ਵਿਦਿਆਰਥੀਆਂ ਦੀ ਡੂੰਘੀ ਆਸਥਾ ਦਾ ਕੇਂਦਰ ਬਣਿਆ ਇਹ ਮੰਦਰ, ਨੌਕਰੀ ਲਈ ਕੰਧ ’ਤੇ ਲਿਖੀ ਜਾਂਦੀ ਹੈ ਮਨੋਕਾਮਨਾ

Sunday, Dec 25, 2022 - 02:24 PM (IST)

ਵਿਦਿਆਰਥੀਆਂ ਦੀ ਡੂੰਘੀ ਆਸਥਾ ਦਾ ਕੇਂਦਰ ਬਣਿਆ ਇਹ ਮੰਦਰ, ਨੌਕਰੀ ਲਈ ਕੰਧ ’ਤੇ ਲਿਖੀ ਜਾਂਦੀ ਹੈ ਮਨੋਕਾਮਨਾ

ਕੋਟਾ (ਭਾਸ਼ਾ)- ਨੀਟ 2023 'ਚ ਮੇਰੀ ਚੋਣ ਹੋ ਜਾਵੇ, 'ਹੇ ਈਸ਼ਵਰ ਪੜ੍ਹਾਈ 'ਚ ਮੇਰਾ ਫਿਰ ਮਨ ਲੱਗਣ ਲੱਗੇ, 'ਏਮਜ਼ ਦਿੱਲੀ 'ਚ ਮੈਨੂੰ (ਪ੍ਰਵੇਸ਼) ਮਿਲ ਜਾਵੇ', 'ਆਈ.ਆਈ.ਟੀ. ਦਿੱਲੀ 'ਚ ਮੈਨੂੰ (ਪ੍ਰਵੇਸ਼) ਮਿਲ ਜਾਵੇ ਅਤੇ ਮੇਰੇ ਭਰਾ ਦੀ ਗੂਗਲ 'ਚ ਨੌਕਰੀ ਲੱਗ ਜਾਵੇ, ਇਹ ਗੱਲਾਂ ਕਿਸੇ ਡਾਇਰੀ ਦਾ ਹਿੱਸਾ ਨਹੀਂ ਸਗੋਂ ਇੱਥੇ ਵੱਖ-ਵੱਖ ਕੋਚਿੰਗ ਸੈਂਟਰਾਂ 'ਚ ਵੱਡੀ ਗਿਣਤੀ 'ਚ ਪੜ੍ਹ ਰਹੇ ਵਿਦਿਆਰਥੀਆਂ ਵਲੋਂ ਇਕ ਮੰਦਰ 'ਚ 'ਵਿਸ਼ਵਾਸ ਦੀ ਕੰਧ' 'ਤੇ ਲਿਖੀਆਂ ਮਨੋਕਾਮਨਾਵਾਂ ਹਨ। ਹਰ ਸਾਲ ਲੱਖਾਂ ਵਿਦਿਆਰਥੀ ਦੇਸ਼ ਦੇ ਵੱਕਾਰੀ ਇੰਜੀਨੀਅਰਿੰਗ ਸੰਸਥਾਵਾਂ ਅਤੇ ਮੈਡੀਕਲ ਕਾਲਜਾਂ 'ਚ ਦਾਖ਼ਲਾ ਲੈਣ ਦੇ ਸੁਪਨੇ ਨਾਲ ਕੋਚਿੰਗ ਲਈ ਰਾਜਸਥਾਨ ਦੇ ਕੋਟਾ ਆਉਂਦੇ ਹਨ ਪਰ ਜਲਦੀ ਹੀ ਉਹ ਰੁਟੀਨ, ਤਣਾਅ ਅਤੇ ਉਮੀਦਾਂ ਦੇ ਬੋਝ ਹੇਠ ਦੱਬ ਜਾਂਦੇ ਹਨ। ਤਲਵੰਡੀ ਇਲਾਕੇ ਦੇ ਰਾਧਾਕ੍ਰਿਸ਼ਨ ਮੰਦਰ ਦੇ ਪੁਜਾਰੀਆਂ ਅਨੁਸਾਰ ਪਿਛਲੇ ਸਾਲਾਂ ਦੌਰਾਨ ਵਿਦਿਆਰਥੀਆਂ ਦੀ ਆਸਥਾ ਇੰਨੀ ਪੱਕੀ ਹੋ ਗਈ ਹੈ ਕਿ ਹਰ ਦੋ ਮਹੀਨੇ ਬਾਅਦ ਮੰਦਰ ਨੂੰ ਸਫੈਦੀ ਕਰਵਾਉਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਹਰ ਰੋਜ਼ 300 ਤੋਂ ਵੱਧ ਵਿਦਿਆਰਥੀ ਮੰਦਰ ਜਾਂਦੇ ਹਨ ਅਤੇ ਇਸ ਸਾਲ ਰਿਕਾਰਡ 2 ਲੱਖ ਵਿਦਿਆਰਥੀਆਂ ਨੇ ਵੱਖ-ਵੱਖ ਕੋਚਿੰਗ ਸੰਸਥਾਵਾਂ 'ਚ ਦਾਖ਼ਲਾ ਲਿਆ ਹੈ। ਸਾਲ 2000 ਦੇ ਸ਼ੁਰੂ 'ਚ ਜਦੋਂ ਇੱਥੇ ਆਪਣੀ ਇੱਛਾ ਲਿਖਣ ਵਾਲੇ ਕੁਝ ਵਿਦਿਆਰਥੀਆਂ ਨੇ ਆਈਆਈਟੀ ਅਤੇ ਮੈਡੀਕਲ ਦਾਖਲਾ ਪ੍ਰੀਖਿਆਵਾਂ 'ਚ ਸਫ਼ਲਤਾ ਪ੍ਰਾਪਤ ਕੀਤੀ ਤਾਂ ਮੰਦਰ ਪ੍ਰਸਿੱਧ ਹੋ ਗਿਆ ਅਤੇ ਫਿਰ ਇਸ ਨੂੰ 'ਵਿਸ਼ਵਾਸ ਦੀ ਕੰਧ' ਦਾ ਨਾਮ ਦੇ ਦਿੱਤਾ ਗਿਆ। 

