ਸਦੀਆਂ ਪੁਰਾਣੇ ਸਰਾਪ ਨਾਲ ਜੂਝ ਰਿਹੈ ਇਹ ਪਿੰਡ, ਦੀਵਾਲੀ ਮਨਾਉਣ ਤੋਂ ਡਰਦੇ ਲੋਕ
Friday, Nov 01, 2024 - 11:12 AM (IST)
ਹਮੀਰਪੁਰ- ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦੇ ਸੰਮੂ ਪਿੰਡ ਲੋਕ ਦੀਵਾਲੀ ਨਹੀਂ ਮਨਾ ਰਹੇ ਹਨ, ਜੋ ਉਨ੍ਹਾਂ ਦੇ ਇੱਥੇ ਪ੍ਰਾਚੀਨ ਕਾਲ ਤੋਂ ਚੱਲੀ ਆ ਰਹੀ ਪਰੰਪਰਾ ਹੈ। ਸਦੀਆਂ ਪਹਿਲਾਂ ਦੀਵਾਲੀ ਦੇ ਦਿਨ ਇਕ ਔਰਤ ਦੇ ਸਤੀ ਹੋ ਜਾਣ ਮਗਰੋਂ ਉਸ ਦੇ ਸ਼ਰਾਪ ਦੇ ਡਰ ਤੋਂ ਪਿੰਡ ਵਾਸੀ ਇਸ ਤਿਉਹਾਰ ਨੂੰ ਨਹੀਂ ਮੰਨਦੇ। ਰੌਸ਼ਨੀ ਦਾ ਇਹ ਤਿਉਹਾਰ ਸੰਮੂ ਪਿੰਡ ਦੇ ਲੋਕਾਂ ਲਈ ਹੋਰ ਦਿਨਾਂ ਵਾਂਗ ਬੀਤਦਾ ਹੈ, ਜਦੋਂ ਘਰਾਂ ਵਿਚ ਕੋਈ ਵਿਸ਼ੇਸ਼ ਸਜਾਵਟ ਜਾਂ ਰੌਸ਼ਨੀ ਨਹੀਂ ਕੀਤੀ ਜਾਂਦੀ ਅਤੇ ਪਟਾਕਿਆਂ ਦੀਆਂ ਆਵਾਜ਼ਾਂ ਗਾਇਬ ਰਹਿੰਦੀਆਂ ਹਨ।
ਪਰੰਪਰਾ ਦੇ ਫੇਰ 'ਚ ਫਸੇ ਪਿੰਡ ਵਾਲੇ
ਪਿੰਡ ਦੇ ਲੋਕ ਪਰੰਪਰਾਵਾਂ ਦੇ ਫੇਰ ਵਿਚ ਫਸੇ ਹੋਏ ਹਨ ਅਤੇ ਉਨ੍ਹਾਂ ਨੂੰ ਦੀਵਾਲੀ ਦੇ ਦਿਨ ਕਿਸੇ ਭਿਆਨਕ ਅਣਹੋਣੀ ਦਾ ਡਰ ਸਤਾਉਂਦਾ ਰਹਿੰਦਾ ਹੈ। ਦੰਤਕਥਾ ਹੈ ਕਿ ਬਹੁਤ ਸਮਾਂ ਪਹਿਲਾਂ ਇਕ ਔਰਤ ਦੀਵਾਲੀ ਮਨਾਉਣ ਲਈ ਇੱਥੇ ਆਪਣੇ ਮਾਪਿਆਂ ਦੇ ਘਰ ਆਈ ਸੀ ਪਰ ਜਲਦੀ ਹੀ ਉਸ ਨੂੰ ਖ਼ਬਰ ਮਿਲੀ ਕਿ ਉਸ ਦਾ ਪਤੀ, ਜੋ ਰਾਜੇ ਦੇ ਦਰਬਾਰ ਵਿਚ ਸਿਪਾਹੀ ਸੀ, ਦੀ ਮੌਤ ਹੋ ਗਈ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਗਰਭਵਤੀ ਔਰਤ ਇਸ ਸਦਮੇ ਨੂੰ ਬਰਦਾਸ਼ਤ ਨਾ ਕਰ ਸਕੀ ਅਤੇ ਆਪਣੇ ਪਤੀ ਦੀ ਚਿਖਾ 'ਤੇ ਬੈਠ ਕੇ ਸਤੀ ਹੋ ਗਈ ਅਤੇ ਪਿੰਡ ਵਾਸੀਆਂ ਨੂੰ ਸਰਾਪ ਦਿੱਤਾ ਕਿ ਉਹ ਕਦੇ ਦੀਵਾਲੀ ਨਹੀਂ ਮਨਾ ਸਕਣਗੇ। ਉਦੋਂ ਤੋਂ ਇਸ ਪਿੰਡ ਵਿਚ ਕਦੇ ਦੀਵਾਲੀ ਨਹੀਂ ਮਨਾਈ ਗਈ।
