'ਚੁੱਪ ਕਰਵਾਇਆ, ਹਾਰਿਆ ਨਹੀਂ ਹਾਂ', ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਉਣ 'ਤੇ ਬੋਲੇ ਰਾਘਵ ਚੱਢਾ
Friday, Apr 03, 2026 - 10:50 AM (IST)
ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ 'ਚ ਡਿਪਟੀ ਲੀਡਰ ਅਹੁਦੇ ਤੋਂ ਹਟਾਏ ਜਾਣ ਮਗਰੋਂ ਸੰਸਦ ਮੈਂਬਰ ਰਾਘਵ ਚੱਢਾ ਨੇ ਪਹਿਲੀ ਪ੍ਰਤੀਕਿਰਿਆ ਦਿੱਤੀ ਹੈ। ਰਾਘਵ ਚੱਢਾ ਨੇ ਇਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਉਹ ਹਾਰੇ ਨਹੀਂ ਹਨ।
ਪਾਰਟੀ ਨੇ ਬੋਲਣ 'ਤੇ ਲਗਾਈ ਰੋਕ
ਆਮ ਆਦਮੀ ਪਾਰਟੀ ਨੇ ਰਾਜ ਸਭਾ ਸਕੱਤਰੇਤ ਨੂੰ ਪੱਤਰ ਲਿਖ ਕੇ ਰਾਘਵ ਚੱਢਾ ਦੀ ਥਾਂ ਅਸ਼ੋਕ ਮਿੱਤਲ ਨੂੰ ਡਿਪਟੀ ਲੀਡਰ ਨਿਯੁਕਤ ਕੀਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪਾਰਟੀ ਨੇ ਸਕੱਤਰੇਤ ਨੂੰ ਇਹ ਵੀ ਸੂਚਿਤ ਕੀਤਾ ਹੈ ਕਿ ਰਾਘਵ ਚੱਢਾ ਨੂੰ ਸਦਨ 'ਚ ਪਾਰਟੀ ਵੱਲੋਂ ਬੋਲਣ ਦਾ ਸਮਾਂ ਨਾ ਦਿੱਤਾ ਜਾਵੇ। ਇਸ 'ਤੇ ਸਵਾਲ ਚੁੱਕਦੇ ਹੋਏ ਚੱਢਾ ਨੇ ਕਿਹਾ,"ਕੋਈ ਮੇਰੇ ਬੋਲਣ 'ਤੇ ਰੋਕ ਕਿਉਂ ਲਗਾਉਣਾ ਚਾਹੇਗਾ? ਮੈਂ ਤਾਂ ਹਮੇਸ਼ਾ ਦੇਸ਼ ਦੇ ਆਮ ਆਦਮੀ ਦੀ ਗੱਲ ਕਰਦਾ ਹਾਂ।''
"ਮੈਂ ਉਹ ਦਰਿਆ ਹਾਂ ਜੋ ਸੈਲਾਬ ਬਣੇਗਾ"
ਸੰਸਦ ਕੰਪਲੈਕਸ ਤੋਂ ਜਾਰੀ ਕੀਤੇ 2.18 ਮਿੰਟ ਦੇ ਵੀਡੀਓ 'ਚ ਰਾਘਵ ਚੱਢਾ ਨੇ ਚਿਤਾਵਨੀ ਭਰੇ ਲਹਿਜੇ 'ਚ ਕਿਹਾ,"ਮੇਰੀ ਖਾਮੋਸ਼ੀ ਨੂੰ ਮੇਰੀ ਹਾਰ ਨਾ ਸਮਝ ਲੈਣਾ। ਮੈਂ ਉਹ ਦਰਿਆ ਹਾਂ, ਜੋ ਸਮਾਂ ਆਉਣ 'ਤੇ ਸੈਲਾਬ ਬਣਦਾ ਹੈ।'' ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਅੱਜ ਉਨ੍ਹਾਂ ਦੇ ਬੋਲਣ ਦਾ ਅਧਿਕਾਰ ਖੋਹਿਆ ਹੈ, ਉਹ ਇਹ ