ਸਾਨੂੰ ਤਾਂ ਅੱਜ ਵੀ ਫੁੱਲਾਂ ਦੇ ਹਾਰ ਪੈ ਰਹੇ ਹਨ, ਮੋਦੀ ਦਾ ਬਾਅਦ ’ਚ ਕੀ ਹੋਵੇਗਾ? : ਲਾਲੂ

07/06/2023 6:58:39 PM

ਪਟਨਾ, (ਭਾਸ਼ਾ)- ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਸੀ.ਬੀ.ਆਈ. ਵੱਲੋਂ ਨੌਕਰੀ ਲਈ ਪਲਾਟ ਘਪਲੇ ਵਿੱਚ ਨਵੀਂ ਚਾਰਜਸ਼ੀਟ ਦਾਇਰ ਕੀਤੇ ਜਾਣ ਤੋਂ 2 ਦਿਨ ਬਾਅਦ ਬੁੱਧਵਾਰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ’ਤੇ ਤਿੱਖਾ ਹਮਲਾ ਕੀਤਾ।

ਉਨ੍ਹਾਂ ਕਿਹਾ ਕਿ ਮੇਰੇ ਅਤੇ ਪਰਿਵਾਰਕ ਮੈਂਬਰਾਂ ਦੇ ਨਾਲ ਹੀ ਸਾਥੀਆਂ ਵਿਰੁੱਧ ‘ਮੁਕੱਦਮੇ ’ਤੇ ਮੁਕੱਦਮੇ’ ਦਾਇਰ ਕੀਤੇ ਜਾ ਰਹੇ ਹਨ। ਰਾਸ਼ਟਰੀ ਜਨਤਾ ਦਲ ਦੇ ਗਠਨ ਦੇ 27 ਸਾਲ ਪੂਰੇ ਹੋਣ ’ਤੇ ਆਯੋਜਿਤ ਇਕ ਸਮਾਰੋਹ ਦਾ ਉਦਘਾਟਨ ਕਰਨ ਤੋਂ ਬਾਅਦ ਪਾਰਟੀ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਪ੍ਰਸਾਦ ਨੇ ਕਿਹਾ ‘ਮੁਕੱਦਮੇ ’ਤੇ ਮੁਕੱਦਮਾ। ’

ਆਪਣੀ ਮੂਲ ਭੋਜਪੁਰੀ ਭਾਸ਼ਾ ਵਿੱਚ ਲਾਲੂ ਪ੍ਰਸਾਦ ਨੇ ਕਿਹਾ ਕਿ ਜਦੋਂ ਤੁਹਾਡੇ ਦਿਨ ਪੂਰੇ ਹੋਣਗੇ ਤਾਂ ਤੁਹਾਡਾ (ਮੋਦੀ) ਕੀ ਹੋਵੇਗਾ? ਘੱਟੋ-ਘੱਟ ਅਸੀਂ ਇੰਨੀ ਸਦਭਾਵਨਾ ਤਾਂ ਕਮਾ ਲਈ ਹੈ ਕਿ ਸਾਡੇ ’ਤੇ ਅਜੇ ਵੀ ਫੁੱਲਾਂ ਦੀਆਂ ਪੰਖੜੀਆਂ ਦੀ ਵਰਖਾ ਕੀਤੀ ਜਾ ਰਹੀ ਹੈ ਅਤੇ ਫੁੱਲਾਂ ਦੇ ਹਾਰ ਪਾਏ ਜਾ ਰਹੇ ਹਨ। ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ (70) ਸਿਹਤ ਖਰਾਬ ਹੋਣ ਕਾਰਨ ਕੁਰਸੀ ’ਤੇ ਬੈਠ ਕੇ ਮਾਈਕ ਫੜ ਕੇ ਆਪਣੀ ਗੱਲ ਕਹਿ ਰਹੇ ਸਨ।

ਉਨ੍ਹਾਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਵਿਰੋਧੀ ਏਕਤਾ ਲਿਆਉਣ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ‘ਜੜ੍ਹ ਤੋਂ ਉਖਾੜ’ ਦੇਣ ਦੀ ਸਹੁੰ ਖਾਧੀ। ਮਹਾਰਾਸ਼ਟਰ ਦੇ ਸਪੱਸ਼ਟ ਸੰਦਰਭ ਵਿੱਚ ਉਨ੍ਹਾਂ ਭਾਰਤੀ ਜਨਤਾ ਪਾਰਟੀ ’ਤੇ ਖਰੀਦ- ਵੇਚ ਦਾ ਦੋਸ਼ ਲਾਇਆ ਅਤੇ ਕਰਨਾਟਕ ਵਿੱਚ ਭਾਜਪਾ ਦੀ ਹਾਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਰਨਾਟਕ ਇੱਕ ਝਾਂਕੀ ਸੀ।

Rakesh

This news is Content Editor Rakesh