ਪੰਚਾਇਤ ਮੁਖੀ ਦਾ ਬਿਆਨ
ਭੋਰੰਜ ਦੀ ਪੰਚਾਇਤ ਮੁਖੀ ਪੂਜਾ ਦੇਵੀ ਅਤੇ ਹੋਰ ਕਈ ਔਰਤਾਂ ਨੇ ਦੱਸਿਆ ਕਿ ਜਦੋਂ ਤੋਂ ਉਹ ਵਿਆਹ ਕਰਵਾ ਕੇ ਇਸ ਪਿੰਡ ਵਿਚ ਆਈਆਂ ਹਨ, ਉਨ੍ਹਾਂ ਨੇ ਕਦੇ ਵੀ ਇੱਥੇ ਦੀਵਾਲੀ ਮਨਾਉਂਦੇ ਨਹੀਂ ਦੇਖੀ। ਹਮੀਰਪੁਰ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 25 ਕਿਲੋਮੀਟਰ ਦੂਰ ਸਥਿਤ ਸੰਮੂ ਪਿੰਡ ਭੋਰੰਜ ਪੰਚਾਇਤ ਅਧੀਨ ਆਉਂਦਾ ਹੈ। ਪੂਜਾ ਦੇਵੀ ਨੇ ਕਿਹਾ ਕਿ ਜੇ ਪਿੰਡ ਵਾਲੇ ਬਾਹਰ ਵਸਣ ਤਾਂ ਵੀ ਔਰਤ ਦਾ ਸਰਾਪ ਉਨ੍ਹਾਂ ਦਾ ਪਿੱਛਾ ਨਹੀਂ ਛੱਡੇਗਾ। ਕੁਝ ਸਾਲ ਪਹਿਲਾਂ ਇਕ ਪਰਿਵਾਰ ਜੋ ਪਿੰਡ ਤੋਂ ਦੂਰ ਚਲਾ ਗਿਆ ਸੀ, ਦੀਵਾਲੀ ਲਈ ਕੁਝ ਸਥਾਨਕ ਪਕਵਾਨ ਬਣਾ ਰਿਹਾ ਸੀ ਤਾਂ ਉਨ੍ਹਾਂ ਦੇ ਘਰ ਨੂੰ ਅੱਗ ਲੱਗ ਗਈ। ਪਿੰਡ ਦੇ ਲੋਕ ਸਿਰਫ਼ ਸਤੀ ਦੀ ਪੂਜਾ ਕਰਦੇ ਹਨ ਅਤੇ ਉਸ ਦੇ ਅੱਗੇ ਦੀਵੇ ਜਗਾਉਂਦੇ ਹਨ।
ਦੀਵਾਲੀ ਮਨਾਉਣ 'ਤੇ ਹੁੰਦੀ ਹੈ ਬੁਰੀ ਘਟਨਾ
ਪਿੰਡ ਦੇ ਇਕ ਬਜ਼ੁਰਗ ਵਿਅਕਤੀ ਨੇ ਦੱਸਿਆ ਕਿ ਜਦੋਂ ਵੀ ਕੋਈ ਦੀਵਾਲੀ ਮਨਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕੋਈ ਨਾ ਕੋਈ ਮਾੜੀ ਘਟਨਾ ਵਾਪਰ ਜਾਂਦੀ ਹੈ ਅਤੇ ਅਜਿਹੇ ਵਿਚ ਉਹ ਘਰ ਦੇ ਅੰਦਰ ਹੀ ਰਹਿਣ ਨੂੰ ਤਰਜੀਹ ਦਿੰਦੇ ਹਨ। ਇਕ ਹੋਰ ਪਿੰਡ ਵਾਸੀ ਵੀਨਾ ਕਹਿੰਦੀ ਹੈ ਕਿ ਲੋਕ ਸੈਂਕੜੇ ਸਾਲਾਂ ਤੋਂ ਦੀਵਾਲੀ ਮਨਾਉਣ ਤੋਂ ਪਰਹੇਜ਼ ਕਰ ਰਹੇ ਹਨ। ਦੀਵਾਲੀ ਵਾਲੇ ਦਿਨ ਜੇਕਰ ਕੋਈ ਪਰਿਵਾਰ ਗਲਤੀ ਨਾਲ ਪਟਾਕੇ ਚਲਾਉਂਦਾ ਹੈ ਜਾਂ ਘਰ 'ਚ ਖਾਣਾ ਪਕਾਉਂਦਾ ਹੈ ਤਾਂ ਮੁਸੀਬਤ ਆਉਣੀ ਤੈਅ ਹੈ।