ਪੇਪਰ ਤੋਂ ਪਹਿਲਾਂ ਲੇਟ ਹੋ ਗਈ ਟਰੇਨ, ਕੁੜੀ ਨੂੰ 9 ਲੱਖ 10 ਹਜ਼ਾਰ ਰੁਪਏ ਭਰੇਗਾ ਰੇਲਵੇ
Tuesday, Jan 27, 2026 - 02:42 PM (IST)
ਨੈਸ਼ਨਲ ਡੈਸਕ- ਅਕਸਰ ਦੇਖਿਆ ਜਾਂਦਾ ਹੈ ਕਿ ਪ੍ਰੀਖਿਆ ਕੇਂਦਰਾਂ ਤੱਕ ਕੁਝ ਵਿਦਿਆਰਥੀ ਤੈਅ ਸਮੇਂ ਵਿਚ ਪਹੁੰਚਣ ਤੋਂ ਖੁੰਝ ਜਾਂਦੇ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪ੍ਰੀਖਿਆ ਕੇਂਦਰਾਂ ਦੇ ਬਾਹਰ ਲਾਚਾਰ ਤੇ ਮਾਯੂਸ ਦੇਖਿਆ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਤੋਂ ਵੀ ਸਾਹਮਣੇ ਆਇਆ, ਜਿੱਥੇ ਟਰੇਨ ਦੀ ਦੇਰੀ ਕਾਰਨ ਪ੍ਰੀਖਿਆ ਤੋਂ ਖੁੰਝੀ ਵਿਦਿਆਰਥਣ ਨੇ ਹਾਰ ਨਹੀਂ ਮੰਨੀ ਤੇ ਆਖ਼ਿਰਕਾਰ 7 ਸਾਲ ਲੰਬੀ ਕਾਨੂੰਨੀ ਲੜਾਈ ਲੜ ਕੇ ਲੱਖਾਂ ਰੁਪਏ ਦਾ ਮੁਆਵਜ਼ਾ ਹਾਸਲ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਦੀ ਇਕ NEET ਵਿਦਿਆਰਥਣ ਸਮ੍ਰਿਧੀ 7 ਮਈ 2018 ਨੂੰ ਬਸਤੀ ਤੋਂ ਲਖਨਊ ਵਿਖੇ ਬੀ.ਐੱਸ.ਸੀ. ਬਾਇਓਟੈਕਨਾਲੋਜੀ ਦਾ ਐਂਟ੍ਰੈਂਸ ਐਗਜ਼ਾਮ ਦੇਣ ਲਈ ਇੰਟਰਸਿਟੀ ਸੁਪਰਫਾਸਟ ਐਕਸਪ੍ਰੈੱਸ ਰਾਹੀਂ ਜਾ ਰਹੀ ਸੀ। ਇਕ ਤਾਂ ਉਹ ਪ੍ਰੀਖਿਆ ਕਾਰਨ ਟੈਂਸ਼ਨ 'ਚ ਸੀ, ਉੱਤੋਂ ਟ੍ਰੇਨ ਵੀ ਤੈਅ ਸਮੇਂ 'ਤੇ ਨਾ ਪਹੁੰਚੀ। ਇਹ ਟ੍ਰੇਨ ਆਪਣੇ ਤੈਅ ਸਮੇਂ ਤੋਂ ਲਗਭਗ ਢਾਈ ਘੰਟੇ ਦੇਰੀ ਨਾਲ ਸਟੇਸ਼ਨ 'ਤੇ ਪਹੁੰਚੀ। ਪ੍ਰੀਖਿਆ ਕੇਂਦਰ 'ਤੇ ਰਿਪੋਰਟਿੰਗ ਦਾ ਸਮਾਂ ਦੁਪਹਿਰ 12:30 ਵਜੇ ਸੀ, ਪਰ ਟ੍ਰੇਨ ਦੀ ਦੇਰੀ ਕਾਰਨ ਸਮ੍ਰਿਧੀ ਸਮੇਂ ਸਿਰ ਕੇਂਦਰ 'ਤੇ ਨਹੀਂ ਪਹੁੰਚ ਸਕੀ ਅਤੇ ਉਸ ਦਾ ਪੂਰਾ ਸਾਲ ਖ਼ਰਾਬ ਹੋ ਗਿਆ।
