ਆਕਾਸ਼ਗੰਗਾ ਦੇ ਸ਼ੁਰੂਆਤੀ ਤਾਰਿਆਂ ਦੇ ਸਮੂਹ ਦੀ ਖੋਜ, ਨਾਂ ਦਿੱਤਾ ‘ਸ਼ਕਤੀ’ ਅਤੇ ‘ਸ਼ਿਵ’

Saturday, Mar 23, 2024 - 12:32 PM (IST)

ਆਕਾਸ਼ਗੰਗਾ ਦੇ ਸ਼ੁਰੂਆਤੀ ਤਾਰਿਆਂ ਦੇ ਸਮੂਹ ਦੀ ਖੋਜ, ਨਾਂ ਦਿੱਤਾ ‘ਸ਼ਕਤੀ’ ਅਤੇ ‘ਸ਼ਿਵ’

ਨਵੀਂ ਦਿੱਲੀ (ਭਾਸ਼ਾ)- ਪੁਲਾੜ ਵਿਗਿਆਨੀਆਂ ਨੇ ਬ੍ਰਹਿਮੰਡ ਦੀ ਪਹਿਲੀ ਮੰਦਾਕਿਨੀ ਦੇ ਬਣਨ ਦੀ ਸ਼ੁਰੂਆਤ ਦੇ ਸਮੇਂ ਭਾਵ 12-13 ਅਰਬ ਸਾਲ ਪਹਿਲਾਂ ਦੀ ਸਾਡੀ ਆਕਾਸ਼ਗੰਗਾ ਦੇ ਸ਼ੁਰੂਆਤੀ ਤਾਰਿਆਂ ਦੇ ਸਮੂਹਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ‘ਸ਼ਕਤੀ’ ਅਤੇ ‘ਸ਼ਿਵ’ ਨਾਂ ਦਿੱਤਾ ਹੈ। ਇਕ ਨਵੀਂ ਖੋਜ ਤੋਂ ਇਹ ਜਾਣਕਾਰੀ ਮਿਲੀ ਹੈ। ਪੁਲਾੜ ਵਿਗਿਆਨੀਆਂ ਨੇ ਕਿਹਾ ਕਿ ਖੋਜ ਦੇ ਨਤੀਜੇ ਦਰਸਾਉਂਦੇ ਹਨ ਕਿ ਤਾਰਿਆਂ ਦੇ ਇਹ ਸ਼ੁਰੂਆਤੀ ਸਮੂਹ ਅੱਜ ਦੇ ਵੱਡੇ ਸ਼ਹਿਰਾਂ ਦੇ ਆਕਾਰ ਦੇ ਬਰਾਬਰ ਸਨ।

ਵਿਗਿਆਨੀਆਂ ਮੁਤਾਬਕ, ਅਜਿਹਾ ਮੰਨਿਆ ਜਾਂਦਾ ਹੈ ਕਿ ਆਕਾਸ਼ਗੰਗਾ ਛੋਟੀ ਮੰਦਾਕਿਨੀਆਂ ਦੇ ਰਲੇਵੇਂ ਨਾਲ ਬਣੀ, ਜਿਸ ਨਾਲ ਤਾਰਿਆਂ ਦੇ ਵੱਡੇ ਸਮੂਹਾਂ ਦੇ ਨਿਰਮਾਣ ਦਾ ਮਾਰਗ ਪੱਧਰਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਜਦੋਂ ਮੰਦਾਕਿਨੀਆਂ ਵਿਚਾਲੇ ਟੱਕਰ ਹੋਈ ਤਾਂ ਉਹ ਆਪਸ ਵਿਚ ਮਿਲ ਗਈਆਂ, ਤਾਂ ਜ਼ਿਆਦਾਤਰ ਤਾਰਿਆਂ ਨੇ ਬਹੁਤ ਬੁਨਿਆਦੀ ਵਿਸ਼ੇਸ਼ਤਾਵਾਂ ਬਣਾਈ ਰੱਖੀਆਂ ਅਤੇ ਇਸਦਾ ਸਿੱਧੇ ਤੌਰ ’ਤੇ ਉਨ੍ਹਾਂ ਦੀ ਮੂਲ ਮੰਦਾਕਿਨੀ ਦੀ ਰਫਤਾਰ ਅਤੇ ਦਿਸ਼ਾ ਨਾਲ ਸਬੰਧ ਹੈ। ‘ਐਸਟ੍ਰੋਫਿਜੀਕਲ’ ਰਸਾਲੇ ਵਿਚ ਪ੍ਰਕਾਸ਼ਿਤ ਇਸ ਅਧਿਐਨ ਰਿਪੋਰਟ ਵਿਚ, ਮੈਕਸ ਪਲੈਂਕ ਇੰਸਟੀਚਿਊਟ ਫਾਰ ਐਸਟ੍ਰੋਨਾਮੀ, ਜਰਮਨੀ ਦੀ ਖੋਜ ਟੀਮ ਨੇ ਆਪਣੇ ਵਿਸ਼ਲੇਸ਼ਣ ਵਿਚ ਪਾਇਆ ਕਿ ਰਲੇਵੇਂ ਕਰਨ ਵਾਲੀਆਂ ਮੰਦਾਕਿਨੀਆਂ ਦੇ ਤਾਰੇ ਊਰਜਾ ਅਤੇ ਕੋਣੀ ਰਫ਼ਤਾਰ ਦੇ ਦੋ ਵਿਸ਼ੇਸ਼ ਬਿੰਦੂਆਂ ਦੇ ਆਲੇ-ਦੁਆਲੇ ਇਕੱਤਰ ਸਨ। ਇਸ ਤਰ੍ਹਾਂ, ਤਾਰਿਆਂ ਦੇ ਦੋ ਵੱਖ-ਵੱਖ ਸਮੂਹਾਂ ‘ਸ਼ਕਤੀ’ ਅਤੇ ‘ਸ਼ਿਵ’ ਦਾ ਨਿਰਮਾਣ ਹੋਇਆ। ਅਧਿਐਨ ਦੀ ਸਹਿ-ਲੇਖਿਕਾ ਖਿਆਤੀ ਮਲਹਾਨ ਨੇ ਇਨ੍ਹਾਂ ਦੋ ਰਚਨਾਵਾਂ ਨੂੰ ‘ਸ਼ਕਤੀ’ ਅਤੇ ‘ਸ਼ਿਵ’ ਨਾਂ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News