ਯੌਨ ਸ਼ੋਸ਼ਣ ਮਾਮਲਾ : ਹਰਿਆਣਾ ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਖ਼ਿਲਾਫ਼ ਦੋਸ਼ ਤੈਅ

Tuesday, Jul 30, 2024 - 10:40 AM (IST)

ਯੌਨ ਸ਼ੋਸ਼ਣ ਮਾਮਲਾ : ਹਰਿਆਣਾ ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਖ਼ਿਲਾਫ਼ ਦੋਸ਼ ਤੈਅ

ਚੰਡੀਗੜ੍ਹ (ਪ੍ਰੀਕਸ਼ਿਤ)- ਚੰਡੀਗੜ੍ਹ ਦੀ ਇਕ ਅਦਾਲਤ ਨੇ ਹਰਿਆਣਾ ਦੇ ਸਾਬਕਾ ਮੰਤਰੀ ਅਤੇ ਭਾਜਪਾ ਨੇਤਾ ਸੰਦੀਪ ਸਿੰਘ ਖਿਲਾਫ਼ ਜੂਨੀਅਰ ਮਹਿਲਾ ਕੋਚ ਨਾਲ ਯੌਨ ਸ਼ੋਸ਼ਣ ਦੇ ਮਾਮਲੇ 'ਚ ਸੋਮਵਾਰ ਨੂੰ ਦੋਸ਼ ਤੈਅ ਕੀਤੇ। ਹੁਣ ਇਸ ਮਾਮਲੇ ਦੀ ਸੁਣਵਾਈ 17 ਅਗਸਤ ਤੋਂ ਹੋਵੇਗੀ। ਸ਼ਿਕਾਇਤਕਰਤਾ ਦੇ ਵਕੀਲ ਦੀਪਾਂਸ਼ੂ ਬੰਸਲ ਨੇ ਦੱਸਿਆ ਕਿ ਵਧੀਕ ਮੁੱਖ ਨਿਆਂਇਕ ਮੈਜਿਸਟ੍ਰੇਟ ਰਾਹੁਲ ਗਰਗ ਦੀ ਅਦਾਲਤ ਨੇ ਸੰਦੀਪ ਸਿੰਘ ਵਲੋਂ ਦਾਇਰ ਦੋਸ਼ ਮੁਕਤ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ। ਬੰਸਲ ਨੇ ਦੱਸਿਆ ਕਿ ਸਾਬਕਾ ਖੇਡ ਮੰਤਰੀ ’ਤੇ ਆਈ. ਪੀ. ਸੀ. ਦੀਆਂ ਧਾਰਾਵਾਂ 354, 354 ਏ, 354 ਬੀ, 506 ਅਤੇ 509 ਤਹਿਤ ਦੋਸ਼ ਤੈਅ ਕੀਤੇ ਹਨ। ਉਨ੍ਹਾਂ ਨੇ ਦੱਸਿਆ ਕਿ ਅਦਾਲਤ ਨੇ ਮਾਮਲੇ ਵਿਚ ਧਾਰਾ-376 (ਬਲਾਤਕਾਰ) ਜੋੜ ਦੀ ਸ਼ਿਕਾਇਤਕਰਤਾ ਦੀ ਅਰਜ਼ੀ ਵੀ ਖਾਰਜ ਕਰ ਦਿੱਤੀ। 

ਇਹ ਮਾਮਲਾ ਹਰਿਆਣਾ ਦੀ ਇਕ ਜੂਨੀਅਰ ਐਥਲੈਟਿਕ ਕੋਚ ਵਲੋਂ ਭਾਜਪਾ ਨੇਤਾ ਸੰਦੀਪ ਸਿੰਘ ਖਿਲਾਫ਼ ਲਾਏ ਗਏ ਯੌਨ ਸ਼ੋਸ਼ਣ ਦੇ ਦੋਸ਼ਾਂ ਨਾਲ ਜੁੜਿਆ ਹੈ। ਸਾਬਕਾ ਭਾਰਤੀ ਹਾਕੀ ਕਪਤਾਨ ਸੰਦੀਪ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਇਸ ਮਾਮਲੇ ਵਿਚ ਫਸਾਇਆ ਗਿਆ ਹੈ। ਮਹਿਲਾ ਦੀ ਸ਼ਿਕਾਇਤ 'ਤੇ 31 ਦਸੰਬਰ 2022 ਨੂੰ ਸੈਕਟਰ-26 ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਸੀ। ਸੰਦੀਪ ਉਸ ਸਮੇਂ ਮੰਤਰੀ ਸਨ ਜਦੋਂ ਉਨ੍ਹਾਂ ਖਿਲਾਫ਼ ਸ਼ਿਕਾਇਤ ਦਰਜ ਕੀਤੀ ਗਈ ਸੀ। ਸ਼ਿਕਾਇਤਕਰਤਾ ਕੋਚ ਨੇ ਦੋਸ਼ ਲਾਇਆ ਸੀ ਕਿ 1 ਜੁਲਾਈ 2022 ਨੂੰ ਸਾਬਕਾ ਖੇਡ ਮੰਤਰੀ ਨੇ ਉਸ ਨੂੰ ਘਰ ਬੁਲਾਇਆ ਅਤੇ ਗ਼ਲਤ ਇਰਾਦਿਆਂ ਨਾਲ ਛੇੜਛਾੜ ਕੀਤੀ।


author

Tanu

Content Editor

Related News