ਹਿਮਾਚਲ ’ਚ ਮੌਸਮ ਦਾ ਬਦਲਿਆ ਮਿਜਾਜ਼; ਬਾਰਾਲਾਚਾ ਦੱਰੇ ਸਮੇਤ ਪਹਾੜੀਆਂ ’ਤੇ ਬਰਫਬਾਰੀ, ਲਾਹੌਲ ’ਚ ਮੀਂਹ
Sunday, May 01, 2022 - 10:09 AM (IST)

ਮਨਾਲੀ (ਬਿਊਰੋ)– ਮੈਦਾਨੀ ਖੇਤਰ ਅੱਤ ਦੀ ਪੈ ਰਹੀ ਗਰਮੀ ਨਾਲ ਤਪ ਰਹੇ ਹਨ ਪਰ ਹਿਮਾਚਲ ਪ੍ਰਦੇਸ਼ ਦੇ ਪਹਾੜਾਂ ’ਚ ਮੌਸਮ ਮਹਿਰਬਾਨ ਹੋ ਗਿਆ ਹੈ। ਬਾਰਾਲਾਚਾ ਦੱਰੇ ਸਮੇਤ ਕੁਲੂ ਜ਼ਿਲੇ ਦੇ ਉੱਚਾਈ ਵਾਲੇ ਇਲਾਕਿਆਂ ’ਚ ਬਰਫਾਰੀ ਸ਼ੁਰੂ ਹੋ ਗਈ। ਮਨਾਲੀ-ਲੇਹ ਮਾਰਗ ’ਤੇ ਵਾਹਨਾਂ ਦੀ ਆਵਾਜਾਹੀ ਸਹੀ ਹੈ ਪਰ ਲਾਹੌਲ ’ਚ ਸ਼ੁਰੂ ਪੈ ਰਹੇ ਮੀਂਹ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਸੈਲਾਨੀਆਂ ਨੂੰ ਸਫਰ ਨਾ ਕਰਨ ਦੀ ਸਲਾਹ ਦਿੱਤੀ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਆਉਣ ਵਾਲੇ 2-3 ਦਿਨ ਮੌਸਮ ਖਰਾਬ ਰਹੇਗਾ।
ਵੀਕੈਂਡ ਦੇ ਚਲਦਿਆਂ ਸੈਲਾਨੀ ਨਗਰੀ ਮਨਾਲੀ ’ਚ ਸੈਲਾਨੀਆਂ ਦੀ ਆਮਦ ਵਧੀ ਹੈ। ਸ਼ਨੀਵਾਰ ਨੂੰ ਸਨੋਅ ਪੁਆਇੰਟ ਬਣੇ ਲਾਹੌਲ ਦੇ ਕੋਕਸਰ ’ਚ ਡੇਢ ਹਜ਼ਾਰ ਤੋਂ ਵੱਧ ਸੈਲਾਨੀ ਵਾਹਨਾਂ ਨੇ ਦਸਤਕ ਦਿੱਤੀ। ਕੁਝ ਸੈਲਾਨੀਆਂ ਨੇ ਰੋਹਤਾਂਗ ਦਾ ਰੁਖ਼ ਕੀਤਾ ਅਤੇ ਸਾਗੂ ਫਾਲ ’ਚ ਬਰਫਬਾਰੀ ਦਾ ਆਨੰਦ ਮਾਣਿਆ। ਸੈਰ-ਸਪਾਟਾ ਨਗਰੀ ਮਨਾਲੀ ਦੇ ਸਥਲ ਵੀ ਸੈਲਾਨੀਆਂ ਨਾਲ ਚਹਿਕ ਉਠੇ ਹਨ। 15 ਮਈ ਤੱਕ ਸਮਰ ਸੀਜ਼ਨ ਦੇ ਹੋਰ ਰਫ਼ਤਾਰ ਫੜਨ ਦੀ ਉਮੀਦ ਹੈ।
ਰੋਹਤਾਂਗ ਦੱਰੇ ’ਤੇ ਵੀ ਬਰਫ਼ਬਾਰੀ ਦਾ ਦੌਰ ਸ਼ੁਰੂ ਹੋ ਗਿਆ ਹੈ। ਮੌਸਮ ਦੇ ਮਿਜਾਜ਼ ਬਦਲਣ ਨਾਲ ਹਿਮਾਚਲ ਪ੍ਰਦੇਸ਼ ਦੇ ਹੋਰ ਹਿੱਸਿਆਂ ਸਮੇਤ ਉੱਤਰੀ ਭਾਰਤ ’ਚ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਜਾਗੀ ਹੈ। ਗਰਮੀ ਨਾਲ ਹਰ ਕੋਈ ਬੇਹਾਲ ਹੈ। ਜੇਕਰ ਮੀਂਹ ਅਤੇ ਬਰਫ਼ਬਾਰੀ ਹੁੰਦੀ ਰਹੀ ਤਾਂ ਉੱਤਰੀ ਭਾਰਤ ’ਚ ਗਰਮੀ ਤੋਂ ਰਾਹਤ ਮਿਲ ਸਕਦੀ ਹੈ।