ਭਾਰਤ-ਜਾਪਾਨ ਭਾਈਵਾਲੀ 'ਚ ਬੇਮਿਸਾਲ ਬਦਲਾਅ ਲਿਆਉਣ ਵਾਲੇ ਸ਼ਿੰਜੋ ਆਬੇ ਨਹੀਂ ਰਹੇ

Saturday, Jul 09, 2022 - 01:01 PM (IST)

ਭਾਰਤ-ਜਾਪਾਨ ਭਾਈਵਾਲੀ 'ਚ ਬੇਮਿਸਾਲ ਬਦਲਾਅ ਲਿਆਉਣ ਵਾਲੇ ਸ਼ਿੰਜੋ ਆਬੇ ਨਹੀਂ ਰਹੇ

ਨਰਿੰਦਰ ਮੋਦੀ (ਪ੍ਰਧਾਨ ਮੰਤਰੀ ਭਾਰਤ)

ਨਵੀਂ ਦਿੱਲੀ- ਸ਼ਿੰਜੋ ਆਬੇ-ਜਾਪਾਨ ਦੇ ਇਕ ਉੱਤਮ ਰਾਜਨੇਤਾ, ਇਕ ਮਹਾਨ ਵਿਸ਼ਵ ਪੱਧਰੀ ਸਿਆਸੀ ਆਗੂ ਅਤੇ ਭਾਰਤ-ਜਾਪਾਨ ਦੋਸਤੀ ਦੇ ਪ੍ਰਬਲ ਹਮਾਇਤੀ-ਹੁਣ ਸਾਡੇ ਦਰਮਿਆਨ ਨਹੀਂ ਹਨ। ਜਾਪਾਨ ਅਤੇ ਪੂਰੀ ਦੁਨੀਆ ਨੇ ਇਕ ਮਹਾਨ ਦੂਰਦਰਸ਼ੀ ਸਿਆਸੀ ਆਗੂ ਨੂੰ ਅਤੇ ਮੈਂ ਆਪਣੇ ਇਕ ਬਹੁਤ ਹੀ ਪਿਆਰੇ ਮਿੱਤਰ ਨੂੰ ਗਵਾ ਦਿੱਤਾ ਹੈ। ਮੈਂ ਸਾਲ 2007 ’ਚ ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ’ਚ ਜਾਪਾਨ ਦੀ ਆਪਣੀ ਯਾਤਰਾ ਦੌਰਾਨ ਪਹਿਲੀ ਵਾਰ ਉਨ੍ਹਾਂ ਨੂੰ ਮਿਲਿਆ ਸੀ। ਉਸ ਪਹਿਲੀ ਮੁਲਾਕਾਤ ਦੇ ਬਾਅਦ ਤੋਂ ਹੀ ਸਾਡੀ ਦੋਸਤੀ ਦਫ਼ਤਰ ਦੀਆਂ ਸਮੁੱਚੀਆਂ ਰਸਮਾਂ ਅਤੇ ਅਧਿਕਾਰਕ ਪ੍ਰੋਟੋਕਾਲ ਦੇ ਬੰਧਨਾਂ ਤੋਂ ਕਿਤੇ ਅੱਗੇ ਨਿਕਲ ਗਈ ਸੀ। ਕਿਊਟੀ ’ਚ ਤੋਜੀ ਮੰਦਿਰ ਦਾ ਦਰਸ਼ਨ ਕਰਨਾ, ਸ਼ਿੰਕਾਨਸੇਨ ’ਤੇ ਸਾਡੀ ਟ੍ਰੇਨ ਯਾਤਰਾ, ਅਹਿਮਦਾਬਾਦ ’ਚ ਸਾਬਰਮਤੀ ਆਸ਼ਰਮ ਦੀ ਸਾਡੀ ਯਾਤਰਾ, ਕਾਸ਼ੀ ’ਚ ਗੰਗਾ ਆਰਤੀ, ਟੋਕੀਓ ’ਚ ਵਿਸਤ੍ਰਿਤ ਚਾਹ ਸਮਾਗਮ, ਸਾਡੀਆਂ ਯਾਦਗਾਰ ਮੁਲਾਕਾਤਾਂ ਦੀ ਸੂਚੀ ਅਸਲ ’ਚ ਬੇਹੱਦ ਲੰਬੀ ਹੈ।

ਓਧਰ ਹੀ ਮਾਊਂਟ ਫੂਜੀ ਦੇ ਕੰਢੇ ’ਤੇ ਵਸੇ ਯਮਨਾਸ਼ੀ ਸੂਬੇ ’ਚ ਉਨ੍ਹਾਂ ਦੇ ਪਰਿਵਾਰਕ ਘਰ ’ਚ ਸੱਦਾ ਦਿੱਤੇ ਜਾਣ ਦੇ ਵਿਲੱਖਣ ਸਨਮਾਨ ਨੂੰ ਮੈਂ ਹਮੇਸ਼ਾ ਸੰਜੋ ਕੇ ਰੱਖਾਂਗਾ। ਇੱਥੋਂ ਤੱਕ ਕਿ ਜਦੋਂ ਉਹ ਸਾਲ 2007 ਅਤੇ ਸਾਲ 2012 ਦੇ ਦਰਮਿਆਨ ਅਤੇ ਹਾਲ ਹੀ ’ਚ ਸਾਲ 2020 ਦੇ ਬਾਅਦ ਜਾਪਾਨ ਦੇ ਪ੍ਰਧਾਨ ਮੰਤਰੀ ਨਹੀਂ ਸਨ, ਉਦੋਂ ਵੀ ਸਾਡਾ ਨਿੱਜੀ ਲਗਾਅ ਹਮੇਸ਼ਾ ਦੇ ਵਾਂਗ ਬੇਹੱਦ ਮਜ਼ਬੂਤ ਬਣਿਆ ਰਿਹਾ। ਆਬੇ ਨਾਲ ਹਰ ਮੁਲਾਕਾਤ ਬੌਧਿਕ ਤੌਰ ’ਤੇ ਬੜੀ ਹੀ ਪ੍ਰੇਰਨਾਦਾਇਕ ਹੁੰਦੀ ਸੀ। ਉਹ ਸ਼ਾਸਨ, ਅਰਥਵਿਵਸਥਾ, ਸੱਭਿਆਚਾਰ, ਵਿਦੇਸ਼ ਨੀਤੀ ਅਤੇ ਵੱਖ-ਵੱਖ ਹੋਰਨਾਂ ਵਿਸ਼ਿਆਂ ’ਤੇ ਨਵੇਂ ਵਿਚਾਰਾਂ ਅਤੇ ਵਡਮੁੱਲੀਆਂ ਜਾਣਕਾਰੀਆਂ ਤੋਂ ਹਮੇਸ਼ਾ ਜਾਣੂ ਰਹਿੰਦੇ ਸਨ। ਉਨ੍ਹਾਂ ਦੇ ਸਲਾਹਕਾਰ ਨੇ ਮੈਨੂੰ ਗੁਜਰਾਤ ਦੇ ਆਰਥਿਕ ਬਦਲਾਂ ਦੇ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੇ ਸਮਰਥਨ ਨੇ ਜਾਪਾਨ ਦੇ ਨਾਲ ਗੁਜਰਾਤ ਦੀ ਜੀਵੰਤ ਭਾਈਵਾਲੀ ਦੇ ਨਿਰਮਾਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ।

