ਦੇਰ ਰਾਤ ਤੋਂ ਭਾਰੀ ਮੀਂਹ, ਸਕੂਲਾਂ ''ਚ 2 ਦਿਨ ਛੁੱਟੀ
Thursday, Jan 16, 2025 - 10:16 AM (IST)
ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦਿੱਲੀ 'ਚ ਬੁੱਧਵਾਰ ਰਾਤ ਤੋਂ ਪੈ ਰਹੇ ਮੋਹਲੇਧਾਰ ਮੀਂਹ ਨੇ ਠੰਡ ਨੂੰ ਹੋਰ ਵਧਾ ਦਿੱਤਾ ਹੈ। ਸੰਘਣੀ ਧੁੰਦ ਦੀ ਮਾਰ ਝੱਲ ਰਹੇ ਦਿੱਲੀ ਵਾਸੀਆਂ ਨੂੰ ਹੁਣ ਮੀਂਹ ਦਾ ਸਾਹਮਣਾ ਕਰਨਾ ਪਿਆ। ਮੀਂਹ ਪੂਰੀ ਰਾਤ ਪੈਂਦਾ ਰਿਹਾ, ਜਿਸ ਕਾਰਨ ਦਿੱਲੀ ਦੇ ਕਈ ਇਲਾਕਿਆਂ ਵਿਚ ਠੰਡ ਵੱਧ ਗਈ ਅਤੇ ਲੋਕਾਂ ਨੂੰ ਠੰਡ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਮੁਤਾਬਕ ਅਗਲੇ ਦੋ ਦਿਨਾਂ ਵਿਚ ਠੰਡ ਹੋ ਵੱਧ ਸਕਦੀ ਹੈ, ਖ਼ਾਸ ਕਰ ਕੇ ਸਵੇਰੇ ਅਤੇ ਸ਼ਾਮ ਦੇ ਸਮੇਂ।
ਮੌਸਮ ਦੇ ਇਸ ਬਦਲਾਅ ਨੇ ਨੋਇਡਾ ਵਿਚ ਸਿੱਖਿਆ ਵਿਵਸਥਾ 'ਤੇ ਵੀ ਅਸਰ ਪਾਇਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਮੀਂਹ ਅਤੇ ਠੰਡ ਨੂੰ ਵੇਖਦੇ ਹੋਏ ਨਰਸਰੀ ਤੋਂ 8ਵੀਂ ਜਮਾਤ ਤੱਕ ਦੇ ਸਾਰੇ ਸਕੂਲਾਂ ਨੂੰ ਦੋ ਦਿਨ ਲਈ ਬੰਦ ਕਰਨ ਦਾ ਆਦੇਸ਼ ਦਿੱਤਾ ਹੈ। ਹਾਲਾਂਕਿ ਕੁਝ ਸਕੂਲਾਂ ਨੇ ਆਨਲਾਈਨ ਕਲਾਸਾਂ ਸ਼ੁਰੂ ਕਰ ਦਿੱਤੀਆਂ ਹਨ ਪਰ 8ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਸਕੂਲ ਬੁਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਫ਼ੈਸਲਾ ਬੱਚਿਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਲਿਆ ਗਿਆ ਹੈ।
ਪਿਛਲੇ ਕੁਝ ਘੰਟਿਆਂ ਵਿਚ ਦਿੱਲੀ ਦੇ ਪਾਲਮ ਖੇਤਰ ਵਿਚ ਅੱਧੀ ਰਾਤ ਤੋਂ ਲੈ ਕੇ ਸਵੇਰੇ 5.30 ਵਜੇ ਤੱਕ ਲੱਗਭਗ 9 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਪੂਸਾ ਅਤੇ ਮਯੂਰ ਵਿਹਾਰ ਵਿਚ ਵੀ ਮੀਂਹ ਪਿਆ। ਹਾਲਾਂਕਿ ਇਨ੍ਹਾਂ ਖੇਤਰਾਂ ਵਿਚ ਮੀਂਹ ਕੁਝ ਘੱਟ ਪਿਆ। 16 ਜਨਵਰੀ ਨੂੰ ਸਵੇਰੇ 5.30 ਵਜੇ ਦਿੱਲੀ ਦਾ ਤਾਪਮਾਨ 11.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਦਿਨ ਦੇ ਸਮੇਂ ਤਾਪਮਾਨ 'ਚ ਹੋਰ ਗਿਰਾਵਟ ਦੀ ਸੰਭਾਵਨਾ ਹੈ। ਅਜਿਹੇ ਵਿਚ ਦਿਨ ਭਰ ਠੰਡ ਰਹਿਣ ਦੀ ਸੰਭਾਵਨਾ ਹੈ।
ਇਸ ਮੋਹਲੇਧਾਰ ਮੀਂਹ ਕਾਰਨ ਦਿੱਲੀ ਵਿਚ ਕਈ ਟਰੇਨਾਂ ਦੇ ਸਮੇਂ 'ਤੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਮੌਸਮ ਵਿਭਾਗ ਮੁਤਾਬਕ 29 ਟਰੇਨਾਂ ਵਿਚ ਦੇਰੀ ਹੋ ਸਕਦੀ ਹੈ। ਮੌਸਮ ਵਿਭਾਗ ਮੁਤਾਬਕ 16 ਜਨਵਰੀ ਨੂੰ ਉੱਤਰ ਪ੍ਰਦੇਸ਼, ਬਿਹਾਰ, ਪੰਜਾਬ, ਹਰਿਆਣਾ, ਪੱਛਮੀ ਬੰਗਾਲ ਅਤੇ ਦਿੱਲੀ ਵਿਚ ਸੰਘਣੀ ਧੁੰਦ ਛਾਈ ਰਹਿ ਸਕਦੀ ਹੈ। ਨਾਲ ਹੀ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ।