ਸੀਵਰੇਜ ਪਲਾਂਟ ਦੀ ਸਫ਼ਾਈ ਕਰਦੇ ਮਜ਼ਦੂਰਾਂ ਨੂੰ ਚੜ੍ਹ ਗਈ ਗੈਸ ! 2 ਦੀ ਹੋਈ ਦਰਦਨਾਕ ਮੌਤ
Monday, Jul 27, 2026 - 03:51 PM (IST)
ਨੈਸ਼ਨਲ ਡੈਸਕ- ਨੋਇਡਾ ਦੇ ਸੈਕਟਰ 150 ’ਚ ਐਲਡੇਕੋ ਹਾਊਸਿੰਗ ਸੋਸਾਇਟੀ ’ਚ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਇਕ ਟੈਂਕ ਦੀ ਸਫਾਈ ਕਰਦੇ ਸਮੇਂ ਜ਼ਹਿਰੀਲੀ ਗੈਸ ਚੜ੍ਹਨ ਤੋਂ ਬਾਅਦ ਇਕ ਮਜ਼ਦੂਰ ਤੇ ਉਸ ਨੂੰ ਬਚਾਉਣ ਆਏ ਇਕ ਸੁਰੱਖਿਆ ਗਾਰਡ ਦੀ ਸਾਹ ਘੁੱਟਣ ਨਾਲ ਮੌਤ ਹੋ ਗਈ।
ਪੁਲਸ ਨੇ ਠੇਕੇਦਾਰ ਨੂੰ ਗ੍ਰਿਫ਼ਤਾਰ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਅਨੁਸਾਰ ਇਹ ਦੁਖਾਂਤ ਸ਼ਨੀਵਾਰ ਤੇ ਐਤਵਾਰ ਦੀ ਰਾਤ ਨੂੰ ਨੌਲੇਜ ਪਾਰਕ ਥਾਣਾ ਖੇਤਰ ’ਚ ਵਾਪਰਿਆ। ਰਾਜਸਥਾਨ ਦੇ ਕਰੌਲੀ ਦਾ ਰਹਿਣ ਵਾਲਾ ਸ਼ਸ਼ੀਕਾਂਤ ਸ਼ਰਮਾ (40) ਟੈਂਕ ਨੂੰ ਸਾਫ਼ ਕਰਨ ਲਈ ਅੰਦਰ ਗਿਆ ਸੀ। ਸਫਾਈ ਦੌਰਾਨ ਉਹ ਅਚਾਨਕ ਅੰਦਰ ਬੇਹੋਸ਼ ਹੋ ਗਿਆ।
ਸ਼ਸ਼ੀਕਾਂਤ ਨੂੰ ਬਚਾਉਣ ਦੀ ਕੋਸ਼ਿਸ਼ ’ਚ ਫਿਰੋਜ਼ਾਬਾਦ ਦਾ ਰਹਿਣ ਵਾਲਾ ਸੁਰੱਖਿਆ ਗਾਰਡ ਆਕਾਸ਼ (22) ਵੀ ਟੈਂਕ ’ਚ ਦਾਖਲ ਹੋ ਗਿਆ। ਉਹ ਵੀ ਜ਼ਹਿਰੀਲੀ ਗੈਸ ਚੜ੍ਹਨ ਨਾਲ ਔਖੇ ਸਾਹ ਲੈਣ ਲੱਗ ਪਿਆ। ਸੂਚਨਾ ਮਿਲਣ ’ਤੇ ਪੁਲਸ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ। ਦੋਵਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮਾਮਲੇ ’ਚ ਠੇਕੇਦਾਰ ਮਨੋਜ ਜੈਨ ਨੂੰ ਲਾਪਰਵਾਹੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।