ਇਹ ਵੀ ਪੜ੍ਹੋ: ਫੇਸਬੁੱਕ ਤੇ ਟਵਿਟਰ ਨੇ ਸ਼ਿੰਜੋ ਆਬੇ ’ਤੇ ਹਮਲੇ ਨਾਲ ਸਬੰਧਤ ਵੀਡੀਓਜ਼ ਨੂੰ ਹਟਾਇਆ

ਬਾਅਦ ’ਚ, ਭਾਰਤ ਅਤੇ ਜਾਪਾਨ ਦਰਮਿਆਨ ਰਣਨੀਤਕ ਭਾਈਵਾਲੀ ’ਚ ਸ਼ਾਨਦਾਰ ਬਦਲ ਲਿਆਉਣ ਲਈ ਉਨ੍ਹਾਂ ਦੇ ਨਾਲ ਕੰਮ ਕਰਨਾ ਮੇਰੇ ਲਈ ਖੁਸ਼ਕਿਸਮਤੀ ਦੀ ਗੱਲ ਸੀ। ਕਾਫੀ ਹੱਦ ਤੱਕ ਸੌੜੇ ਅਤੇ ਦੋ-ਪੱਖੀ ਆਰਥਿਕ ਸਬੰਧਾਂ ਨਾਲ, ਆਬੇ ਸਾਨ ਨੇ ਇਸ ਨੂੰ ਇਕ ਵਿਸਥਾਰਤ ਤੇ ਵਿਆਪਕ ਸਬੰਧ ਦੇ ਰੂਪ ’ਚ ਵਿਕਸਿਤ ਕਰਨ ’ਚ ਮਦਦ ਕੀਤੀ, ਜਿਸਨੇ ਨਾ ਸਿਰਫ ਰਾਸ਼ਟਰੀ ਕੋਸ਼ਿਸ਼ ਦੇ ਹਰ ਖੇਤਰ ਨੂੰ ਕਵਰ ਕੀਤਾ, ਸਗੋਂ ਇਹ ਦੋਵੇਂ ਦੇਸ਼ਾਂ ਦੇ ਨਾਲ ਪੂਰੇ ਖੇਤਰ ਦੀ ਸੁਰੱਖਿਆ ਲਈ ਮਹੱਤਵਪੂਰਨ ਬਣ ਗਿਆ। ਉਨ੍ਹਾਂ ਲਈ ਇਹ ਦੋਵਾਂ ਦੇਸ਼ਾਂ ਅਤੇ ਦੁਨੀਆ ਦੇ ਲੋਕਾਂ ਲਈ ਨਤੀਜੇ ਦੇ ਆਧਾਰ ’ਤੇ ਬਣਨ ਵਾਲੇ ਸਭ ਤੋਂ ਮਹੱਤਵਪੂਰਨ ਸਬੰਧਾਂ ’ਚੋਂ ਇਕ ਸੀ। ਉਹ ਭਾਰਤ ਦੇ ਨਾਲ ਗੈਰ-ਫੌਜੀ ਪ੍ਰਮਾਣੂ ਸਮਝੌਤੇ ਨੂੰ ਅੱਗੇ ਵਧਾਉਣ ਦੇ ਪ੍ਰਤੀ ਦ੍ਰਿੜ੍ਹ ਸਨ, ਇਹ ਫੈਸਲਾ ਉਨ੍ਹਾਂ ਦੇ ਦੇਸ਼ ਦੇ ਸਭ ਤੋਂ ਔਖੇ ਫੈਸਲਿਆਂ ’ਚੋਂ ਇਕ ਸੀ ਅਤੇ ਉਹ ਭਾਰਤ ’ਚ ਹਾਈ ਸਪੀਡ ਰੇਲ ਦੇ ਲਈ ਸਭ ਤੋਂ ਨਰਮ ਸ਼ਰਤਾਂ ਦੀ ਪੇਸ਼ਕਸ਼ ਕਰਨ ’ਚ ਫੈਸਲਾਕੁੰਨ ਰਹੇ। ਆਜ਼ਾਦ ਭਾਰਤ ਦੀ ਯਾਤਰਾ ’ਚ ਸਭ ਤੋਂ ਮਹੱਤਵਪੂਰਨ ਪ੍ਰਾਪਤੀਆਂ ’ਚੋਂ ਇਕ ਦੇ ਰੂਪ ’ਚ ਉਨ੍ਹਾਂ ਨੇ ਯਕੀਨੀ ਬਣਾਇਆ ਕਿ ਜੇਕਰ ਨਿਊ ਇੰਡੀਆ ਆਪਣੇ ਵਿਕਾਸ ਦੀ ਰਫਤਾਰ ਤੇਜ਼ ਕਰਦਾ ਹੈ ਤਾਂ, ਜਾਪਾਨ ਇਸ ਦੇ ਨਾਲ-ਨਾਲ ਮੌਜੂਦ ਰਹੇਗਾ। ਭਾਰਤ-ਜਾਪਾਨ ਸਬੰਧਾਂ ’ਚ ਉਨ੍ਹਾਂ ਦੇ ਯੋਗਦਾਨ ਲਈ 2021 ’ਚ ਉਨ੍ਹਾਂ ਨੂੰ ਵੱਕਾਰੀ ਪਦਮਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।

