ਬਿਨਾਂ ਪਾਸਪੋਰਟ ਸ੍ਰੀ ਕਰਤਾਰਪੁਰ ਸਾਹਿਬ ਦੀ ਨਹੀਂ ਹੋਵੇਗੀ ਯਾਤਰਾ : ਵਿਦੇਸ਼ ਮੰਤਰਾਲੇ
Thursday, Nov 07, 2019 - 04:01 PM (IST)

ਨਵੀਂ ਦਿੱਲੀ— ਵਿਦੇਸ਼ ਮੰਤਰਾਲੇ ਨੇ ਅੱਜ ਯਾਨੀ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਕਰਦੇ ਹੋਏ ਕਰਤਾਰਪੁਰ ਲਾਂਘੇ 'ਤੇ ਗੱਲ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦੱਸਿਆ ਕਿ ਸ਼ਰਧਾਲੂਆਂ ਦਾ ਪਹਿਲਾ ਜੱਥਾ ਜਾਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਵਲੋਂ ਸੁਰੱਖਿਆ ਦਾ ਭਰੋਸਾ ਦਿਵਾਇਆ ਗਿਆ ਹੈ ਅਤੇ ਪਹਿਲਾ ਜੱਥਾ ਸਮਝੌਤੇ ਦੀਆਂ ਸ਼ਰਤਾਂ ਅਨੁਸਾਰ ਹੀ ਜਾ ਰਿਹਾ ਹੈ। ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਜਾਣ ਲਈ ਸਿਆਸੀ ਮਨਜ਼ੂਰੀ ਨਾਲ ਜੁੜੇ ਸਵਾਲ ਨੂੰ ਰਵੀਸ਼ ਨੇ ਇਹ ਕਹਿ ਕੇ ਟਾਲ ਦਿੱਤਾ ਕਿ ਕਰਤਾਰਪੁਰ ਲਾਂਘੇ ਦਾ ਉਦਘਾਟਨ ਇਤਿਹਾਸਕ ਹੈ, ਇਸ ਮੌਕੇ ਕਿਸੇ ਇਕ ਵਿਅਕਤੀ ਵਿਸ਼ੇਸ਼ ਨੂੰ ਹਾਈਲਾਈਟ ਕਰਨਾ ਮਹੱਤਵਪੂਰਨ ਨਹੀਂ ਹੈ।
ਵਿਦੇਸ਼ ਮੰਤਰਾਲੇ ਅਨੁਸਾਰ ਪਾਸਪੋਰਟ ਹੈ ਜ਼ਰੂਰੀ
ਪਾਕਿਸਤਾਨ ਤੋਂ ਆਉਣ ਵਾਲੀਆਂ ਰਿਪੋਰਟਾਂ 'ਤੇ ਰਵੀਸ਼ ਨੇ ਕਿਹਾ ਕਿ ਕਦੇ ਉਹ ਕਹਿੰਦੇ ਹਨ ਪਾਸਪੋਰਟ ਦੀ ਜ਼ਰੂਰਤ ਹੈ ਅਤੇ ਕਦੇ ਕਹਿੰਦੇ ਹਨ ਨਹੀਂ। ਸਾਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਵਿਦੇਸ਼ ਵਿਭਾਗ ਅਤੇ ਦੂਜੀਆਂ ਏਜੰਸੀਆਂ ਦਰਮਿਆਨ ਮਤਭੇਦ ਹਨ। ਸਾਡੇ ਕੋਲ ਸਮਝੌਤਾ ਮੰਗ ਪੱਤਰ ਹੈ ਅਤੇ ਇਸ ਨੂੰ ਬਦਲਿਆ ਨਹੀਂ ਗਿਆ ਹੈ। ਇਸ ਦੇ ਅਨੁਸਾਰ ਪਾਸਪੋਰਟ ਦੀ ਜ਼ਰੂਰਤ ਹੈ।
ਸਮਝੌਤੇ 'ਚ ਤਬਦੀਲੀ ਇਕ ਪੱਖੀ ਨਹੀਂ ਹੋਵੇਗੀ
ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ,''ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਏ ਸਮਝੌਤੇ 'ਚ ਸਪੱਸ਼ਟ ਰੂਪ ਨਾਲ ਦੱਸਿਆ ਗਿਆ ਹੈ ਕਿ ਸ਼ਰਧਾਲੂਆਂ ਲਈ ਕਿਹੜੇ ਦਸਤਾਵੇਜ਼ਾਂ ਦੀ ਲੋੜ ਹੋਵੇਗੀ। ਮੌਜੂਦਾ ਸਮਝੌਤੇ 'ਚ ਕੋਈ ਵੀ ਤਬਦੀਲੀ ਇਕ ਪੱਖੀ ਤਰੀਕੇ ਨਾਲ ਨਹੀਂ ਹੋਵੇਗੀ, ਇਸ ਲਈ ਦੋਹਾਂ ਪੱਖਾਂ ਦੀ ਸਹਿਮਤੀ ਦੀ ਜ਼ਰੂਰਤ ਹੋਵੇਗੀ।''
ਪਾਕਿਸਤਾਨ ਵਲੋਂ ਆਏ ਹਨ ਇਹ ਬਿਆਨ
ਦੱਸਣਯੋਗ ਹੈ ਕਿ ਇਮਰਾਨ ਖਾਨ ਨੇ ਕਰਤਾਰਪੁਰ ਲਾਂਘੇ ਲਈ ਪਾਸਪੋਰਟ ਨੂੰ ਗੈਰ-ਜ਼ਰੂਰੀ ਦੱਸਿਆ ਸੀ। ਇਸ ਐਲਾਨ ਨੂੰ ਅਮਲੀਜਾਮਾ ਪਾਉਣ ਲਈ ਭਾਰਤ ਸਰਕਾਰ ਵੀ ਪਾਕਿਸਤਾਨ ਤੋਂ ਲਿਖਤੀ 'ਚ ਮੰਗ ਕਰ ਰਿਹਾ ਸੀ। ਇਸ ਦੇ ਉਲਟ ਦੇਸ਼ ਦੀ ਰਾਜਨੀਤੀ 'ਚ ਸ਼ਰੇਆਮ ਦਖਲਅੰਦਾਜੀ ਕਰਨ ਵਾਲੀ ਪਾਕਿਸਤਾਨੀ ਫੌਜ ਦਾ ਵੱਡਾ ਬਿਆਨ ਆਇਆ ਹੈ। ਪਾਕਿਸਤਾਨ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ਼ ਗਫੂਰ ਨੇ ਕਿਹਾ ਹੈ ਕਿ ਸ਼ਰਧਾਲੂਆਂ ਦੀ ਐਂਟਰੀ ਪਾਸਪੋਰਟ ਰਾਹੀਂ ਹੋਵੇਗੀ।