ਲੋਇਆ ਕੇਸ: ਭਾਜਪਾ ਬੋਲੀ- ਦੇਸ਼ ਅਤੇ ਅਮਿਤ ਸ਼ਾਹ ਤੋਂ ਮੁਆਫ਼ੀ ਮੰਗਣ ਰਾਹੁਲ ਗਾਂਧੀ

04/19/2018 1:34:09 PM

ਨਵੀਂ ਦਿੱਲੀ— ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਬੀ.ਐੱਚ. ਲੋਇਆ ਦੀ ਮੌਤ ਦੇ ਮਾਮਲੇ ਦੀ ਸੁਤੰਤਰ ਜਾਂਚ ਦਲ ਤੋਂ ਜਾਂਚ ਦੀ ਮੰਗ ਸੁਪਰੀਮ ਕੋਰਟ ਵੱਲੋਂ ਖਾਰਜ ਕੀਤੇ ਜਾਣ ਤੋਂ ਬਾਅਦ ਹੁਣ ਇਸ 'ਤੇ ਰਾਜਨੀਤੀ ਸ਼ੁਰੂ ਹੋ ਗਈ ਹੈ। ਭਾਜਪਾ ਨੇ ਇਸ ਪੂਰੇ ਮਾਮਲੇ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਘੇਰਦੇ ਹੋਏ ਕਿਹਾ ਕਿ ਉਹ ਉਸ ਲਾਬੀ ਦੇ ਪਿੱਛੇ ਸਨ, ਜਿਸ ਨੇ ਕੋਰਟ 'ਚ ਸਿਆਸੀ ਲੜਾਈ ਲੜੀ। ਭਾਜਪਾ ਬੁਲਾਰੇ ਸਾਂਬਿਤ ਪਾਤਰਾ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਅਮਿਤ ਸ਼ਾਹ ਸਮੇਤ ਦੇਸ਼ ਦੀ ਜਨਤਾ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਭਾਜਪਾ ਨੇਤਾ ਗੌਰਵ ਭਾਟੀਆ ਨੇ ਪੀ.ਆਈ.ਐੱਲ. 'ਤੇ ਸਵਾਲ ਚੁੱਕਦੇ ਹੋਏ ਕਿਹਾ,''ਕੁਝ ਲੋਕਾਂ ਨੇ ਪੀ.ਆਈ.ਐੱਲ. ਨੂੰ ਪਾਲਿਟੀਕਲ ਇੰਟਰੈਸਟ ਲਿਟੀਗੇਸ਼ਨ ਅਤੇ ਪੈਸਾ ਇੰਟਰੈਸਟ ਲਿਟੀਗੇਸ਼ਨ ਬਣਾ ਦਿੱਤਾ ਹੈ।'' ਗੌਰਵ ਭਾਟੀਆ ਨੇ ਕਿਹਾ,''ਅਸੀਂ ਦੇਖਿਆ ਹੈ ਕਿ ਅਦਾਲਤ 'ਚ ਕਿਵੇਂ ਇਨ੍ਹਾਂ ਪਟੀਸ਼ਨਾਂ ਨੂੰ ਦਾਖਲ ਕਰਨ ਵਾਲੇ ਵਕੀਲਾਂ ਨੇ ਜੱਜਾਂ ਨਾਲ ਬਦਸਲੂਕੀ ਕੀਤੀ। ਕੋਰਟ ਦੇ ਅੰਦਰ ਸਿਆਸੀ ਲੜਾਈ ਲੜੀ ਜਾ ਰਹੀ ਸੀ। ਦੁਖਦ ਇਹ ਹੈ ਕਿ ਕਿਸੇ ਪੈਂਡਿੰਗ ਮਾਮਲੇ ਲਈ ਐਡਵੋਕੇਟਾਂ ਦਾ ਸਮੂਹ ਟੀ.ਵੀ. 'ਤੇ ਕੋਰਟ ਦੇ ਜੱਜ ਦੇ ਚਰਿੱਤਰ 'ਤੇ ਸਵਾਲ ਚੁੱਕਦੇ ਸਨ। ਇਸ ਮਾਮਲੇ 'ਚ ਸਾਡੇ ਰਾਸ਼ਟਰੀ ਪ੍ਰਧਾਨ ਦਾ ਚਰਿੱਤਰ ਹਨਨ ਕੀਤਾ ਜਾ ਰਿਹਾ ਹੈ।'' ਉਨ੍ਹਾਂ ਨੇ ਕਿਹਾ ਕਿ ਅਸੀਂ ਭੁੱਲੇ ਨਹੀਂ ਹਾਂ ਕਿ 2ਜੀ ਕੇਸ 'ਚ ਹੇਠਲੀ ਅਦਾਲਤ ਦੇ ਫੈਸਲੇ 'ਤੇ ਕਾਂਗਰਸ ਨੇ ਮਠਿਆਈ ਵੰਡੀ ਸੀ ਅਤੇ ਅੱਜ ਫੈਸਲੇ ਪਹਿਲਾਂ ਹੀ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਜਾਣ ਲੱਗੀਆਂ ਹਨ। ਕੀ ਇਹ ਮੰਨ ਲਈਏ ਕਿ ਖਾਤਾ ਨਾ ਬਹੀ, ਜੋ ਰਾਹੁਲ ਗਾਂਧੀ ਕਹੇ ਉਹੀ ਸਹੀ।
ਭਾਜਪਾ ਨੇ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਕਿ ਇਨ੍ਹਾਂ ਪਟੀਸ਼ਨਾਂ ਦੇ ਪਿੱਛੇ ਅਦ੍ਰਿਸ਼ ਹੱਥ ਕਿਸੇ ਦਾ ਸੀ ਤਾਂ ਉਹ ਕਾਂਗਰਸ ਦਾ ਸੀ, ਰਾਹੁਲ ਗਾਂਧੀ ਦਾ ਸੀ। ਇਸ ਨਾਲ ਹੇਠਲਾ ਪੱਧਰ ਭਾਰਤ ਦੀ ਰਾਜਨੀਤੀ 'ਚ ਕਦੇ ਨਹੀਂ ਹੋਇਆ। ਇਸ ਲਈ ਰਾਹੁਲ ਗਾਂਧੀ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਕਾਂਗਰਸ ਨੇ ਅਦਾਲਤ ਨੂੰ ਸੜਕ 'ਤੇ ਲਿਆਉਣ ਦਾ ਕੰਮ ਕੀਤਾ ਹੈ। ਪਾਤਰਾ ਨੇ ਕਿਹਾ ਕਿ ਕਾਂਗਰਸ ਨੇ ਹਿੰਦੁਸਤਾਨ ਦੀ ਜਨਤਾ ਦਾ ਵਿਸ਼ਵਾਸ ਗਵਾ ਦਿੱਤਾ ਹੈ। ਇਸ ਲਈ ਬਦਲੇ ਦੇ ਭਾਵ ਨਾਲ ਤੁਸੀਂ ਸੜ ਰਹੇ ਹੋ, ਇਹ ਉੱਚਿਤ ਨਹੀਂ ਹੈ। ਸਰਵਉੱਚ ਅਦਾਲਤ ਨੇ ਅੱਜ ਜਵਾਬ ਦਿੱਤਾ ਹੈ। ਸੁਪਰੀਮ ਕੋਰਟ 'ਤੇ ਸ਼ੱਕ ਕਰਨ ਲਈ ਰਾਹੁਲ ਗਾਂਧੀ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ।''

