ਸੁਰੱਖਿਆ ਫੋਰਸਾਂ ਨੂੰ ਮਿਲੀ ਵੱਡੀ ਸਫਲਤਾ, ਬਾਰਾਮੂਲਾ ’ਚ ਲਸ਼ਕਰ ਦੇ ਚੋਟੀ ਦੇ ਕਮਾਂਡਰ ਕਾਂਤਰੂ ਸਮੇਤ 4 ਅਤੱਵਾਦੀ ਢੇਰ

Friday, Apr 22, 2022 - 12:43 PM (IST)

ਸੁਰੱਖਿਆ ਫੋਰਸਾਂ ਨੂੰ ਮਿਲੀ ਵੱਡੀ ਸਫਲਤਾ, ਬਾਰਾਮੂਲਾ ’ਚ ਲਸ਼ਕਰ ਦੇ ਚੋਟੀ ਦੇ ਕਮਾਂਡਰ ਕਾਂਤਰੂ ਸਮੇਤ 4 ਅਤੱਵਾਦੀ ਢੇਰ

ਸ਼੍ਰੀਨਗਰ (ਭਾਸ਼ਾ/ਅਰੀਜ)- ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਸੁਰੱਖਿਆ ਫ਼ੋਰਸਾਂ ਨੇ ਮੁਕਾਬਲੇ 'ਚ ਇਕ ਹੋਰ ਅੱਤਵਾਦੀ ਨੂੰ ਮਾਰ ਸੁੱਟਿਆ। ਪੁਲਸ ਨੇ ਦੱਸਿਆ ਕਿ 24 ਘੰਟਿਆਂ ਤੋਂ ਵਧ ਸਮੇਂ ਤੋਂ ਚੱਲ ਰਹੇ ਮੁਕਾਬਲੇ 'ਚ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ 4 ਹੋ ਗਈ ਹੈ, ਜਿਨ੍ਹਾਂ 'ਚ ਲਸ਼ਕਰ-ਏ-ਤੋਇਬਾ ਦਾ ਚੋਟੀ ਦਾ ਕਮਾਂਡਰ ਯੁਸੂਫ ਕਾਂਤਰੂ ਵੀ ਵੀਰਵਾਰ ਨੂੰ ਮੁਕਾਬਲੇ 'ਚ ਮਾਰਿਆ ਗਿਆ ਸੀ। ਉਹ ਘਾਟੀ 'ਚ ਸਭ ਤੋਂ ਲੰਬੇ ਸਮੇਂ ਤੱਕ ਜਿਊਂਦਾ ਰਹਿਣ ਵਾਲਾ ਅੱਤਵਾਦੀ ਸੀ। ਇਕ ਪੁਲਸ ਅਧਿਕਾਰੀ ਨੇ ਦੱਸਿਆ,'' ਮੁਕਾਬਲਾ ਫਿਰ ਤੋਂ ਸ਼ੁਰੂ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਇਕ ਹੋਰ ਅੱਤਵਾਦੀ ਮਾਰਿਆ ਗਿਆ।'' ਉਨ੍ਹਾਂ ਦੱਸਿਆ ਕਿ ਮੁਹਿੰਮ 'ਚ ਹੁਣ ਤੱਕ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ 4 ਹੋ ਗਈ ਹੈ। ਇਹ ਮੁਕਾਬਲਾ ਵੀਰਵਾਰ ਤੜਕੇ ਸ਼ੁਰੂ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉੱਤਰ ਕਸ਼ਮੀਰ 'ਚ ਬਾਰਾਮੂਲਾ ਦੇ ਮਾਲਵਾਹ ਇਲਾਕੇ 'ਚ ਮੁਕਾਬਲੇ 'ਚ ਵੀਰਵਾਰ ਨੂੰ 3 ਅੱਤਵਾਦੀ ਮਾਰੇ ਗਏ ਸਨ। ਵੀਰਵਾਰ ਨੂੰ ਸ਼ੁਰੂਆਤੀ ਮੁਕਾਬਲੇ 'ਚ ਚਾਰ ਜਵਾਨ ਅਤੇ ਇਕ ਪੁਲਸ ਕਰਮੀ ਜ਼ਖ਼ਮੀ ਹੋ ਗਿਆ ਸੀ। 

