ਰਾਜਨਾਥ ਸਿੰਘ ਨੇ ਚੀਨ ਦੇ ਰੱਖਿਆ ਮੰਤਰੀ ਸ਼ਾਂਗਫੂ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ ''ਤੇ ਹੋਈ ਚਰਚਾ
Thursday, Apr 27, 2023 - 11:06 PM (IST)
ਨੈਸ਼ਨਲ ਡੈਸਕ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਆਪਣੇ ਚੀਨੀ ਹਮਰੁਤਬਾ ਲੀ ਸ਼ਾਂਗਫੂ ਨਾਲ ਗੱਲਬਾਤ ਕੀਤੀ। ਅਜਿਹਾ ਸਮਝਿਆ ਜਾਂਦਾ ਹੈ ਕਿ ਉਨ੍ਹਾਂ ਨੇ ਪੂਰਬੀ ਲੱਦਾਖ 'ਚ ਚੱਲ ਰਹੇ ਸਰਹੱਦੀ ਵਿਵਾਦ 'ਤੇ ਚਰਚਾ ਕੀਤੀ। ਇਹ ਗੱਲਬਾਤ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਰੱਖਿਆ ਮੰਤਰੀਆਂ ਦੀ ਬੈਠਕ ਵਿੱਚ ਸ਼ਾਮਲ ਹੋਣ ਲਈ ਸ਼ਾਂਗਫੂ ਦੇ ਦਿੱਲੀ ਪਹੁੰਚਣ ਤੋਂ ਬਾਅਦ ਹੋਈ। ਭਾਰਤ SCO ਰੱਖਿਆ ਮੰਤਰੀਆਂ ਦੀ ਬੈਠਕ ਦੀ ਮੇਜ਼ਬਾਨੀ ਕਰ ਰਿਹਾ ਹੈ।
ਇਹ ਵੀ ਪੜ੍ਹੋ : 'ਭਾਜਪਾ ਦੀ ਵਿਚਾਰਧਾਰਾ 'ਚ ਜ਼ਹਿਰ...', ਵਿਵਾਦਤ ਬਿਆਨ 'ਤੇ ਖੜਗੇ ਨੇ ਦਿੱਤੀ ਸਫ਼ਾਈ
3 ਸਾਲ ਪਹਿਲਾਂ ਪੂਰਬੀ ਲੱਦਾਖ 'ਚ ਸਰਹੱਦੀ ਵਿਵਾਦ ਪੈਦਾ ਹੋਣ ਤੋਂ ਬਾਅਦ ਚੀਨੀ ਰੱਖਿਆ ਮੰਤਰੀ ਦੀ ਇਹ ਪਹਿਲੀ ਭਾਰਤ ਯਾਤਰਾ ਹੈ। ਸਿੰਘ ਅਤੇ ਸ਼ਾਂਗਫੂ ਵਿਚਾਲੇ ਮੁਲਾਕਾਤ ਨੂੰ ਲੈ ਕੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਦੋਹਾਂ ਰੱਖਿਆ ਮੰਤਰੀਆਂ ਦੀ ਗੱਲਬਾਤ ਤੋਂ ਕੁਝ ਦਿਨ ਪਹਿਲਾਂ ਭਾਰਤ ਅਤੇ ਚੀਨ ਦੀਆਂ ਫੌਜਾਂ ਨੇ ਸਰਹੱਦੀ ਵਿਵਾਦ ਨੂੰ ਖਤਮ ਕਰਨ ਲਈ ਫੌਜੀ ਵਾਰਤਾ ਦੇ 18ਵੇਂ ਦੌਰ ਦਾ ਆਯੋਜਨ ਕੀਤਾ ਸੀ।
ਇਹ ਵੀ ਪੜ੍ਹੋ : ਪਾਕਿਸਤਾਨ 'ਚ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਨੈਸ਼ਨਲ ਅਸੈਂਬਲੀ 'ਚ ਭਰੋਸੇ ਦਾ ਵੋਟ ਕੀਤਾ ਹਾਸਲ
