ਕਲਯੁਗੀ ਮਾਂ! ਅਨਾਜ ਦੇ ਡਰੰਮ ’ਚ ਪਾ ਕੇ ਮਾਰ ਦਿੱਤੇ 4 ਮਾਸੂਮ ਬੱਚੇ, ਫਿਰ ਖ਼ੁਦ ਵੀ ਲਿਆ ਫਾਹਾ

Monday, Jun 05, 2023 - 10:49 AM (IST)

ਕਲਯੁਗੀ ਮਾਂ! ਅਨਾਜ ਦੇ ਡਰੰਮ ’ਚ ਪਾ ਕੇ ਮਾਰ ਦਿੱਤੇ 4 ਮਾਸੂਮ ਬੱਚੇ, ਫਿਰ ਖ਼ੁਦ ਵੀ ਲਿਆ ਫਾਹਾ

ਜੈਪੁਰ (ਭਾਸ਼ਾ)- ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਦੇ ਮੰਡਲੀ ਥਾਣਾ ਖੇਤਰ ’ਚ ਸ਼ਨੀਵਾਰ ਸ਼ਾਮ ਇਕ ਮਾਂ ਨੇ ਆਪਣੇ ਚਾਰ ਬੱਚਿਆਂ ਦਾ ਕਤਲ ਕਰ ਕੇ ਖੁਦ ਨੂੰ ਫ਼ਾਂਸੀ ਲਾ ਕੇ ਖ਼ੁਦਕੁਸ਼ੀ ਕਰ ਲਈ। ਇਕ ਪੁਲਸ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਔਰਤ ਨੇ ਪਹਿਲਾਂ ਆਪਣੇ 4 ਬੱਚਿਆਂ ਨੂੰ ਕਥਿਤ ਤੌਰ ’ਤੇ ਅਨਾਜ ਦੇ ਡਰੰਮ ’ਚ ਪਾ ਕੇ ਉਸ ਦਾ ਢੱਕਣ ਬੰਦ ਕਰ ਦਿੱਤਾ ਅਤੇ ਫਿਰ ਖ਼ੁਦ ਨੂੰ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਕਿਹਾ ਕਿ 5 ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ ’ਚ ਰਖਵਾਇਆ ਗਿਆ ਹੈ। ਮੰਡਲੀ ਥਾਣੇ ਦੇ ਅਧਿਕਾਰੀ ਕਮਲੇਸ਼ ਨੇ ਦੱਸਿਆ ਕਿ ਬਾਨਿਆਵਾਸ ਪਿੰਡ ਦੀ ਰਹਿਣ ਵਾਲੀ ਉਰਮਿਲਾ (27) ਨੇ ਆਪਣੇ ਚਾਰ ਬੱਚਿਆਂ ਭਾਵਨਾ (8), ਵਿਕਰਮ (5), ਵਿਮਲਾ (3) ਅਤੇ ਮਨੀਸ਼ਾ (2) ਨੂੰ ਕਥਿਤ ਤੌਰ ’ਤੇ ਅਨਾਜ ਵਾਲੇ ਡਰੰਮ ’ਚ ਪਾ ਕੇ ਉੱਪਰੋਂ ਢੱਕਣ ਬੰਦ ਕਰ ਦਿੱਤਾ।

ਇਹ ਵੀ ਪੜ੍ਹੋ : ਓਡੀਸ਼ਾ ਰੇਲ ਹਾਦਸੇ ਮਗਰੋਂ ਚਰਚਾ 'ਚ 'ਕਵਚ ਸਿਸਟਮ', ਬਚ ਸਕਦੀਆਂ ਸਨ ਸੈਂਕੜੇ ਜਾਨਾਂ

ਪੁਲਸ ਅਧਿਕਾਰੀ ਦੇ ਮੁਤਾਬਕ,‘‘ਘਟਨਾ ਦੇ ਸਮੇਂ ਔਰਤ ਦਾ ਪਤੀ ਜੇਠਾਰਾਮ ਮਜ਼ਦੂਰੀ ਲਈ ਬਾਲੇਸਰ (ਜੋਧਪੁਰ) ਗਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਜਦੋਂ ਸ਼ਾਮ ਦੇ ਸਮੇਂ ’ਚ ਉਰਮਿਲਾ ਅਤੇ ਉਸ ਦੇ ਬੱਚੇ ਨਹੀਂ ਦਿਸੇ, ਤਾਂ ਕੋਲ ਹੀ ਰਹਿ ਰਹੇ ਜੇਠਾਰਾਮ ਦੇ ਰਿਸ਼ਤੇਦਾਰ ਉਸ ਦੇ ਘਰ ਪੁੱਜੇ। ਪੁਲਸ ਅਧਿਕਾਰੀ ਅਨੁਸਾਰ, ਰਿਸ਼ਤੇਦਾਰਾਂ ਨੇ ਉਰਮਿਲਾ ਨੂੰ ਫ਼ਾਂਸੀ ਦੇ ਫੰਦੇ ਨਾਲ ਝੂਲਦੇ ਵੇਖਿਆ ਅਤੇ ਉਨ੍ਹਾਂ ਨੇ ਜਦੋਂ ਬੱਚਿਆਂ ਦੀ ਤਲਾਸ਼ ਕੀਤੀ, ਤਾਂ ਉਹ ਡਰੰਮ ਦੇ ਅੰਦਰ ਮਿਲੇ।'' ਇਸ ਤੋਂ ਬਾਅਦ, ਰਿਸ਼ਤੇਦਾਰਾਂ ਨੇ ਪੁਲਸ ਨੂੰ ਮਾਮਲੇ ਦੀ ਸੂਚਨਾ ਦਿੱਤੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪਹਿਲੀ ਨਜ਼ਰੇ ਇਹ ਪਤੀ-ਪਤਨੀ ਵਿਚਾਲੇ ਝਗੜੇ ਕਾਰਨ ਔਰਤ ਵੱਲੋਂ ਆਪਣੇ ਬੱਚਿਆਂ ਦੇ ਕਤਲ ਤੋਂ ਬਾਅਦ ਖ਼ੁਦਕੁਸ਼ੀ ਕਰਨ ਦਾ ਮਾਮਲਾ ਜਾਪਦਾ ਹੈ। ਉਨ੍ਹਾਂ ਕਿਹਾ ਕਿ ਔਰਤ ਦੇ ਘਰਵਾਲਿਆਂ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News