ਇਹ ਵੀ ਪੜ੍ਹੋ- ਬੱਚਿਆਂ ਲਈ ਬੈਨ ਹੋਇਆ ਸੋਸ਼ਲ ਮੀਡੀਆ, ਇਸ ਦੇਸ਼ ਨੇ ਚੁੱਕਿਆ 'ਇਤਿਹਾਸਕ ਕਦਮ'
ਪ੍ਰੀਖਿਆ ਨਾ ਦੇਣ ਕਾਰਨ ਸਮ੍ਰਿਧੀ ਬੁਰੀ ਤਰ੍ਹਾਂ ਟੁੱਟ ਗਈ, ਪਰ ਉਸ ਨੇ ਹਾਰ ਨਹੀਂ ਮੰਨੀ। ਆਪਣੇ ਇਸ ਇਕ ਸਾਲ ਦੇ ਵੱਡੇ ਨੁਕਸਾਨ ਦੇ ਲਈ ਉਸ ਨੇ ਕਾਨੂੰਨੀ ਲੜਾਈ ਲੜਨ ਦਾ ਫ਼ੈਸਲਾ ਕੀਤਾ ਤੇ ਰੇਲਵੇ ਖ਼ਿਲਾਫ਼ ਕੰਜ਼ਿਊਮਰ ਕਮਿਸ਼ਨ ਕੋਲ ਸ਼ਿਕਾਇਤ ਕਰ ਦਿੱਤੀ ਤੇ ਰੇਲਵੇ ਤੋਂ 20 ਲੱਖ ਰੁਪਏ ਤੱਕ ਦੇ ਮੁਆਵਜ਼ੇ ਦੀ ਮੰਗ ਕੀਤੀ। ਕਮਿਸ਼ਨ ਨੇ ਦੋਵਾਂ ਧਿਰਾਂ ਦੀ ਸੁਣਵਾਈ ਮਗਰੋਂ ਇਹ ਮੰਨਿਆ ਕਿ ਟ੍ਰੇਨ ਸਮੇਂ ਸਿਰ ਪਹੁੰਚਣ 'ਚ ਅਸਫ਼ਲ ਰਹੀ, ਜਿਸ ਕਾਰਨ ਵਿਦਿਆਰਥਣ ਆਪਣੇ ਪ੍ਰੀਖਿਆ ਕੇਂਦਰ ਨਹੀਂ ਪਹੁੰਚ ਸਕੀ ਤੇ ਉਹ ਪ੍ਰੀਖਿਆ ਦੇਣ ਤੋਂ ਖੁੰਝ ਗਈ।
ਇਸ ਮਾਮਲੇ 'ਚ ਰੇਲਵੇ ਨੇ ਦੇਰੀ ਦੀ ਗੱਲ ਤਾਂ ਕਬੂਲੀ ਪਰ ਇਸ ਦਾ ਕੋਈ ਤਸੱਲੀਬਖਸ਼ ਕਾਰਨ ਪੇਸ਼ ਨਹੀਂ ਕਰ ਸਕਿਆ। 7 ਸਾਲਾਂ ਤੱਕ ਚੱਲੇ ਇਸ ਮਾਮਲੇ 'ਚ ਕਮਿਸ਼ਨ ਨੇ ਹੁਣ ਵੱਡਾ ਫ਼ੈਸਲਾ ਸੁਣਾਉਂਦੇ ਹੋਏ ਰੇਲਵੇ ਨੂੰ 45 ਦਿਨਾਂ ਦੇ ਅੰਦਰ ਵਿਦਿਆਰਥਣ ਨੂੰ 9.10 ਲੱਖ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਸੁਣਾਇਆ ਹੈ। ਕਮਿਸ਼ਨ ਨੇ ਇਹ ਵੀ ਕਿਹਾ ਕਿ ਜੇਕਰ ਇਸ ਸਮੇਂ ਦੇ ਅੰਦਰ ਭੁਗਤਾਨ ਨਹੀਂ ਕੀਤਾ ਜਾਂਦਾ ਤਾਂ ਰੇਲਵੇ ਨੂੰ 12 ਫੀਸਦੀ ਵਾਧੂ ਵਿਆਜ ਵੀ ਦੇਣਾ ਪਵੇਗਾ।
ਇਹ ਵੀ ਪੜ੍ਹੋ- ਹੋ ਗਈ ਮਹਾ Deal ! 150 ਤੋਂ ਜ਼ੀਰੋ ਹੋਇਆ Tariff, ਭਾਰਤ ਤੇ ਯੂਰਪੀ ਯੂਨੀਅਨ ਨੇ ਮਿਲਾਇਆ 'ਹੱਥ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
