ਰਾਜ ਸਭਾ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ, ਕੱਲ੍ਹ ਬਜਟ ਪੇਸ਼ ਹੋਣ ਦੇ ਇਕ ਘੰਟੇ ਬਾਅਦ ਸ਼ੁਰੂ ਹੋਵੇਗੀ ਬੈਠਕ
Monday, Jul 22, 2024 - 04:07 PM (IST)
ਨਵੀਂ ਦਿੱਲੀ (ਭਾਸ਼ਾ)- ਰਾਜ ਸਭਾ ਦੀ ਕਾਰਵਾਈ ਸੋਮਵਾਰ ਨੂੰ ਦੁਪਹਿਰ ਕਰੀਬ 2.45 ਵਜੇ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ ਅਤੇ ਮੰਗਲਵਾਰ ਨੂੰ ਉੱਚ ਸਦਨ ਦੀ ਬੈਠਕ ਲੋਕ ਸਭਾ 'ਚ ਆਮ ਬਜਟ 2024-25 ਪੇਸ਼ ਕਰਨ ਦੀ ਪ੍ਰਕਿਰਿਆ ਪੂਰੀ ਹੋਣ ਦੇ ਇਕ ਘੰਟੇ ਬਾਅਦ ਸ਼ੁਰੂ ਹੋਵੇਗੀ। ਉੱਚ ਸਦਨ ਦੇ 265ਵੇਂ ਸੈਸ਼ਨ ਦੀ ਪਹਿਲੀ ਬੈਠਕ ਰਾਸ਼ਟਰਗੀਤ ਦੀ ਧੁੰਨ ਵਜਾਏ ਜਾਣ ਨਾਲ ਸ਼ੁਰੂ ਹੋਈ। ਇਸ ਤੋਂ ਬਾਅਦ ਸਪੀਕਰ ਜਗਦੀਪ ਧਨਖੜ ਨੇ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਵਾਈ.ਐੱਸ.ਆਰ. ਕਾਂਗਰਸ ਮੈਂਬਰ ਐੱਸ. ਨਿਰੰਜਨ ਰੈੱਡੀ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਪੂਰੇ ਸਦਨ ਵਲੋਂ ਵਧਾਈ ਦਿੱਤੀ। ਸਪੀਕਰ ਨੇ ਵਿਯਤਨਾਮ ਦੇ ਨੇਤਾ ਗੁਯੇਨ ਫੂ ਟ੍ਰੋਂਗ ਅਤੇ ਸਦਨ ਦੇ ਸਾਬਕਾ ਮੈਂਬਰ ਪੀ. ਕਨੰਨ ਦੇ ਦਿਹਾਂਤ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੂੰ ਪੂਰੇ ਸਦਿਨ ਵਲੋਂ ਸ਼ਰਧਾਂਜਲੀ ਦਿੱਤੀ।
ਸਦਨ 'ਚ ਸੋਮਵਾਰ ਨੂੰ ਜ਼ੀਰੋ ਕਾਲ ਦੌਰਾਨ ਵੱਖ-ਵੱਖ ਦਲਾਂ ਦੇ ਮੈਂਬਰਾਂ ਨੇ ਲੋਕ ਮਹੱਤਵ ਦੇ ਕਈ ਮੁੱਦੇ ਚੁੱਕੇ। ਇਸ ਤੋਂ ਪਹਿਲਾਂ ਸਪੀਕਰ ਨੇ ਸਦਨ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਨੂੰ ਕੁਝ ਮੁੱਦਿਆਂ 'ਤੇ ਨਿਯਮ 267 ਦੇ ਅਧੀਨ ਕਈ ਮੈਂਬਰਾਂ ਦੇ ਕਾਰਜ ਮੁਅੱਤਲ ਨੋਟਿਸ ਮਿਲੇ ਹਨ ਪਰ ਉਨ੍ਹਾਂ ਦੇ ਨਿਯਮਾਂ ਅਨੁਰੂਪ ਨਹੀਂ ਹੋਣ ਕਾਰਨ ਉਨ੍ਹਾਂ ਨੂੰ ਅਸਵੀਕਾਰ ਕੀਤਾ ਜਾ ਰਿਹਾ ਹੈ। ਉੱਚ ਸਦਨ 'ਚ ਸੋਮਵਾਰ ਨੂੰ ਪ੍ਰਸ਼ਨ ਕਾਲ ਵੀ ਆਮ ਢੰਗ ਨਾਲ ਚਲਿਆ, ਜਿਸ 'ਚ ਮੈਂਬਰਾਂ ਨੇ ਵੱਖ-ਵੱਖ ਮੰਤਰਾਲਿਆਂ ਨਾਲ ਸੰਬੰਧਤ ਪ੍ਰਸ਼ਨ ਪੁੱਛੇ ਅਤੇ ਸੰਬੰਧਤ ਮੰਤਰੀਆਂ ਨੇ ਉਨ੍ਹਾਂ ਦੇ ਜਵਾਬ ਦਿੱਤੇ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਮੰਗਲਵਾਰ ਨੂੰ ਲੋਕ ਸਭਾ 'ਚ ਨਰਿੰਦਰ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਪਹਿਲਾ ਆਮ ਬਜਟ ਪੇਸ਼ ਕਰੇਗੀ। ਬਾਅਦ 'ਚ ਬਜਟ ਅਤੇ ਇਸ ਨਾਲ ਸੰਬੰਧਤ ਦਸਤਾਵੇਜ਼ ਰਾਜ ਸਭਾ ਦੇ ਮੇਜ਼ 'ਤੇ ਵੀ ਰੱਖੇ ਜਾਣਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e