ਦਿੱਲੀ-ਹਰਿਆਣਾ ’ਚ ਗੈਂਗਸਟਰਾਂ ਵਿਰੁੱਧ 25 ਥਾਵਾਂ ’ਤੇ ਛਾਪੇਮਾਰੀ, 6 ਅਪਰਾਧੀ ਗ੍ਰਿਫਤਾਰ
Monday, Sep 15, 2025 - 11:45 PM (IST)

ਨਵੀਂ ਦਿੱਲੀ (ਭਾਸ਼ਾ)-ਦਿੱਲੀ ਪੁਲਸ ਨੇ ਸੰਗਠਿਤ ਅਪਰਾਧ ਵਿਰੁੱਧ ਇਕ ਵੱਡੀ ਕਾਰਵਾਈ ਕਰਦੇ ਹੋਏ ਸੋਮਵਾਰ ਤੜਕੇ ਰਾਸ਼ਟਰੀ ਰਾਜਧਾਨੀ ਅਤੇ ਹਰਿਆਣਾ ਵਿਚ 25 ਥਾਵਾਂ ’ਤੇ ਇੱਕੋ ਸਮੇਂ ਛਾਪੇਮਾਰੀ ਕੀਤੀ ਅਤੇ ਵੱਖ-ਵੱਖ ਗਿਰੋਹਾਂ ਨਾਲ ਸਬੰਧਤ 6 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਲੋਕ ਕਪਿਲ ਸਾਂਗਵਾਨ ਅਤੇ ਵਿੱਕੀ ਟੱਕਰ ਗੈਂਗ ਨਾਲ ਜੁੜੇ ਹੋਏ ਹਨ।
ਡਿਪਟੀ ਕਮਿਸ਼ਨਰ ਆਫ਼ ਪੁਲਸ (ਦਵਾਰਕਾ) ਅੰਕਿਤ ਸਿੰਘ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਕਾਰਵਾਈ 380 ਪੁਲਸ ਮੁਲਾਜ਼ਮਾਂ ਦੀਆਂ 25 ਟੀਮਾਂ ਵੱਲੋਂ ਦਵਾਰਕਾ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਗੈਂਗਸਟਰਾਂ ਦੇ ਨੈੱਟਵਰਕ ਨੂੰ ਖਤਮ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ। ਦਿੱਲੀ ਵਿਚ 19 ਥਾਵਾਂ ’ਤੇ ਅਤੇ ਹਰਿਆਣਾ ਵਿਚ 6 ਥਾਵਾਂ ’ਤੇ ਛਾਪੇਮਾਰੀ ਕੀਤੀ ਗਈ।
ਪੁਲਸ ਨੇ ਦੱਸਿਆ ਕਿ ਗੈਂਗਸਟਰ ਕਪਿਲ ਸਾਂਗਵਾਨ ਉਰਫ ਨੰਦੂ ਦੇ ਇਕ ਕਥਿਤ ‘ਫਾਈਨਾਂਸਰ’ ਦੇ ਘਰੋਂ 34.75 ਲੱਖ ਰੁਪਏ ਨਕਦ ਅਤੇ ਲੱਗਭਗ 50 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਜ਼ਬਤ ਕੀਤੇ ਗਏ।