ਲੰਮੀ ਛੁੱਟੀ ਮਗਰੋਂ ਖੁੱਲ੍ਹੇ ਸਕੂਲ

Friday, Mar 07, 2025 - 01:42 PM (IST)

ਲੰਮੀ ਛੁੱਟੀ ਮਗਰੋਂ ਖੁੱਲ੍ਹੇ ਸਕੂਲ

ਸ਼੍ਰੀਨਗਰ- ਲੱਗਭਗ 3 ਮਹੀਨੇ ਤੱਕ ਬੰਦ ਰਹਿਣ ਮਗਰੋਂ ਜੰਮੂ-ਕਸ਼ਮੀਰ ਦੇ ਸਕੂਲ ਫਿਰ ਤੋਂ ਖੁੱਲ੍ਹ ਗਏ। ਸਕੂਲਾਂ ਨੂੰ 1 ਮਾਰਚ ਨੂੰ ਫਿਰ ਤੋਂ ਖੋਲ੍ਹਣਾ ਸੀ ਪਰ ਸਰਕਾਰ ਨੇ ਖਰਾਬ ਮੌਸਮ ਕਾਰਨ ਛੁੱਟੀਆਂ ਇਕ ਹਫ਼ਤੇ ਲਈ ਹੋਰ ਵਧਾ ਦਿੱਤੀਆਂ ਸਨ। ਅਧਿਕਾਰੀਆਂ ਨੇ ਦੱਸਿਆ ਕਿ ਕਸ਼ਮੀਰ ਘਾਟੀ ਵਿਚ ਲੱਗਭਗ 10,000 ਸਰਕਾਰੀ ਅਤੇ ਪ੍ਰਾਈਵੇਟ ਸਕੂਲ ਅੱਜ ਫਿਰ ਤੋਂ ਖੁੱਲ੍ਹ ਗਏ ਅਤੇ ਆਪਣੀ ਸਿੱਖਿਅਕ ਗਤੀਵਿਧੀਆਂ ਨੂੰ ਮੁੜ ਤੋਂ ਸ਼ੁਰੂ ਕਰ ਦਿੱਤਾ ਹੈ। 

ਸਿੱਖਿਆ ਮੰਤਰੀ ਸਕੀਨਾ ਇਟੂ ਨੇ ਸਕੂਲਾਂ ਦੇ ਫਿਰ ਤੋਂ ਖੁੱਲ੍ਹਣ 'ਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਕਈ ਸਕੂਲਾਂ ਨੂੰ ਸਜਾਇਆ ਗਿਆ ਸੀ ਅਤੇ ਵਿਦਿਆਰਥੀਆਂ ਦੇ ਸਵਾਗਤ ਲਈ ਛੋਟੇ-ਛੋਟੇ ਸਮਾਰੋਹ ਆਯੋਜਿਤ ਕੀਤੇ ਗਏ ਸਨ। ਲੰਮੇ ਸਮੇਂ ਤੋਂ ਆਪਣੇ ਘਰਾਂ ਵਿਚ ਰਹੇ ਵਿਦਿਆਰਥੀ ਸਕੂਲ ਵਾਪਸ ਜਾਣ ਲਈ ਉਤਸ਼ਾਹਿਤ ਸਨ। ਇਕ ਪ੍ਰਾਈਵੇਟ ਸਕੂਲ ਦੇ ਵਿਦਿਆਰਥੀ ਜ਼ਿਆ-ਉਲ-ਇਸਲਾਮ ਨੇ ਕਿਹਾ ਕਿ ਮੈਂ ਬਹੁਤ ਉਤਸ਼ਾਹਿਤ ਹਾਂ ਕਿ ਸਕੂਲ ਫਿਰ ਤੋਂ ਖੁੱਲ੍ਹ ਗਏ ਹਨ। ਮੈਂ ਇੰਨੇ ਲੰਮੇ ਸਮੇਂ ਬਾਅਦ ਆਪਣੇ ਦੋਸਤਾਂ ਅਤੇ ਅਧਿਆਪਕਾਂ ਨੂੰ ਮਿਲਣ ਲਈ ਉਤਸ਼ਾਹਿਤ ਸੀ। 

ਦੱਸਣਯੋਗ ਹੈ ਕਿ ਕਸ਼ਮੀਰ ਡਵੀਜ਼ਨ ਅਤੇ ਜੰਮੂ ਡਵੀਜ਼ਨ ਦੇ ਸਰਦ ਰੁੱਤ ਖੇਤਰਾਂ ਦੇ ਸਕੂਲਾਂ ਵਿਚ ਸਰਦ ਰੁੱਤ ਦੀਆਂ ਛੁੱਟੀਆਂ ਦਾ ਐਲਾਨ 10 ਦਸੰਬਰ ਤੋਂ ਸ਼ੁਰੂ ਹੋ ਕੇ ਦੋ ਪੜਾਵਾਂ ਵਿਚ ਕੀਤਾ ਗਿਆ ਸੀ। 5ਵੀਂ ਜਮਾਤ ਤੱਕ ਦੀਆਂ ਜਮਾਤਾਂ ਲਈ 10 ਦਸੰਬਰ ਤੋਂ ਅਤੇ ਅਤੇ ਉੱਚ ਜਮਾਤਾਂ ਲਈ 16 ਦਸੰਬਰ ਤੋਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ।


author

Tanu

Content Editor

Related News