PunjabKesari

ਪੁਜਾਰੀ ਕਿਸ਼ਨ ਬਿਹਾਰੀ ਨੇ ਦੱਸਿਆ,“ਲੰਬਾ ਸਮਾਂ ਪਹਿਲਾਂ, ਕੁਝ ਵਿਦਿਆਰਥੀ ਇੱਥੇ ਪ੍ਰਾਰਥਨਾ ਕਰਨ ਆਏ ਸਨ ਅਤੇ ਕੰਧ 'ਤੇ ਆਈਆਈਟੀ ਜਾਂ ਮੈਡੀਕਲ ਦਾਖ਼ਲਾ ਪ੍ਰੀਖਿਆ 'ਚ ਚੁਣੇ ਜਾਣ ਦੀਆਂ ਇੱਛਾਵਾਂ ਲਿਖੀਆਂ ਸਨ। ਕੁਝ ਮਹੀਨਿਆਂ ਬਾਅਦ, 2 ਵਿਦਿਆਰਥੀਆਂ ਦੇ ਮਾਤਾ-ਪਿਤਾ ਨੇ ਮੰਦਰ 'ਚ ਆ ਕੇ ਦਾਨ ਦਿੱਤਾ ਅਤੇ ਦਾਅਵਾ ਕੀਤਾ ਕਿ ਕੰਧ 'ਤੇ ਲਿਖੀਆਂ ਉਨ੍ਹਾਂ ਦੇ ਬੱਚਿਆਂ ਦੀਆਂ ਇੱਛਾਵਾਂ ਪੂਰੀਆਂ ਹੋ ਗਈਆਂ ਹਨ, ਅਤੇ ਉਦੋਂ ਤੋਂ ਇਹ ਇਕ ਪਰੰਪਰਾ ਬਣ ਗਈ ਹੈ ਅਤੇ ਵਿਦਿਆਰਥੀ ਕੰਧ 'ਤੇ ਕਿਤੇ ਵੀ ਆਪਣੀਆਂ ਇੱਛਾਵਾਂ ਲਿਖ ਲੈਂਦੇ ਸਨ। ਅਸੀਂ ਮੰਦਰ ਦੀ ਬੇਅਦਬੀ ਨਾ ਕਰਨ ਦੀ ਗੱਲ ਕਹਿ ਕੇ ਉਨ੍ਹਾਂ ਨੂੰ ਨਿਰਾਸ਼ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੂੰ ਕਾਰਵਾਈ ਦੀ ਚੇਤਾਵਨੀ ਵੀ ਦਿੱਤੀ ਪਰ ਜਦੋਂ ਸਥਾਨਕ ਲੋਕਾਂ ਅਤੇ ਵਿਦਿਆਰਥੀਆਂ ਦੀ ਆਸਥਾ ਪੱਕੀ ਹੋ ਗਈ ਤਾਂ ਅਸੀਂ ਇਸ ਦੇ ਲਈ ਮੰਦਰ ਵਿਚ ਇਕ ਜਗ੍ਹਾ ਸਮਰਪਿਤ ਕਰਨ ਦਾ ਫ਼ੈਸਲਾ ਕੀਤਾ ਅਤੇ ਇਸ ਦਾ ਨਾਂ 'ਵਿਸ਼ਵਾਸ ਦੀ ਕੰਧ' ਰੱਖਿਆ। ਇਕ ਹੋਰ ਪੁਜਾਰੀ ਤ੍ਰਿਲੋਕ ਸ਼ਰਮਾ ਨੇ ਦੱਸਿਆ ਕਿ ਮੰਦਰ ਨੂੰ ਹਰ ਦੋ ਮਹੀਨੇ ਬਾਅਦ ਰੰਗਿਆ ਜਾਂਦਾ ਹੈ। ਕਿਉਂਕਿ ਕੰਧਾਂ ਇੱਛਾਵਾਂ ਨਾਲ ਭਰ ਜਾਂਦੀਆਂ ਹਨ ਅਤੇ ਹੋਰ ਵਿਦਿਆਰਥੀਆਂ ਲਈ ਲਿਖਣ ਲਈ ਕੋਈ ਥਾਂ ਨਹੀਂ ਰਹਿੰਦੀ। ਉਨ੍ਹਾਂ ਕਿਹਾ,“ਜਦੋਂ ਵੀ ਵਿਦਿਆਰਥੀ ਆਉਂਦੇ ਹਨ, ਅਸੀਂ ਉਨ੍ਹਾਂ ਨੂੰ ਆਸ਼ੀਰਵਾਦ ਅਤੇ ਪ੍ਰਸਾਦ ਦਿੰਦੇ ਹਾਂ ਅਤੇ ਉਨ੍ਹਾਂ ਨੂੰ ਇਹ ਕਹਿ ਕੇ ਉਤਸ਼ਾਹਿਤ ਕਰਦੇ ਹਾਂ ਕਿ ਪਰਮਾਤਮਾ ਸਿਰਫ਼ ਉਦੋਂ ਮਦਦ ਕਰਦਾ ਹੈ, ਜਦੋਂ ਤੁਸੀਂ ਸਖ਼ਤ ਮਿਹਨਤ ਕਰਦੇ ਹੋ। ਸਖ਼ਤ ਮਿਹਨਤ ਹੀ ਕੁੰਜੀ ਹੈ।'' 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News