ਮੁੰਬਈ ''ਚ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਦਾ ਕਹਿਰ, ਕਈ ਇਲਾਕਿਆਂ ''ਚ ਰੈੱਡ ਅਲਰਟ
Thursday, Aug 06, 2020 - 01:10 AM (IST)
ਮੁੰਬਈ : ਮਹਾਰਾਸ਼ਟਰ 'ਚ ਮੁੰਬਈ ਅਤੇ ਇਸ ਦੇ ਗੁਆਂਢੀ ਜ਼ਿਲ੍ਹਿਆਂ 'ਚ ਬੁੱਧਵਾਰ ਨੂੰ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਨੇ ਤਹਿਲਕਾ ਮਚਾ ਦਿੱਤਾ। ਪਾਣੀ ਭਰ ਜਾਣ ਨਾਲ ਆਵਾਜਾਈ ਸੇਵਾਵਾਂ ਠੱਪ ਹੋ ਗਈਆਂ, ਜਦਕਿ ਹਵਾਵਾਂ ਨਾਲ ਬੰਬਈ ਸਟਾਕ ਐਕਸਚੇਂਜ (ਬੀ.ਐੱਸ.ਈ.) ਭਵਨ ਦੇ ਉੱਪਰ ਲੱਗੇ ਬੋਰਡ ਨੁਕਸਾਨੇ ਗਏ। ਦੱਖਣੀ ਮੁੰਬਈ ਸਥਿਤ ਜਸਲੋਕ ਹਸਪਤਾਲ ਨੂੰ ਕਵਰ ਕਰਨ ਵਾਲੀ ਤਰਪਾਲ ਤੇਜ਼ ਹਵਾਵਾਂ ਨਾਲ ਉੱਡ ਗਈ। ਸਰਕਾਰੀ ਜੇ.ਜੇ. ਹਸਪਤਾਲ 'ਚ ਡਾਕਟਰਾਂ ਨੂੰ ਗੋਢਿਆਂ ਤੱਕ ਪਾਣੀ ਤੋਂ ਹੋ ਕੇ ਲੰਘਣਾ ਪਿਆ। ਨਵੀਂ ਮੁੰਬਈ 'ਚ ਡੀ.ਵਾਈ. ਪਾਟਿਲ ਸਟੇਡੀਅਮ ਦੇ ਛੱਤ ਦੀ ਚਾਦਰ ਤੇਜ਼ ਹਵਾਵਾਂ ਨਾਲ ਉੱਖੜ ਗਈ, ਉਥੇ ਹੀ ਗੁਆਂਢੀ ਰਾਇਗੜ੍ਹ ਜ਼ਿਲ੍ਹੇ ਦੇ ਨਹਾਵਾ ਸ਼ੇਵਾ 'ਚ ਸਥਿਤ ਜਵਾਹਰ ਲਾਲ ਨਹਿਰੂ ਪੋਰਟ ਟਰੱਸਟ 'ਤੇ ਤਾਇਨਾਤ ਤਿੰਨ ਉੱਚ ਸਮਰੱਥਾ ਦੀਆਂ ਕਰੇਨਾਂ ਤੇਜ਼ ਹਵਾਵਾਂ ਨਾਲ ਢਹਿ ਗਈਆਂ।
ਇਸ ਦੌਰਾਨ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨ.ਡੀ.ਆਰ.ਐੱਫ.) ਨੇ ਮਸਜਿਦ ਬੰਦਰ ਅਤੇ ਬਾਇਖਲਾ ਸਟੇਸ਼ਨਾਂ ਵਿਚਾਲੇ ਲੋਕਲ ਟਰੇਨ 'ਚ ਫਸੇ ਕਰੀਬ 150 ਮੁਸਾਫਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਚਰਨੀ ਰੋਡ ਸਟੇਸ਼ਨ ਕੋਲ ਇੱਕ ਦਰੱਖ਼ਤ ਡਿੱਗਣ ਨਾਲ ਅਤੇ ਚਿੰਗਾਰੀ ਨਾਲ ਅੱਗ ਲੱਗਣ ਨਾਲ ਤਾਰ ਅਤੇ ਉਪਕਰਣ ਨੁਕਸਾਨੇ ਗਏ। ਪੱਛਮੀ ਮਹਾਰਾਸ਼ਟਰ ਦੇ ਪੁਣੇ, ਸਤਾਰਾ ਅਤੇ ਕੋਲਹਾਪੁਰ ਜ਼ਿਲ੍ਹਿਆਂ 'ਚ ਵੀ ਮੀਂਹ ਪਿਆ।
ਮੋਦੀ ਨੇ ਹਾਲਾਤ 'ਤੇ ਉਧਵ ਨਾਲ ਕੀਤੀ ਗੱਲ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨਾਲ ਗੱਲਬਾਤ ਕਰ ਮੁੰਬਈ ਅਤੇ ਨੇੜਲੇ ਇਲਾਕਿਆਂ 'ਚ ਭਾਰੀ ਮੀਂਹ ਦੇ ਚੱਲਦੇ ਪੈਦਾ ਹਾਲਤ 'ਤੇ ਚਰਚਾ ਕੀਤੀ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।