ਕਸ਼ਮੀਰ ''ਚ 5 ਤੋਂ 6 ਇੰਚ ਤੱਕ ਬਰਫਬਾਰੀ, ਜੰਮੂ ''ਚ ਮੀਂਹ

Sunday, May 12, 2019 - 03:13 AM (IST)

ਕਸ਼ਮੀਰ ''ਚ 5 ਤੋਂ 6 ਇੰਚ ਤੱਕ ਬਰਫਬਾਰੀ, ਜੰਮੂ ''ਚ ਮੀਂਹ

ਸ਼੍ਰੀਨਗਰ/ਜੰਮੂ, (ਏਜੰਸੀਆਂ, ਰੋਸ਼ਨੀ)— ਕਸ਼ਮੀਰ ਵਾਦੀ ਵਿਚ ਬਰਫਬਾਰੀ ਹੋਣ ਅਤੇ ਜੰਮੂ ਖੇਤਰ ਵਿਚ ਮੀਂਹ ਪੈਣ ਕਾਰਨ ਮੌਸਮ ਨੇ ਅਚਾਨਕ ਰੰਗ ਬਦਲ ਲਿਆ ਹੈ। ਪੰਜਾਬ ਵਿਚ ਵੀ ਪਿਛਲੇ 24 ਘੰਟਿਆਂ ਦੌਰਾਨ ਕਈ ਥਾਵਾਂ 'ਤੇ ਬੱਦਲ ਛਾਏ ਰਹੇ ਅਤੇ ਕਿਤੇ-ਕਿਤੇ ਬੂੰਦਾਬਾਂਦੀ ਹੋਈ। ਜੰਮੂ-ਸ਼੍ਰੀਨਗਰ ਸੜਕ ਢਿੱਗਾਂ ਡਿੱਗਣ ਕਾਰਨ ਸ਼ਨੀਵਾਰ ਤੀਜੇ ਦਿਨ ਵੀ ਬੰਦ ਰਹੀ। ਇਸ ਸੜਕ 'ਤੇ 3000 ਤੋਂ ਵੱਧ ਮੋਟਰ ਗੱਡੀਆਂ ਸ਼ਨੀਵਾਰ ਰਾਤ ਤੱਕ ਫਸੀਆਂ ਹੋਈਆਂ ਸਨ।
ਜਾਣਕਾਰੀ ਮੁਤਾਬਕ ਕਸ਼ਮੀਰ ਨੂੰ ਜੰਮੂ ਖੇਤਰ ਨਾਲ ਜੋੜਨ ਵਾਲੀ 86 ਕਿਲੋਮੀਟਰ ਲੰਬੀ ਮੁਗਲ ਰੋਡ ਨੂੰ ਵੀ ਬਰਫਬਾਰੀ ਕਾਰਨ ਸ਼ਨੀਵਾਰ ਮੋਟਰ ਗੱਡੀਆਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ। ਪੀਰ ਦੀ ਗਲੀ ਸਮੇਤ ਕਈ ਥਾਵਾਂ 'ਤੇ 5 ਤੋਂ 6 ਇੰਚ ਤੱਕ ਬਰਫਬਾਰੀ ਹੋਈ ਹੈ। ਬਰਫ ਨੂੰ ਹਟਾਉਣ ਦਾ ਕੰਮ ਸ਼ਨੀਵਾਰ ਰਾਤ ਤੱਕ ਚੱਲ ਰਿਹਾ ਸੀ।
ਜੰਮੂ ਦੇ ਲੋਕਾਂ ਨੂੰ ਸ਼ਨੀਵਾਰ ਹਲਕੀ ਵਰਖਾ ਹੋਣ ਕਾਰਨ ਗਰਮੀ ਤੋਂ ਕੁਝ ਰਾਹਤ ਮਿਲੀ। ਐਤਵਾਰ ਸ਼ਾਮ ਤੱਕ ਵੀ ਇਥੇ ਹਲਕੀ ਵਰਖਾ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਸ਼ਨੀਵਾਰ ਸਵੇਰੇ ਸ਼ਹਿਰ ਵਿਚ ਸੰਘਣੇ ਕਾਲੇ ਬੱਦਲ ਛਾ ਗਏ ਅਤੇ ਮੌਸਮ ਸੁਹਾਵਣਾ ਹੋ ਗਿਆ।


author

KamalJeet Singh

Content Editor

Related News