ਭਾਰੀ ਮੀਂਹ ਦਾ ਕਹਿਰ, 11 ਜ਼ਿਲ੍ਹਿਆਂ 'ਚ ਸਕੂਲ ਬੰਦ
Thursday, Dec 12, 2024 - 10:42 AM (IST)
ਚੇਨਈ- ਉੱਤਰ ਭਾਰਤ ਦੇ ਜ਼ਿਆਦਾਤਰ ਸੂਬਿਆਂ ਵਿਚ ਠੰਡ ਦਾ ਕਹਿਰ ਹੈ। ਪਹਾੜੀ ਇਲਾਕਿਆਂ ਵਿਚ ਜਿੱਥੇ ਬਰਫ਼ ਪੈ ਰਹੀ ਹੈ, ਉੱਥੇ ਹੀ ਮੈਦਾਨੀ ਇਲਾਕਿਆਂ 'ਚ ਸੀਤ ਲਹਿਰ ਕਾਰਨ ਠੰਡ ਵੱਧ ਗਈ ਹੈ। ਦੱਖਣੀ ਭਾਰਤ ਦੇ ਕੁਝ ਸੂਬਿਆਂ ਵਿਚ ਮੀਂਹ ਪੈ ਰਿਹਾ ਹੈ। ਤਾਮਿਲਨਾਡੂ ਦੇ 11 ਜ਼ਿਲ੍ਹਿਆਂ 'ਚ ਵੀਰਵਾਰ ਨੂੰ ਭਾਰੀ ਮੀਂਹ ਦੇ ਮੱਦੇਨਜ਼ਰ ਸਾਰੇ ਸਕੂਲ ਬੰਦ ਰਹਿਣਗੇ। ਚੇਨਈ, ਤਿਰੂਵੱਲੁਰ, ਚੇਂਗਲਪੇਟ ਅਤੇ ਕਾਂਚੀਪੁਰਮ ਤੋਂ ਇਲਾਵਾ ਵਿਲੂਪੁਰਮ ਅਤੇ ਕਾਵੇਰੀ ਡੈਲਟਾ ਖੇਤਰ ਦੇ ਕੁਝ ਖੇਤਰਾਂ ਵਿੱਚ ਰਾਤ ਭਰ ਮੀਂਹ ਪਿਆ।
ਚੇਨਈ, ਵਿੱਲੂਪੁਰਮ, ਤੰਜਾਵੁਰ, ਮੇਇਲਾਦੁਥੁਰਾਈ, ਪੁਡੁੱਕੋਟਈ, ਕੁੱਡਲੋਰ, ਡਿੰਡੀਗੁਲ, ਰਾਮਨਾਥਪੁਰਮ, ਤਿਰੂਵਰੂਰ, ਰਾਨੀਪੇਟ ਅਤੇ ਤਿਰੂਵੱਲੁਰ ਜ਼ਿਲ੍ਹਿਆਂ ਦੇ ਸਕੂਲਾਂ ਲਈ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਅੱਜ ਸਵੇਰੇ ਥੂਥੂਕੁਡੀ ਦੇ ਕੁਝ ਹਿੱਸਿਆਂ 'ਚ ਮੀਂਹ ਪਿਆ। ਭਾਰਤੀ ਮੌਸਮ ਵਿਭਾਗ ਨੇ ਤਾਮਿਲਨਾਡੂ ਦੇ ਕਈ ਜ਼ਿਲ੍ਹਿਆਂ 'ਚ ਯੈਲੋ ਅਲਰਟ ਜਾਰੀ ਕੀਤਾ ਹੈ।
ਭਾਰਤੀ ਮੌਸਮ ਵਿਭਾਗ (IMD) ਨੇ ਵੇਲੋਰ, ਪੇਰੰਬੂਰ, ਸਲੇਮ, ਨਮੱਕਲ, ਸ਼ਿਵਗੰਗਾ, ਮਦੁਰਾਈ ਅਤੇ ਡਿੰਡੀਗੁਲ 'ਚ ਗਰਜ਼ ਨਾਲ ਦਰਮਿਆਨਾ ਮੀਂਹ ਲਈ ਯੈਲੋ ਅਲਰਟ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ ਆਪਣਾ ਤਾਜ਼ਾ ਬਿਆਨ ਵਿਚ ਕਿਹਾ ਹੈ ਕਿ ਥੂਥੂਕੁਡੀ, ਟੇਨਕਸੀ ਅਤੇ ਟੇਨੀ ਜ਼ਿਲ੍ਹਿਆਂ ਵਿਚ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ। IMD ਦੇ ਇਕ ਬਿਆਨ ਮੁਤਾਬਕ ਪੱਛਮੀ ਰਾਜਸਥਾਨ ਵਿਚ 9 ਦਸੰਬਰ ਤੋਂ 14 ਦਸੰਬਰ ਤੱਕ ਸੀਤ ਲਹਿਰ ਦੇ ਹਾਲਾਤ ਹੋਣ ਦੀ ਸੰਭਾਵਨਾ ਹੈ, ਜਦੋਂ ਕਿ ਪੰਜਾਬ, ਹਰਿਆਣਾ-ਚੰਡੀਗੜ੍ਹ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿਚ ਵਾਲੀ ਸੀਤ ਲਹਿਰ ਦੀ ਸਥਿਤੀ ਰਹੇਗੀ।