ਆਬੇ  ਨੂੰ ਦੁਨੀਆ ’ਚ ਹੋ ਰਹੀਆਂ ਔਖੀਆਂ ਅਤੇ ਵੱਖ-ਵੱਖ ਤਬਦੀਲੀਆਂ ਵਾਲੀ ਗੂੜ੍ਹੀ ਅੰਤਰਦ੍ਰਿਸ਼ਟੀ ਸੀ, ਸਿਆਸਤ, ਸਮਾਜ, ਅਰਥਵਿਵਸਥਾ ਅਤੇ ਕੌਮਾਂਤਰੀ ਸਬੰਧਾਂ ’ਤੇ ਇਸ ਦੇ ਪ੍ਰਭਾਵ ਨੂੰ ਦੇਖਣ ਲਈ ਆਪਣੇ ਸਮੇਂ ਤੋਂ ਅੱਗੇ ਹੋਣ ਦਾ ਨਜ਼ਰੀਆ, ਉਨ੍ਹਾਂ ਬਦਲਾਂ ਨੂੰ ਜਾਣਨ ਦਾ ਗਿਆਨ, ਜਿਨ੍ਹਾਂ ਨੂੰ ਪੇਸ਼ ਕੀਤਾ ਜਾਣਾ ਸੀ, ਰਵਾਇਤਾਂ ਦੇ ਬਾਵਜੂਦ ਸਪੱਸ਼ਟ ਅਤੇ ਦਲੇਰੀਪੂਰਨ ਫੈਸਲੇ ਲੈਣ ਦੀ ਸਮਰੱਥਾ ਅਤੇ ਆਪਣੇ ਦੇਸ਼ਵਾਸੀਆਂ ਅਤੇ ਦੁਨੀਆ ਦੇ ਲੋਕਾਂ ਨੂੰ ਆਪਣੇ ਨਾਲ ਲੈ ਕੇ ਚੱਲਣ ਦੀ ਦੁਰਲੱਭ ਸਮਰੱਥਾ। ਉਨ੍ਹਾਂ ਦੀਆਂ ਦੂਰਗਾਮੀ ਨੀਤੀਆਂ-ਏਬੇਨਾਮਿਕਸ-ਨੇ ਜਾਪਾਨੀ ਅਰਥਵਿਵਸਥਾ ਨੂੰ ਮੁੜ ਤੋਂ ਮਜ਼ਬੂਤ ਕੀਤਾ ਅਤੇ ਆਪਣੇ ਲੋਕਾਂ ਦੇ ਨਵਾਚਾਰ ਅਤੇ ਉੱਦਮਿਤਾ ਦੀ ਭਾਵਨਾ ਨੂੰ ਫਿਰ ਤੋਂ ਪ੍ਰਜਵੱਲਿਤ ਕੀਤਾ। ਉਨ੍ਹਾਂ ਵੱਲੋਂ ਸਾਨੂੰ ਦਿੱਤਾ ਗਿਆ ਸਭ ਤੋਂ ਵਡਮੁੱਲਾ ਤੋਹਫਾ ਅਤੇ ਉਨ੍ਹਾਂ ਦੀ ਸਭ ਤੋਂ ਸਥਾਈ ਵਿਰਾਸਤ ਜਿਸ ਦੇ ਲਈ ਦੁਨੀਆ ਹਮੇਸ਼ਾ ਉਨ੍ਹਾਂ ਦੀ ਕਰਜ਼ਦਾਰ ਰਹੇਗੀ, ਹੈ-ਸਾਡੇ ਮੌਜੂਦਾ ਸਮੇਂ ’ਚ ਬਦਲਦੇ ਜਵਾਰ ਅਤੇ ਉੱਠਦੇ ਤੂਫਾਨਾਂ ਨੂੰ ਪਛਾਣਨ ਦੀ ਉਨ੍ਹਾਂ ਦੀ ਦੂਰਦਰਸ਼ਿਤਾ ਅਤੇ ਇਨ੍ਹਾਂ ਨਾਲ ਨਜਿੱਠਣ ਦੀ ਉਨ੍ਹਾਂ ਦੀ ਅਗਵਾਈ ਸਮਰੱਥਾ। ਦੂਜਿਆਂ ਦੀ ਤੁਲਨਾ ’ਚ ਬਹੁਤ ਹੀ ਪਹਿਲਾਂ, ਉਨ੍ਹਾਂ ਨੇ 2007 ’ਚ ਭਾਰਤੀ ਸੰਸਦ ’ਚ ਦਿੱਤੇ ਗਏ ਆਪਣੇ ਇਕ ਮੌਲਿਕ ਭਾਸ਼ਣ ਦੇ ਰਾਹੀਂ ਇਕ ਸਮਕਾਲੀਨ ਸਿਆਸੀ, ਰਣਨੀਤਕ ਅਤੇ ਆਰਥਿਕ ਵਾਸਤਵਿਕਤਾ ਦੇ ਰੂਪ ’ਚ ਹਿੰਦ-ਪ੍ਰਸ਼ਾਂਤ ਖੇਤਰ, ਇਕ ਅਜਿਹਾ ਖੇਤਰ ਜੋ ਇਸ ਸਦੀ ’ਚ ਦੁਨੀਆ ਨੂੰ ਵੀ ਨਵਾਂ ਆਕਾਰ ਦੇਵੇਗਾ, ਦੇ ਪੈਦਾ ਹੋਣ ਦਾ ਆਧਾਰ ਤਿਆਰ ਕੀਤਾ ਸੀ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਜਾਪਾਨ ਦੇ ਸਾਬਕਾ PM ਸ਼ਿੰਜੋ ਆਬੇ ਦਾ ਗੋਲੀ ਲੱਗਣ ਕਾਰਨ ਹੋਇਆ ਦਿਹਾਂਤ