ਪੁਲਸ ਨੇ ਦੱਸਿਆ ਕਿ ਕਾਂਤਰੂ ਸੁਰੱਖਿਆ ਫ਼ੋਰਸ ਦੇ ਕਈ ਕਰਮੀਆਂ ਅਤੇ ਗੈਰ-ਫ਼ੌਜੀ ਨਾਗਰਿਕਾਂ ਦੇ ਕਤਲ 'ਚ ਸ਼ਾਮਲ ਰਿਹਾ ਹੈ ਅਤੇ ਉਹ ਕਸ਼ਮੀਰ ਘਾਟੀ ਦੇ ਚੋਟੀ ਦੇ 10 ਲੋੜੀਂਦੇ ਅੱਤਵਾਦੀਆਂ 'ਚ ਸ਼ਾਮਲ ਸੀ। ਪੁਲਸ ਨੇ ਦੱਸਿਆ ਕਿ ਕਾਂਤਰੂ ਪਹਿਲੇ ਹਿਜ਼ਬੁਲ ਮੁਜਾਹੀਦੀ ਦੇ ਸਰਗਰਮ ਮੈਂਬਰ ਦੇ ਰੂਪ 'ਚ ਸ਼ਾਮਲ ਹੋਇਆ ਅਤੇ ਉਸ ਨੂੰ 2005 'ਚ ਗ੍ਰਿਫ਼ਤਾਰ ਕੀਤਾ ਗਿਆ। ਉਸ ਨੂੰ 2008 'ਚ ਛੱਡਿਆ ਗਿਆ ਪਰ ਉਹ ਮੁੜ ਤੋਂ 2017 'ਚ ਅੱਤਵਾਦੀਆਂ ਨਾਲ ਜੁੜ ਗਿਆ ਅਤੇ ਨਿਰਦੋਸ਼ ਗੈਰ-ਫ਼ੌਜੀ ਨਾਗਰਿਕਾਂ, ਪੁਲਸ ਕਰਮੀਆਂ ਅਤੇ ਸਿਆਸੀ ਵਰਕਰਾਂ ਦਾ ਕਤਲ ਕਰਨ ਲੱਗਾ। ਬਾਅਦ 'ਚ ਉਹ ਹਿਜ਼ਬੁਲ ਤੋਂ ਲਸ਼ਕਰ 'ਚ ਸ਼ਾਮਲ ਹੋ ਗਿਆ। ਕਾਂਤਰੂ ਮਾਰਚ 'ਚ ਵਿਸ਼ੇਸ਼ ਪੁਲਸ ਅਧਿਕਾਰੀ ਮੁਹੰਮਦ ਇਸ਼ਫਾਕ ਡਾਰ ਅਤੇ ਉਸ ਦੇ ਭਰਾ ਉਮਰ ਅਹਿਮਦ ਡਾਰ, ਸਤੰਬਰ 2020 'ਚ ਬੜਗਾਮ ਜ਼ਿਲ੍ਹੇ ਦੇ ਖਾਗ਼ ਇਲਾਕੇ 'ਚ ਬੀ.ਡੀ.ਸੀ. ਪ੍ਰਧਾਨ ਸਰਦਾਰ ਭੂਪਿੰਦਰ ਸਿੰਘ ਅਤੇ ਦਸੰਬਰ 2017 'ਚ ਸੀ.ਆਰ.ਪੀ.ਐੱਫ. ਕਰਮੀ ਰਿਆਜ਼ ਅਹਿਮਦ ਰਾਠੇਰ ਦੇ ਕਤਲ 'ਚ ਸ਼ਾਮਲ ਸੀ।


author

DIsha

Content Editor

Related News