹੋਵੇ। ਆਜ਼ਾਦ ਨੇ ਇਸ ਗੱਲ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਜਦੋਂ ਤੱਕ ਇਹ ਤਿੰਨੋਂ ਸ਼ਰਤਾਂ ਲਾਗੂ ਨਹੀਂ ਹੋਣਗੀਆਂ, ਉਦੋਂ ਤੱਕ ਅਸੀਂ  ਸੰਸਦ ਦੀ ਕਾਰਵਾਈ ਦਾ ਬਾਈਕਾਟ ਕਰਾਂਗੇ। 

ਇਹ ਵੀ ਪੜ੍ਹੋ: ਕੱਲ ਹੋਏ ਹੰਗਾਮੇ ’ਤੇ ਰਾਜ ਸਭਾ ਚੇਅਰਮੈਨ ਨਾਇਡੂ ਨਾਰਾਜ਼, 8 ਸੰਸਦ ਮੈਂਬਰ ਕੀਤੇ ਮੁਅੱਤਲ

ਦੱਸ ਦੇਈਏ ਕਿ ਐਤਵਾਰ ਨੂੰ ਖੇਤੀ ਬਿੱਲ ਨੂੰ ਪਾਸ ਕਰਾਉਣ ਦੌਰਾਨ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸੰਸਦ ’ਚ ਹੰਗਾਮਾ ਕੀਤਾ। ਇਸ ਤੋਂ ਬਾਅਦ ਸੋਮਵਾਰ ਨੂੰ ਰਾਜ ਸਭਾ ਚੇਅਰਮੈਨ ਵੈਂਕਈਆ ਨਾਇਡੂ ਨੇ 8 ਸੰਸਦ ਮੈਂਬਰਾਂ ਨੂੰ ਪੂਰੇ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਸਾਰੇ ਸੰਸਦ ਮੈਂਬਰ, ਸੰਸਦ ਕੰਪਲੈਕਸ ’ਚ ਮਹਾਤਮਾ ਗਾਂਧੀ ਦੇ ਬੁੱਤ ਸਾਹਮਣੇ ਪੂਰੀ ਰਾਤ ਧਰਨੇ ’ਤੇ ਬੈਠ ਰਹੇ ਸਨ। 

ਇਹ ਵੀ ਪੜ੍ਹੋ:  ਰਾਜ ਸਭਾ ’ਚ ਭਾਰੀ ਹੰਗਾਮੇ ਦਰਮਿਆਨ ਖੇਤੀ ਬਿੱਲ ਪਾਸ


author

Tanu

Content Editor

Related News