ਇਸ ਦੇ ਸਥਿਰ ਤੇ ਸੁਰੱਖਿਅਤ ਅਤੇ ਸ਼ਾਂਤੀਪੂਰਨ ਤੇ ਖੁਸ਼ਹਾਲ ਭਵਿੱਖ ਲਈ ਇਕ ਢਾਂਚਾ ਜੋ ਕਿ ਉਨ੍ਹਾਂ ਵੱਲੋਂ ਡੂੰਘਾਈ ਨਾਲ ਪਾਲੇ ਗਏ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦੇ ਪ੍ਰਤੀ ਸਨਮਾਨ, ਕੌਮਾਂਤਰੀ ਕਾਨੂੰਨਾਂ ਤੇ ਨਿਯਮਾਂ ਦੀ ਪਾਲਣਾ, ਡੂੰਘੇ ਆਰਥਿਕ ਲਗਾਅ ਦੇ ਰਾਹੀਂ ਬਰਾਬਰੀ ਤੇ ਸਾਂਝੀ ਖੁਸ਼ਹਾਲੀ ਦੀ ਭਾਵਨਾ ਦੇ ਅਨੁਸਾਰ ਕੌਮਾਂਤਰੀ ਸਬੰਧਾਂ ਦਾ ਸ਼ਾਂਤੀਪੂਰਨ ਲਾਗੂਕਰਨ ਦੀਆਂ ਕਦਰਾਂ-ਕੀਮਤਾਂ ’ਤੇ ਆਧਾਰਿਤ ਸਨ, ਨੂੰ ਤਿਆਰ ਕਰਨ ਦੇ ਕੰਮ ਦੀ ਉਨ੍ਹਾਂ ਨੇ ਸਭ ਤੋਂ ਅੱਗੇ ਵਧ ਕੇ ਅਗਵਾਈ ਕੀਤੀ। ਕਵਾਡ, ਆਸਿਆਨ ਦੀ ਅਗਵਾਈ ਵਾਲੇ ਮੰਚ, ਇੰਡੋ-ਪੈਸੇਫਿਕ ਓਸ਼ਨ ਇਨੀਸ਼ੀਏਟਿਵ, ਏਸ਼ੀਆ-ਅਫਰੀਕਾ ਗ੍ਰੋਥ ਕਾਰੀਡੋਰ ਅਤੇ ਕੋਏਲਿਸ਼ਨ ਫਾਰ ਡਿਜ਼ਾਸਟਰ ਰੇਜਿਲਿਏਂਟ ਇੰਫਰਾਸਟ੍ਰੱਕਚਰ ਇਨ੍ਹਾਂ ਸਾਰਿਆਂ ਨੂੰ ਉਨ੍ਹਾਂ ਦੇ ਯੋਗਦਾਨ ਤੋਂ ਲਾਭ ਹੋਇਆ। ਚੁੱਪਚਾਪ ਅਤੇ ਬਿਨਾਂ ਕਿਸੇ ਰੌਲੇ-ਰੱਪੇ ਦੇ ਅਤੇ ਘਰੇਲੂ ਝਿਜਕ ਅਤੇ ਵਿਦੇਸ਼ਾਂ ’ਚ ਹੋਣ ਵਾਲੇ ਸ਼ੱਕ ’ਤੇ ਕਾਬੂ ਪਾਉਂਦੇ ਹੋਏ ਉਨ੍ਹਾਂ ਨੇ ਪੂਰੇ ਇੰਡੋ-ਪੈਸੇਫਿਕ ਖੇਤਰ ’ਚ ਰੱਖਿਆ, ਕੁਨੈਕਟੀਵਿਟੀ, ਮੁੱਢਲੇ ਢਾਂਚੇ ਅਤੇ ਸਥਿਰਤਾ ਸਮੇਤ ਵੱਖ-ਵੱਖ ਖੇਤਰਾਂ ’ਚ ਜਾਪਾਨ ਦੀ ਰਣਨੀਤਕ ਹਿੱਸੇਦਾਰੀ ਨੂੰ ਬਦਲ ਦਿੱਤਾ। ਇਸ ਕਾਰਨ ਇਹ ਖੇਤਰ ਆਪਣੀ ਕਿਸਮਤ ਪ੍ਰਤੀ ਵੱਧ ਆਸਵੰਦ ਹੈ ਅਤੇ ਇਹ ਦੁਨੀਆ ਆਪਣੇ ਭਵਿੱਖ ਦੇ ਬਾਰੇ ’ਚ ਬਹੁਤ ਆਸਵੰਦ ਹੈ।

