ਜਬਰ-ਜ਼ਿਨਾਹ ਪੀੜਤਾ ਕਰਨਾ ਚਾਹੁੰਦੀ ਹੈ ਮੁਲਜ਼ਮ ਨਾਲ ਵਿਆਹ ! ਅਦਾਲਤ ਨੇ ਦਿੱਤੀ ਜ਼ਮਾਨਤ
Thursday, May 21, 2026 - 04:23 PM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਦੇ ਦੋਸ਼ ਹੇਠ ਜੇਲ੍ਹ 'ਚ ਬੰਦ ਇਕ ਵਿਅਕਤੀ ਨੂੰ ਨਿਯਮਿਤ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਇਹ ਫੈਸਲਾ ਪੀੜਤਾ (ਜੋ ਹੁਣ ਬਾਲਗ ਹੋ ਚੁੱਕੀ ਹੈ) ਦੇ ਉਸ ਬਿਆਨ ਤੋਂ ਬਾਅਦ ਲਿਆ ਹੈ, ਜਿਸ 'ਚ ਉਸ ਨੇ ਕਿਹਾ ਕਿ ਉਹ ਮੁਲਜ਼ਮ ਨਾਲ ਵਿਆਹ ਕਰਨਾ ਚਾਹੁੰਦੀ ਹੈ ਅਤੇ ਆਪਣੇ 2 ਮਹੀਨਿਆਂ ਦੇ ਬੱਚੇ ਦਾ ਪਾਲਣ-ਪੋਸ਼ਣ ਮਿਲ ਕੇ ਕਰਨਾ ਚਾਹੁੰਦੇ ਹਨ।
ਹਾਈ ਕੋਰਟ ਨੇ ਸੁਣਵਾਈ ਦੌਰਾਨ ਕਿਹਾ ਕਿ ਜੇਕਰ ਮੁਲਜ਼ਮ ਨੂੰ ਲਗਾਤਾਰ ਜੇਲ੍ਹ 'ਚ ਰੱਖਿਆ ਜਾਂਦਾ ਹੈ, ਤਾਂ ਇਸ ਨਾਲ ਨੌਜਵਾਨ ਮਾਂ ਅਤੇ ਉਸ ਦੇ ਨਵਜੰਮੇ ਬੱਚੇ ਦੇ ਹਿੱਤਾਂ ਨੂੰ ਗੰਭੀਰ ਨੁਕਸਾਨ ਪਹੁੰਚੇਗਾ। ਜੱਜ ਨੇ ਸਪੱਸ਼ਟ ਕੀਤਾ ਕਿ ਹਾਲਾਂਕਿ POCSO ਐਕਟ ਦੇ ਤਹਿਤ ਨਾਬਾਲਗ ਦੀ ਸਹਿਮਤੀ ਕਾਨੂੰਨੀ ਤੌਰ 'ਤੇ ਮਾਇਨੇ ਨਹੀਂ ਰੱਖਦੀ, ਪਰ ਮੌਜੂਦਾ ਸਬੂਤ ਦਰਸਾਉਂਦੇ ਹਨ ਕਿ ਦੋਵਾਂ ਵਿਚਾਲੇ ਰਿਸ਼ਤਾ ਆਪਸੀ ਸਹਿਮਤੀ ਨਾਲ ਸੀ।
ਇਹ ਮਾਮਲਾ ਇਸੇ ਸਾਲ 19 ਮਾਰਚ ਨੂੰ ਸਾਹਮਣੇ ਆਇਆ ਸੀ, ਜਦੋਂ ਇਕ ਸਿਵਲ ਹਸਪਤਾਲ ਦੇ ਮੈਡੀਕਲ ਅਫਸਰ ਨੇ ਪੁਲਸ ਨੂੰ ਸੂਚਿਤ ਕੀਤਾ ਕਿ ਬੱਚੇ ਨੂੰ ਜਨਮ ਦੇਣ ਵਾਲੀ ਕੁੜੀ ਨਾਬਾਲਗ ਹੈ। ਉਸ ਸਮੇਂ ਕੁੜੀ ਦੀ ਉਮਰ ਸਾਢੇ 17 ਸਾਲ ਸੀ। ਪੁਲਸ ਨੇ 20 ਮਾਰਚ ਨੂੰ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਸੀ। ਕੁੜੀ ਇਸ ਸਮੇਂ ਮੁਲਜ਼ਮ ਦੀ ਮਾਂ ਨਾਲ ਰਹਿ ਰਹੀ ਹੈ।
ਜ਼ਮਾਨਤ ਦੀ ਸੁਣਵਾਈ ਦੌਰਾਨ ਕੁੜੀ ਨੇ ਆਪਣੇ ਮਾਤਾ-ਪਿਤਾ ਅਤੇ ਮੁਲਜ਼ਮ ਦੀ ਮਾਂ ਦੀ ਮੌਜੂਦਗੀ 'ਚ ਸਹੁੰ ਚੁੱਕ ਕੇ ਬਿਆਨ ਦਿੱਤਾ ਕਿ ਉਹ ਆਪਣੀ ਮਰਜ਼ੀ ਨਾਲ ਇਸ ਰਿਸ਼ਤੇ 'ਚ ਸੀ। ਉਸ ਨੇ ਅਦਾਲਤ ਨੂੰ ਦੱਸਿਆ ਕਿ ਨਾ ਤਾਂ ਉਸ ਨੇ ਅਤੇ ਨਾ ਹੀ ਉਸਦੇ ਪਰਿਵਾਰ ਨੇ ਪੁਲਸ ਰਿਪੋਰਟ ਦਰਜ ਕਰਵਾਈ ਸੀ। ਕੁੜੀ ਨੇ ਬੇਨਤੀ ਕੀਤੀ ਕਿ ਉਹ ਹੁਣ ਵਿਆਹ ਕਰਨਾ ਚਾਹੁੰਦੇ ਹਨ, ਇਸ ਲਈ ਕੇਸ ਨੂੰ ਖਤਮ ਕਰ ਦਿੱਤਾ ਜਾਵੇ।
ਜ਼ਮਾਨਤ ਦੀਆਂ ਸ਼ਰਤਾਂ
ਅਦਾਲਤ ਨੇ ਮੁਲਜ਼ਮ ਨੂੰ 50,000 ਰੁਪਏ ਦੇ ਨਿੱਜੀ ਮੁਚੱਲਕੇ ਅਤੇ ਇਕ ਸਥਾਨਕ ਜ਼ਮਾਨਤ 'ਤੇ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ। ਹਾਲਾਂਕਿ, ਅਦਾਲਤ ਨੇ ਇਹ ਸ਼ਰਤ ਵੀ ਰੱਖੀ ਹੈ ਕਿ ਮੁਲਜ਼ਮ ਨੂੰ ਮੁਕੱਦਮੇ ਦੀਆਂ ਸਾਰੀਆਂ ਤਰੀਕਾਂ 'ਤੇ ਅਦਾਲਤ 'ਚ ਪੇਸ਼ ਹੋਣਾ ਪਵੇਗਾ ਅਤੇ ਜਾਂਚ 'ਚ ਕੋਈ ਦਖਲਅੰਦਾਜ਼ੀ ਨਹੀਂ ਕਰਨੀ ਪਵੇਗੀ। ਬੈਂਚ ਨੇ ਸਪੱਸ਼ਟ ਕੀਤਾ ਕਿ ਇਹ ਟਿੱਪਣੀਆਂ ਕੇਸ ਦੇ ਗੁਣ-ਦੋਸ਼ 'ਤੇ ਕੋਈ ਅੰਤਿਮ ਫੈਸਲਾ ਨਹੀਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
