ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ
Tuesday, Jan 19, 2021 - 03:38 PM (IST)

ਸ੍ਰੀ ਪਟਨਾ ਸਾਹਿਬ (ਰਣਦੀਪ ਸਿੰਘ, ਨਵਜੋਤ ਕੌਰ)- ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਵਿਸ਼ਾਲ ਨਗਰ ਕੀਰਤ ਗੁਰਦੁਆਰਾ ਗਊ ਘਾਟ ਤੋਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਲਈ ਸਜਾਇਆ ਗਿਆ ਹੈ। ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜੱਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਨੇ ਗੁਰਦੁਆਰਾ ਗਊ ਘਾਟ ਤੋਂ ਨਗਰ ਕੀਰਤਨ ਲਈ ਅਰਦਾਸ ਕੀਤੀ। ਉੱਥੇ ਹੀ ਮਹਾਰਾਸ਼ਟਰ ਤੋਂ ਸ੍ਰੀ ਪਟਨਾ ਸਾਹਿਬ ਵਿਖੇ ਪੁੱਜੇ ਸ਼ਰਧਾਲੂ ਵੀ ਬਹੁਤ ਸ਼ਰਧਾ ਨਾਲ ਕੀਰਤਨ ਕਰਦੇ ਹਨ।
ਸ੍ਰੀ ਪਟਨਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 354ਵੇਂ ਪਾਵਨ ਪ੍ਰਕਾਸ਼ ਦਿਹਾੜੇ ਦੀਆਂ ਖਾਸ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਕੜਾਕੇ ਦੀ ਠੰਡ ਦੇ ਬਾਵਜੂਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਪਟਨਾ ਸਾਹਿਬ ਵਿਖੇ ਲਗਾਤਾਰ ਸੰਗਤ ਪਹੁੰਚ ਰਹੀ ਹੈ। ਬੇਸ਼ੱਕ ਹਰ ਸਾਲ ਦੀ ਤਰ੍ਹਾਂ ਸੰਗਤ ’ਚ ਗੁਰਪੁਰਬ ਦਿਹਾੜੇ ਮੌਕੇ ਪਹਿਲਾਂ ਵਾਂਗ ਉਤਸ਼ਾਹ ਹੈ ਪਰ ਕੋਰੋਨਾ ਮਹਾਮਾਰੀ ਤੇ ਕਿਸਾਨਾਂ ਵਲੋਂ ਖੇਤੀ ਸਬੰਧੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਤੇ ਜਾ ਰਹੇ ਧਰਨਿਆਂ ਦਾ ਅਸਰ ਪਟਨਾ ਸਾਹਿਬ ਵਿਖੇ ਵੇਖਣ ਨੂੰ ਮਿਲ ਰਿਹਾ ਹੈ।