ਇਸ ਸਾਲ ਮਈ ’ਚ ਆਪਣੀ ਜਾਪਾਨ ਯਾਤਰਾ ਦੌਰਾਨ ਮੈਨੂੰ ਆਬੇ ਨੂੰ ਮਿਲਣ ਦਾ ਮੌਕਾ ਪ੍ਰਾਪਤ ਹੋਇਆ ਸੀ। ਉਨ੍ਹਾਂ ਨੇ ਉਦੋਂ ਜਾਪਾਨ-ਭਾਰਤ ਸੰਘ ਦੇ ਪ੍ਰਧਾਨ ਦੇ ਰੂਪ ’ਚ ਅਹੁਦਾ ਸੰਭਾਲਿਆ ਹੀ ਸੀ। ਉਹ ਆਪਣੇ ਜਾਣੇ-ਪਛਾਣੇ ਸਰੂਪ ’ਚ ਮਿਲੇ- ਗਰਮਜੋਸ਼ੀ ਨਾਲ ਭਰੇ, ਕ੍ਰਿਸ਼ਮਈ ਅਤੇ ਹਾਸੇ ਨਾਲ ਭਰਪੂਰ। ਉਨ੍ਹਾਂ ਦੇ ਕੋਲ ਭਾਰਤ-ਜਾਪਾਨ ਦੀ ਮਿੱਤਰਤਾ ਨੂੰ ਹੋਰ ਮਜ਼ਬੂਤ ਕਰਨ ਦੇ ਬਾਰੇ ’ਚ ਕੁਝ ਇਨੋਵੇਟਿਵ ਆਇਡੀਆ ਸੀ। ਉਸ ਦਿਨ ਜਦੋਂ ਮੈਂ ਉਨ੍ਹਾਂ ਨੂੰ ਅਲਵਿਦਾ ਕਿਹਾ ਸੀ ਤਾਂ ਮੈਂ ਸੋਚਿਆ ਵੀ ਨਹੀਂ ਸੀ ਕਿ ਉਹ ਸਾਡੀ ਆਖਰੀ ਮੁਲਾਕਾਤ ਹੋਵੇਗੀ। ਮੈਂ ਉਨ੍ਹਾਂ ਦੀ ਗਰਮਜੋਸ਼ੀ ਅਤੇ ਬੁੱਧੀਮਤਾ, ਸ਼ਾਨ ਤੇ ਉਦਾਰਤਾ, ਦੋਸਤੀ ਅਤੇ ਮਾਰਗਦਰਸ਼ਨ ਲਈ ਹਮੇਸ਼ਾ ਕਰਜ਼ਦਾਰ ਰਹਾਂਗਾ ਅਤੇ ਮੈਨੂੰ ਉਨ੍ਹਾਂ ਦੀ ਬੜੀ ਯਾਦ ਆਵੇਗੀ। ਅਸੀਂ ਭਾਰਤ ’ਚ ਠੀਕ ਉਸੇ ਤਰ੍ਹਾਂ ਆਪਣੇ ਇਕ ਪਿਆਰੇ ਦੇ ਰੂਪ ’ਚ ਉਨ੍ਹਾਂ ਦੇ ਦਿਹਾਂਤ ’ਤੇ ਬੇਹੱਦ ਦੁਖੀ ਹਾਂ, ਜਿਸ ਤਰ੍ਹਾਂ ਉਨ੍ਹਾਂ ਨੇ ਸਾਨੂੰ ਖੁੱਲ੍ਹੇ ਦਿਲ ਨਾਲ ਗਲੇ ਲਾਇਆ ਸੀ। ਉਨ੍ਹਾਂ ਨੂੰ ਲੋਕਾਂ ਨੂੰ ਪ੍ਰੇਰਿਤ ਕਰਨਾ ਸਭ ਤੋਂ ਪਿਆਰਾ ਸੀ ਅਤੇ ਲੋਕਾਂ ਨੂੰ ਪ੍ਰੇਰਿਤ ਕਰਦੇ ਹੋਏ ਹੀ ਉਹ ਚਲੇ ਗਏ। ਉਨ੍ਹਾਂ ਦਾ ਜੀਵਨ ਬੇਸ਼ੱਕ ਹੀ ਦੁਖਦਾਈ ਤੌਰ ’ਤੇ ਅਚਾਨਕ ਖਤਮ ਹੋ ਗਿਆ ਪਰ ਉਨ੍ਹਾਂ ਦੀ ਵਿਰਾਸਤ ਹਮੇਸ਼ਾ ਕਾਇਮ ਰਹੇਗੀ। ਮੈਂ ਭਾਰਤ ਦੇ ਲੋਕਾਂ ਵੱਲੋਂ ਅਤੇ ਆਪਣੇ ਵੱਲੋਂ ਜਾਪਾਨ ਦੇ ਲੋਕਾਂ, ਖਾਸ ਤੌਰ ’ਤੇ ਸ਼੍ਰੀਮਤੀ ਅਕੀ ਆਬੇ ਅਤੇ ਉਨ੍ਹਾਂ ਦੇ ਪਰਿਵਾਰ ਦੇ ਪ੍ਰਤੀ ਹਾਰਦਿਕ ਹਮਦਰਦੀ ਪ੍ਰਗਟ ਕਰਦਾ ਹਾਂ। ਓਮ ਸ਼ਾਂਤੀ।

ਇਹ ਵੀ ਪੜ੍ਹੋ: ਸ਼ਿੰਜੋ ਆਬੇ ਦੇ ਰਹੇ ਸਨ ਭਾਸ਼ਣ, ਪਿੱਛਿਓਂ ਆਏ ਹਮਲਾਵਰ ਨੇ ਦਾਗੇ ਫਾਇਰ, ਵੀਡੀਓ ਆਈ ਸਾਹਮਣੇ


author

cherry

Content Editor

Related News