ਜੀ-23 ਨੇਤਾਵਾਂ ਨਾਲ ਸੋਨੀਆ ਦੀ ਸੁਲ੍ਹਾ

Friday, Apr 29, 2022 - 12:04 PM (IST)

ਜੀ-23 ਨੇਤਾਵਾਂ ਨਾਲ ਸੋਨੀਆ ਦੀ ਸੁਲ੍ਹਾ

ਨਵੀਂ ਦਿੱਲੀ– ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਪਾਰਟੀ ਨੂੰ ਠੀਕ ਕਰਨ ’ਚ ਰੁੱਝੀ ਹੋਈ ਹੈ। ਭਾਵੇਂ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨਾਲ ਪਾਰਟੀ ਦੀ ਗੱਲਬਾਤ ਅਸਫਲ ਰਹੀ ਹੈ ਪਰ ਕਾਂਗਰਸ ਹਾਈ ਕਮਾਨ ਹੁਣ ਜੀ-23 ਵਜੋਂ ਜਾਣੇ ਜਾਂਦੇ ਆਪਣੇ ਨਾਰਾਜ਼ ਆਗੂਆਂ ਨੂੰ ਸ਼ਾਂਤ ਕਰਨ ਵਿੱਚ ਲੱਗੀ ਹੋਈ ਹੈ।

ਇਸ ਪ੍ਰਕਿਰਿਆ ਨੂੰ ਲਾਗੂ ਕਰਨ ਲਈ ਕਾਰਵਾਈ ਸ਼ੁਰੂ ਹੋ ਚੁਕੀ ਹੈ । ਰਾਹੁਲ ਗਾਂਧੀ ਦੇ ਵਿਦੇਸ਼ ਤੋਂ ਪਰਤਣ ਤੱਕ ਇਹ ਪੂਰੀ ਹੋ ਜਾਵੇਗੀ। ਮਈ ਦੇ ਅੱਧ ਵਿੱਚ ਉਦੇਪੁਰ ’ਚ ਹੋਣ ਵਾਲੇ ‘ਨਵ ਸੰਕਲਪ ਸਿਖਲਾਈ ਕੈਂਪ’ ਤੋਂ ਪਹਿਲਾਂ ਸੂਬਿਆਂ ਦੀਆਂ ਇਕਾਈਆਂ ਨੂੰ ਵੀ ਸੁਰਜੀਤ ਕੀਤਾ ਜਾਵੇਗਾ।

ਇਨ੍ਹਾਂ ਇਕਾਈਆਂ ਨੂੰ ਸੁਰਜੀਤ ਕਰਨ ਦਾ ਮੁੱਖ ਉਦੇਸ਼ ਉਨ੍ਹਾਂ ਜੀ-23 ਨੇਤਾਵਾਂ ਨੂੰ ਐਡਜਸਟ ਕਰਨਾ ਹੈ ਜਿਨ੍ਹਾਂ ਨੇ 2020 ਵਿਚ ਖਾਸ ਤੌਰ ’ਤੇ ਰਾਹੁਲ ਗਾਂਧੀ ਦੇ ਸਬੰਧ ਵਿਚ ਕਾਰਜਸ਼ੈਲੀ ’ਤੇ ਸਵਾਲ ਉਠਾਏ ਸਨ। ਰਾਹੁਲ ਗਾਂਧੀ ਦੀ ਗੈਰ ਮੌਜੂਦਗੀ ’ਚ ਸੋਨੀਆ ਗਾਂਧੀ ਲਗਾਤਾਰ ਮੀਟਿੰਗਾਂ ਕਰ ਕੇ ਨਵੀਆਂ ਨਿਯੁਕਤੀਆਂ ਕਰ ਰਹੀ ਹੈ।

