ਅਯੁੱਧਿਆ ’ਚ ਰਾਮ ਮੰਦਰ ਦਾ ਨਿਰਮਾਣ, ਨਹੀਂ ਲੱਗੇਗਾ ਸਰਕਾਰ ਦਾ ਇਕ ਵੀ ‘ਰੁਪਇਆ’
Sunday, Dec 20, 2020 - 02:25 PM (IST)
ਅਯੁੱਧਿਆ— ਲੱਗਭਗ 500 ਸਾਲ ਦੇ ਲੰਬੇ ਸੰਘਰਸ਼ ਤੋਂ ਬਾਅਦ ਪ੍ਰਭੂ ਸ਼੍ਰੀ ਰਾਮ ਦੇ ਜਨਮ ਸਥਾਨ ’ਚ ਬਣਨ ਜਾ ਰਹੇ ਰਾਮ ਮੰਦਰ ਵਿਚ ਕਿਸੀ ਵੀ ਸਰਕਾਰ ਦਾ ਇਕ ਪੈਸਾ ਵੀ ਨਹੀਂ ਲੱਗੇਗਾ। ਮੰਦਰ ਲਈ ਜਨਤਾ ਤੋਂ ਧਨ ਇਕੱਠਾ ਕਰਨ ਦੀ ਮੁਹਿੰਮ ਮਕਰ ਸੰਕ੍ਰਾਂਤੀ 14 ਜਨਵਰੀ ਤੋਂ ਸ਼ੁਰੂ ਕੀਤੀ ਜਾਵੇਗੀ, ਜੋ ਕਿ ਮਾਘ ਪੁੰਨਿਆ 27 ਫਰਵਰੀ ਤੱਕ ਚੱਲੇਗੀ। ਜਨਤਾ ਤੋਂ ਸਹਿਯੋਗ ਰਾਸ਼ੀ ਲੈਣ ਲਈ 4 ਲੱਖ ਤੋਂ ਵਧੇਰੇ ਸਵੈ-ਸੇਵਕ 12 ਕਰੋੜ ਪਰਿਵਾਰਾਂ ਤੱਕ ਪਹੁੰਚਣਗੇ। ਸਾਰੇ ਪਰਿਵਾਰਾਂ ਤੋਂ ਉਨ੍ਹਾਂ ਦੀ ਇੱਛਾ ਮੁਤਾਬਕ ਸਹਿਯੋਗ ਰਾਸ਼ੀ ਲਈ ਜਾਵੇਗੀ।
ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਕਿਹਾ ਕਿ ਸ਼੍ਰੀਰਾਮ ਦਾ ਮੰਦਰ ਪੂਰੀ ਤਰ੍ਹਾਂ ਨਾਲ ਜਨਤਾ ਦੇ ਸਹਿਯੋਗ ਨਾਲ ਬਣੇਗਾ। ਉਨ੍ਹਾਂ ਨੇ ਕਿਹਾ ਕਿ ਮੰਦਰ ਨਿਰਮਾਣ ਲਈ ਹੁਣ ਤੱਕ 80 ਕਰੋੜ ਰੁਪਏ ਆ ਚੁੱਕੇ ਹਨ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਆਪਣੇ ਨਿਜੀ ਖ਼ਾਤੇ ’ਚੋਂ 11 ਲੱਖ ਰੁਪਏ ਦਾ ਚੈਕ ਦਿੱਤਾ ਹੈ। ਇਸ ਤੋਂ ਇਲਾਵਾ ਪਟਨਾ ਹਨੂੰਮਾਨ ਮੰਦਰ ਤੋਂ 2 ਕਰੋੜ ਰੁਪਏ ਅਤੇ ਸ਼ਿਵ ਸੈਨਾ ਮੁੰਬਈ ਵਲੋਂ ਇਕ ਕਰੋੜ ਰੁਪਏ ਦਾ ਚੈਕ ਮਿਲਿਆ ਹੈ।
ਦੇਸ਼ ਦੇ ਉਦਯੋਗਪਤੀ ਆਪਣੇ ਨਿੱਜੀ ਖ਼ਾਤੇ ’ਚੋਂ ਸਹਿਯੋਗ ਰਾਸ਼ੀ ਦੇ ਸਕਦੇ ਹਨ। ਮੰਦਰ ਨਿਰਮਾਣ ’ਚ ਆਮ ਲੋਕਾਂ ਦੇ ਸਹਿਯੋਗ ਲਈ ਪ੍ਰਯਾਗਰਾਜ ਵਿਚ ਕੱਲ੍ਹ ਤੀਰਥ ਖੇਤਰ ਦੀ ਬੈਠਕ ਹੋਈ, ਜਿਸ ਵਿਚ ਵੱਡੀ ਗਿਣਤੀ ਵਿਚ ਸੰਤ ਅਤੇ ਆਚਾਰੀਆ ਨੇ ਹਿੱਸਾ ਲਿਆ। ਬੈਠਕ ’ਚ ਫ਼ੈਸਲਾ ਲਿਆ ਗਿਆ ਕਿ ਮੰਦਰ ਨਿਰਮਾਣ ’ਚ ਧਨ ਇਕੱਠਾ ਕਰਨ ਦਾ ਕੰਮ ਰਾਸ਼ਟਰਪਤੀ, ਉੱਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਤੋਂ ਸ਼ੁਰੂ ਕੀਤਾ ਜਾਵੇਗਾ। ਸ਼ਹਿਰਾਂ ’ਚ ਧਨ ਇਕੱਠਾ ਕਰਨ ਦੀ ਸ਼ੁਰੂਆਤ ਪ੍ਰਥਮ ਨਾਗਰਿਕ ਮੇਅਰ ਤੋਂ ਹੋਵੇਗੀ। ਧਨ ਇਕੱਠਾ ਕਰਨ ਲਈ ਪੂਰੇ ਦੇਸ਼ ’ਚ ਇਕ ਲੱਖ ਟੋਲੀਆਂ ਨਿਕਲਣਗੀਆਂ। ਹਰ ਟੋਲੀ ਵਿਚ ਘੱਟ ਤੋਂ ਘੱਟ ਤਿੰਨ ਮੈਂਬਰ ਹੋਣਗੇ। ਬੈਠਕ ’ਚ ਕਿਹਾ ਗਿਆ ਹੈ ਕਿ ਸਾਨੂੰ ਕਿਸੇ ਤੋਂ ਕੁਝ ਮੰਗਣ ਦੀ ਲੋੜ ਨਹੀਂ ਹੈ। ਭਗਵਾਨ ਪ੍ਰਤੀ ਆਪਣੀ ਆਸਥਾ ਅਤੇ ਇੱਛਾ ਮੁਤਾਬਕ ਲੋਕ ਖ਼ੁਦ ਹੀ ਦਾਨ ਦੇਣਗੇ।