ਦੇਸ਼ ਦੀ ਸੇਵਾ ''ਚ ਤਾਇਨਾਤ ਜਵਾਨਾਂ ਲਈ CRPF ਦੀ 88ਵੀਂ (ਮਹਿਲਾ) ਬਟਾਲੀਅਨ ਵੱਲੋਂ ਰੱਖੜੀ ਦਾ ਵਿਸ਼ੇਸ਼ ਪ੍ਰੋਗਰਾਮ
Friday, Aug 28, 2026 - 11:19 PM (IST)
ਨਵੀਂ ਦਿੱਲੀ : ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ ਦੇਸ਼ ਦੀ ਸੇਵਾ ਵਿੱਚ ਲੱਗੇ ਜਵਾਨਾਂ ਲਈ 27 ਅਗਸਤ 2026 ਨੂੰ ਰੱਖੜੀ ਦੇ ਪਾਵਨ ਤਿਉਹਾਰ ਦੇ ਮੌਕੇ 'ਤੇ ਸੀ.ਆਰ.ਪੀ.ਐੱਫ. (CRPF) ਦੀ 88 (ਮਹਿਲਾ) ਬਟਾਲੀਅਨ ਵਿਖੇ ਇੱਕ ਵਿਸ਼ੇਸ਼ ਰੱਖੜੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਬਟਾਲੀਅਨ ਦੀ ਕਮਾਂਡੈਂਟ ਕਮਲ ਸਿਸੋਦੀਆ ਦੀ ਪਹਿਲਕਦਮੀ 'ਤੇ ਕਰਵਾਇਆ ਗਿਆ, ਜਿਸ ਵਿੱਚ ਬ੍ਰਹਮਾਕੁਮਾਰੀ ਸੰਸਥਾ ਦੀਆਂ ਭੈਣਾਂ, ਸਥਾਨਕ ਨਾਗਰਿਕਾਂ ਅਤੇ ਸੀ.ਆਰ.ਪੀ.ਐੱਫ. ਪਬਲਿਕ ਸਕੂਲ, ਦਵਾਰਕਾ (ਸੈਕਟਰ-16, ਨਵੀਂ ਦਿੱਲੀ) ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।
ਸਮਾਰੋਹ ਦੌਰਾਨ ਬ੍ਰਹਮਾਕੁਮਾਰੀ ਭੈਣਾਂ, ਸਥਾਨਕ ਲੋਕਾਂ ਅਤੇ ਸਕੂਲੀ ਬੱਚਿਆਂ ਨੇ ਸੀ.ਆਰ.ਪੀ.ਐੱਫ. ਦੇ ਜਵਾਨਾਂ ਦੇ ਗੁੱਟ 'ਤੇ ਰੱਖੜੀ ਬੰਨ੍ਹ ਕੇ ਉਨ੍ਹਾਂ ਪ੍ਰਤੀ ਆਪਣਾ ਪਿਆਰ, ਸਤਿਕਾਰ ਅਤੇ ਸ਼ੁਕਰਗੁਜ਼ਾਰੀ ਪ੍ਰਗਟ ਕੀਤੀ। ਉਨ੍ਹਾਂ ਨੇ ਜਵਾਨਾਂ ਦੀ ਸਿਹਤਮੰਦ, ਖੁਸ਼ਹਾਲ ਅਤੇ ਸੁਰੱਖਿਅਤ ਜ਼ਿੰਦਗੀ ਲਈ ਮੰਗਲਕਾਮਨਾਵਾਂ ਵੀ ਕੀਤੀਆਂ।
ਬਟਾਲੀਅਨ ਦੀ ਕਮਾਂਡੈਂਟ ਸ੍ਰੀਮਤੀ ਕਮਲ ਸਿਸੋਦੀਆ ਨੇ ਦੱਸਿਆ ਕਿ ਉਹ ਆਪਣੇ 26 ਸਾਲਾਂ ਦੇ ਸੇਵਾਕਾਲ ਦੌਰਾਨ ਅਜਿਹੇ ਪ੍ਰੋਗਰਾਮਾਂ ਦੇ ਆਯੋਜਨ ਲਈ ਲਗਾਤਾਰ ਯਤਨਸ਼ੀਲ ਰਹੀ ਹਨ। ਉਨ੍ਹਾਂ ਕਿਹਾ ਕਿ ਡਿਊਟੀ ਦੀਆਂ ਲੋੜਾਂ ਕਾਰਨ ਤਿਉਹਾਰਾਂ ਮੌਕੇ ਆਪਣੇ ਪਰਿਵਾਰਾਂ ਤੋਂ ਦੂਰ ਰਹਿਣ ਵਾਲੇ ਜਵਾਨਾਂ ਲਈ ਅਜਿਹੇ ਪ੍ਰੋਗਰਾਮ ਪਰਿਵਾਰਕ ਸਾਂਝ ਅਤੇ ਅਪਣੱਤ ਦਾ ਅਹਿਸਾਸ ਕਰਵਾਉਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਰੱਖੜੀ ਸਿਰਫ਼ ਇੱਕ ਧਾਗਾ ਬੰਨ੍ਹਣ ਦਾ ਤਿਉਹਾਰ ਨਹੀਂ ਹੈ, ਬਲਕਿ ਇਹ ਭਰੋਸੇ, ਸੁਰੱਖਿਆ, ਪਿਆਰ ਅਤੇ ਅਪਣੱਤ ਦੇ ਰਿਸ਼ਤੇ ਨੂੰ ਮਜ਼ਬੂਤ ਕਰਨ ਦਾ ਵੱਡਾ ਜ਼ਰੀਆ ਹੈ।
ਆਪਣੇ ਸੰਬੋਧਨ ਦੌਰਾਨ ਕਮਾਂਡੈਂਟ ਨੇ ਸੀ.ਆਰ.ਪੀ.ਐੱਫ. ਦੇ ਜਵਾਨਾਂ ਨੂੰ "ਦੇਸ਼ ਦੇ ਸ਼ਾਂਤੀ ਪ੍ਰਹਰੀ" ਅਤੇ ਬ੍ਰਹਮਾਕੁਮਾਰੀ ਭੈਣਾਂ ਨੂੰ ਸਮਾਜ ਵਿੱਚ ਸ਼ਾਂਤੀ, ਸਦਭਾਵਨਾ ਅਤੇ ਸਕਾਰਾਤਮਕਤਾ ਦਾ ਸੰਦੇਸ਼ ਦੇਣ ਵਾਲੀਆਂ "ਸ਼ਾਂਤੀ ਦੀਆਂ ਪ੍ਰਤੀਕ" ਵਜੋਂ ਦਰਸਾਇਆ। ਉਨ੍ਹਾਂ ਕਿਹਾ ਕਿ ਸਥਾਨਕ ਨਾਗਰਿਕਾਂ ਦੀ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਸੀ.ਆਰ.ਪੀ.ਐੱਫ. ਅਤੇ ਸਮਾਜ ਦੇ ਆਪਸੀ ਮਜ਼ਬੂਤ ਹੁੰਦੇ ਸਬੰਧਾਂ ਨੂੰ ਦਰਸਾਉਂਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਕੂਲੀ ਬੱਚਿਆਂ ਦੀ ਸ਼ਮੂਲੀਅਤ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਦੀ ਇਸ ਸਮਾਰੋਹ ਵਿੱਚ ਭਾਗੀਦਾਰੀ ਨਵੀਂ ਪੀੜ੍ਹੀ ਵਿੱਚ ਦੇਸ਼ ਭਗਤੀ, ਫ਼ਰਜ਼ ਅਤੇ ਸਤਿਕਾਰ ਦੀ ਭਾਵਨਾ ਪੈਦਾ ਕਰਨ ਦਾ ਇੱਕ ਮਹੱਤਵਪੂਰਨ ਸੰਦੇਸ਼ ਦਿੰਦੀ ਹੈ।
ਇਸ ਰੱਖੜੀ ਸਮਾਰੋਹ ਨੇ ਸੀ.ਆਰ.ਪੀ.ਐੱਫ. ਅਤੇ ਸਮਾਜ ਦੇ ਆਪਸੀ ਭਾਵਨਾਤਮਕ ਸਬੰਧਾਂ ਨੂੰ ਹੋਰ ਪੀਢਾ ਕੀਤਾ ਅਤੇ ਸ਼ਾਂਤੀ, ਸੁਰੱਖਿਆ, ਸੇਵਾ, ਭਾਈਚਾਰੇ ਤੇ ਦੇਸ਼ ਨਿਰਮਾਣ ਦਾ ਇੱਕ ਪ੍ਰੇਰਨਾਦਾਇਕ ਸੰਦੇਸ਼ ਦਿੱਤਾ। ਇਸ ਮੌਕੇ ਬਟਾਲੀਅਨ ਦੇ ਹੋਰ ਅਧਿਕਾਰੀ ਅਤੇ ਜਵਾਨ ਵੀ ਹਾਜ਼ਰ ਸਨ।