ਉਨ੍ਹਾਂ ਜਿੱਥੇ ਇਸ ਹਫ਼ਤੇ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਵਿੱਚ ਲੀਡਰਸ਼ਿਪ ਤਬਦੀਲੀ ਕੀਤੀ ਹੈ, ਉੱਥੇ ਹੀ ਪਿਛਲੇ ਪੰਦਰਵਾੜੇ ਦੌਰਾਨ ਕੁਝ ਹੋਰ ਸੂਬਿਆਂ ਵਿੱਚ ਵੀ ਅਜਿਹਾ ਹੀ ਕੀਤਾ ਹੈ।

ਆਨੰਦ ਸ਼ਰਮਾ ਨੂੰ ਹਿਮਾਚਲ ਪ੍ਰਦੇਸ਼ ਦੀ ਪ੍ਰਚਾਰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ ਕਿਉਂਕਿ ਉੱਥੇ ਇਸ ਸਾਲ ਦੇ ਅੰਤ ਵਿੱਚ ਚੋਣਾਂ ਹੋਣੀਆਂ ਹਨ। ਇਹ ਦਰਸਾਉਂਦਾ ਹੈ ਕਿ ਚੀਜ਼ਾਂ ਸਹੀ ਦਿਸ਼ਾ ਵੱਲ ਜਾ ਰਹੀਆਂ ਹਨ। ਆਨੰਦ ਸ਼ਰਮਾ ਨੂੰ ਇਹ ਵੀ ਸੰਕੇਤ ਦਿੱਤਾ ਗਿਆ ਹੈ ਕਿ ਦੋ-ਸਾਲਾ ਚੋਣਾਂ ਦੌਰਾਨ ਜੁਲਾਈ ਦੇ ਆਸ-ਪਾਸ ਜਦੋਂ ਵੀ ਮੌਕਾ ਮਿਲੇਗਾ, ਉਨ੍ਹਾਂ ਨੂੰ ਰਾਜ ਸਭਾ ਦੀ ਸੀਟ ਦਿੱਤੀ ਜਾਵੇਗੀ।

ਆਨੰਦ ਸ਼ਰਮਾ ਨੇ ਹਾਲ ਹੀ ਵਿੱਚ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਸੀ ਜਦਕਿ ਭੁਪਿੰਦਰ ਸਿੰਘ ਹੁੱਡਾ ਨੇ ਕੁਝ ਹਫ਼ਤੇ ਪਹਿਲਾਂ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਜੀ-23 ਗਰੁੱਪ ਦੇ ਇਕ ਪ੍ਰਮੁੱਖ ਆਗੂ ਗੁਲਾਮ ਨਬੀ ਆਜ਼ਾਦ ਨੇ ਵੀ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ । ਹੁਣ ਉਨ੍ਹਾਂ ਦਾ ਰਵੱਈਆ ਨਰਮ ਹੈ। ਉਹ ਵਿਦੇਸ਼ ਦੌਰੇ ਤੋਂ ਪਰਤੇ ਹਨ । ਜੰਮੂ-ਕਸ਼ਮੀਰ ਦੀਆਂ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਅਹਿਮ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ।

ਆਜ਼ਾਦ ਸਿਰਫ਼ ਇੱਕ ਰਾਜ ਸਭਾ ਸੀਟ ਚਾਹੁੰਦੇ ਹਨ ਜਿਸ ਤੋਂ ਉਨ੍ਹਾਂ ਨੂੰ ਪਿਛਲੇ ਸਾਲ ਇਨਕਾਰ ਕਰ ਦਿੱਤਾ ਗਿਆ ਸੀ। ਮੁਕੁਲ ਵਾਸਨਿਕ ਹੁਣ ਜੀ-23 ਦਾ ਹਿੱਸਾ ਨਹੀਂ ਹਨ । ਉਹ ਮੁੜ ਤੋਂ ਗਾਂਧੀ ਪਰਿਵਾਰ ਦੇ ਨੇੜੇ ਆ ਗਏ ਹਨ। ਜਾਪਦਾ ਹੈ ਕਿ ਪਾਰਟੀ ਵਿੱਚ ਘੱਟੋ-ਘੱਟ ਜੂਨ-ਜੁਲਾਈ ਤੱਕ ਸ਼ਾਂਤੀ ਹੈ।


author

Rakesh

Content Editor

Related News