23 ਅਪ੍ਰੈਲ ਨੂੰ ਹੋਈ ਕੋਰ ਕਮਾਂਡਰ ਵਾਰਤਾ 'ਚ ਦੋਵੇਂ ਧਿਰਾਂ ਸੰਪਰਕ ਬਣਾਈ ਰੱਖਣ ਅਤੇ ਪੂਰਬੀ ਲੱਦਾਖ ਵਿੱਚ ਬਾਕੀ ਮੁੱਦਿਆਂ ਦਾ ਜਲਦ ਤੋਂ ਜਲਦ ਇਕ ਆਪਸੀ ਸਵੀਕਾਰਯੋਗ ਹੱਲ ਲੱਭਣ ਲਈ ਸਹਿਮਤ ਹੋਈਆਂ ਸਨ। ਹਾਲਾਂਕਿ ਵਿਵਾਦ ਨੂੰ ਖਤਮ ਕਰਨ ਲਈ ਅੱਗੇ ਵਧਣ ਦਾ ਕੋਈ ਸਪੱਸ਼ਟ ਸੰਕੇਤ ਨਹੀਂ ਮਿਲਿਆ ਸੀ। ਭਾਰਤ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਨਹੀਂ ਹੁੰਦੀ, ਚੀਨ ਨਾਲ ਉਸ ਦੇ ਸਬੰਧ ਆਮ ਵਾਂਗ ਨਹੀਂ ਹੋ ਸਕਦੇ।
ਇਹ ਵੀ ਪੜ੍ਹੋ : ਅਜਬ-ਗਜ਼ਬ : ਕਿਡਨੀ ਫੇਲ੍ਹ ਹੋਣ ਕਾਰਨ ਮੌਤ ਦੇ ਕੰਢੇ 'ਤੇ ਸੀ ਔਰਤ, ਪਾਲਤੂ ਕੁੱਤੇ ਨੇ ਬਚਾ ਲਈ ਜਾਨ
ਚੀਨੀ ਵਿਦੇਸ਼ ਮੰਤਰੀ ਕਿਨ ਕਾਂਗ ਵੀ ਅਗਲੇ ਹਫਤੇ ਗੋਆ ਵਿੱਚ SCO ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਕਾਨਫਰੰਸ 'ਚ ਸ਼ਾਮਲ ਹੋਣ ਲਈ ਭਾਰਤ ਆਉਣ ਵਾਲੇ ਹਨ। ਮੀਟਿੰਗ 4 ਅਤੇ 5 ਮਈ ਨੂੰ ਹੋਣੀ ਹੈ। ਸਿੰਘ ਨੇ ਵੀਰਵਾਰ ਨੂੰ ਕਜ਼ਾਕਿਸਤਾਨ, ਈਰਾਨ ਅਤੇ ਤਾਜਿਕਸਤਾਨ ਦੇ ਆਪਣੇ ਹਮਰੁਤਬਾ ਨਾਲ ਵੱਖ-ਵੱਖ ਦੁਵੱਲੀ ਗੱਲਬਾਤ ਵੀ ਕੀਤੀ। ਦਿੱਲੀ 'ਚ ਹੋ ਰਹੀ ਬੈਠਕ 'ਚ ਪਾਕਿਸਤਾਨ ਨੂੰ ਛੱਡ ਕੇ ਚੀਨ, ਰੂਸ ਅਤੇ ਹੋਰ ਐੱਸਸੀਓ ਮੈਂਬਰ ਦੇਸ਼ਾਂ ਦੇ ਰੱਖਿਆ ਮੰਤਰੀ ਹਿੱਸਾ ਲੈ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨੀ ਰੱਖਿਆ ਮੰਤਰੀ ਖਵਾਜਾ ਆਸਿਫ ਆਨਲਾਈਨ ਮਾਧਿਅਮ ਰਾਹੀਂ ਬੈਠਕ 'ਚ ਹਿੱਸਾ ਲੈਣਗੇ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।