ਉੱਥੇ ਹੀ ਜੱਜ ਲੋਇਆ ਕੇਸ 'ਚ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਕਿਹਾ ਕਿ ਫੈਸਲਾ ਆਉਣ ਤੋਂ ਬਾਅਦ ਕਾਂਗਰਸ ਬੇਨਕਾਬ ਹੋ ਚੁਕੀ ਹੈ। ਯੋਗੀ ਨੇ ਕਿਹਾ,''ਕਾਂਗਰਸ ਨੇ ਦੇਸ਼ 'ਚ ਅਜਿਹਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਸਰਕਾਰ ਦੇ ਖਿਲਾਫ ਨਕਾਰਾਤਮਕ ਭਾਵਨਾਵਾਂ ਨੂੰ ਉਤਸ਼ਾਹ ਮਿਲੇ। ਅਸੀਂ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ।''

ਦੂਜੇ ਪਾਸੇ ਕਾਂਗਰਸ ਨੇਤਾ ਸਲਮਾਨ ਖੁਰਸ਼ੀਦ ਨੇ ਕਿਹਾ,''ਜੱਜ ਲੋਇਆ ਕੇਸ 'ਤੇ ਆਏ ਫੈਸਲੇ ਨਾਲ ਕਈ ਲੋਕ ਅਸੰਤੁਸ਼ਟ ਹੋਣਗੇ ਪਰ ਇਹ ਸੁਪਰੀਮ ਕੋਰਟ ਦਾ ਫੈਸਲਾ ਹੈ। ਸਾਨੂੰ ਸੁਪਰੀਮ ਕੋਰਟ ਦੇ ਫੈਸਲੇ ਨੂੰ ਸਵੀਕਾਰ ਕਰਨਾ ਚਾਹੀਦਾ ਅਤੇ ਇਸ ਦਾ ਸਨਮਾਨ ਕਰਨਾ ਚਾਹੀਦਾ।''