24 ਅਗਸਤ ਤੋਂ ਬਦਲ ਜਾਵੇਗਾ ਸਿਮ ਕਾਰਡ ਖਰੀਦਣ ਦਾ ਨਿਯਮ, ਪੜ੍ਹੋ ਪੂਰੀ ਖ਼ਬਰ
Thursday, Aug 20, 2026 - 09:15 PM (IST)
ਨਵੀਂ ਦਿੱਲੀ : ਕੇਂਦਰ ਸਰਕਾਰ ਦੇ ਦੂਰਸੰਚਾਰ ਵਿਭਾਗ (DoT) ਨੇ ਮੋਬਾਈਲ ਕਨੈਕਸ਼ਨਾਂ ਨੂੰ ਲੈ ਕੇ ਨਵੀਂ ਸਖ਼ਤੀ ਸ਼ੁਰੂ ਕਰ ਦਿੱਤੀ ਹੈ। ਨਵਾਂ ਸਿਮ ਕਾਰਡ ਖਰੀਦਣ ਦੀ ਪ੍ਰਕਿਰਿਆ 'ਚ ਵੱਡਾ ਬਦਲਾਅ ਕੀਤਾ ਜਾ ਰਿਹਾ ਹੈ, ਜੋ ਕਿ 24 ਅਗਸਤ 2026 ਤੋਂ ਲਾਗੂ ਹੋਣ ਜਾ ਰਿਹਾ ਹੈ। ਇਸ ਨਵੀਂ ਵਿਵਸਥਾ ਤਹਿਤ ਹੁਣ ਇੱਕੋ ਨਾਮ 'ਤੇ ਬੇਹਿਸਾਬ ਸਿਮ ਕਾਰਡ ਜਾਰੀ ਹੋਣ ਤੋਂ ਰੋਕੇ ਜਾਣਗੇ।
ਨਵੇਂ ਨਿਯਮਾਂ ਅਨੁਸਾਰ, ਦੇਸ਼ ਦੇ ਬਹੁਤੇ ਹਿੱਸਿਆਂ ਵਿੱਚ ਇੱਕ ਵਿਅਕਤੀ ਦੇ ਨਾਮ 'ਤੇ ਵੱਧ ਤੋਂ ਵੱਧ 9 ਮੋਬਾਈਲ ਕਨੈਕਸ਼ਨ ਹੀ ਚੱਲ ਸਕਦੇ ਹਨ। ਜੰਮੂ-ਕਸ਼ਮੀਰ, ਅਸਾਮ ਅਤੇ ਉੱਤਰ-ਪੂਰਬੀ (ਨੌਰਥ-ਈਸਟ) ਸੂਬਿਆਂ ਲਈ ਇਹ ਹੱਦ ਘੱਟ ਰੱਖੀ ਗਈ ਹੈ, ਜਿੱਥੇ ਇੱਕ ਵਿਅਕਤੀ ਵੱਧ ਤੋਂ ਵੱਧ 6 ਮੋਬਾਈਲ ਕਨੈਕਸ਼ਨ ਹੀ ਰੱਖ ਸਕਦਾ ਹੈ।
ਇਹ ਹੱਦ ਸਾਰੀਆਂ ਟੈਲੀਕੌਮ ਕੰਪਨੀਆਂ (ਜਿਵੇਂ ਕਿ ਜੀਓ, ਏਅਰਟੈੱਲ, ਵੀਆਈ, ਬੀਐਸਐਨਐਲ ਆਦਿ) ਦੇ ਸਿਮ ਕਾਰਡਾਂ ਨੂੰ ਮਿਲਾ ਕੇ ਲਾਗੂ ਹੋਵੇਗੀ। ਜੇਕਰ ਕਿਸੇ ਵਿਅਕਤੀ ਕੋਲ ਪਹਿਲਾਂ ਹੀ ਇਹ ਤੈਅ ਸੀਮਾ ਪੂਰੀ ਹੈ, ਤਾਂ ਟੈਲੀਕੌਮ ਕੰਪਨੀਆਂ ਉਸ ਨੂੰ ਨਵਾਂ ਸਿਮ ਜਾਰੀ ਨਹੀਂ ਕਰ ਸਕਣਗੀਆਂ।
DoT ਦੇ 'ਡਿਜੀਟਲ ਇੰਟੈਲੀਜੈਂਸ ਪਲੇਟਫਾਰਮ' (DIP) ਰਾਹੀਂ ਹੁਣ ਫ਼ੋਟੋ ਅਧਾਰਿਤ ਜਾਂਚ ਕੀਤੀ ਜਾਵੇਗੀ। 23 ਅਗਸਤ ਤੋਂ ਉਨ੍ਹਾਂ ਲੋਕਾਂ ਦੀਆਂ ਤਸਵੀਰਾਂ ਟੈਲੀਕੌਮ ਕੰਪਨੀਆਂ ਲਈ ਉਪਲਬਧ ਕਰਵਾਈਆਂ ਜਾਣਗੀਆਂ, ਜਿਨ੍ਹਾਂ ਕੋਲ ਪਹਿਲਾਂ ਹੀ ਤੈਅ ਸੀਮਾ ਮੁਤਾਬਕ ਮੋਬਾਈਲ ਕਨੈਕਸ਼ਨ ਮੌਜੂਦ ਹਨ।
ਜੇਕਰ ਜਾਂਚ ਤੋਂ ਬਾਅਦ ਪਤਾ ਲੱਗਦਾ ਹੈ ਕਿ ਕਿਸੇ ਵਿਅਕਤੀ ਨੂੰ ਸੀਮਾ ਤੋਂ ਵੱਧ ਨਵਾਂ ਸਿਮ ਜਾਰੀ ਹੋ ਗਿਆ ਹੈ, ਤਾਂ ਉਸ ਵਾਧੂ ਕਨੈਕਸ਼ਨ ਨੂੰ ਤੁਰੰਤ ਸਸਪੈਂਡ ਕਰ ਦਿੱਤਾ ਜਾਵੇਗਾ। ਟੈਲੀਕੌਮ ਕੰਪਨੀਆਂ ਨੂੰ 30 ਨਵੰਬਰ ਤੱਕ ਇਸ ਸਿਸਟਮ ਨੂੰ ਰੀਅਲ-ਟਾਈਮ ਜਾਂਚ ਲਈ ਪੂਰੀ ਤਰ੍ਹਾਂ ਲਾਗੂ ਕਰਨਾ ਹੋਵੇਗਾ।
ਮੋਬਾਈਲ ਨੰਬਰ ਬੈਂਕ ਖਾਤਿਆਂ, ਯੂਪੀਆਈ (UPI), ਸੋਸ਼ਲ ਮੀਡੀਆ, ਈਮੇਲ ਅਤੇ ਹੋਰ ਕਈ ਸਰਕਾਰੀ ਸੇਵਾਵਾਂ ਨਾਲ ਜੁੜੇ ਹੁੰਦੇ ਹਨ। ਅਜਿਹੇ ਵਿੱਚ ਫ਼ਰਜ਼ੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਲਏ ਗਏ ਸਿਮ ਕਾਰਡਾਂ ਰਾਹੀਂ ਵੱਡੇ ਪੱਧਰ 'ਤੇ ਸਾਈਬਰ ਫਰਾਡ ਹੁੰਦੇ ਹਨ। ਇਸੇ ਸਾਈਬਰ ਧੋਖਾਧੜੀ ਅਤੇ ਫ਼ਰਜ਼ੀ ਕਨੈਕਸ਼ਨਾਂ ਦੇ ਮਾਮਲਿਆਂ 'ਤੇ ਕਾਰਵਾਈ ਕਰਨ ਲਈ ਸਰਕਾਰ ਲੰਬੇ ਸਮੇਂ ਤੋਂ ਯਤਨਸ਼ੀਲ ਹੈ, ਜਿਸ ਕਾਰਨ ਇਹ ਸਖ਼ਤ ਨਿਯਮ ਲਾਗੂ ਕੀਤੇ ਜਾ ਰਹੇ ਹਨ।
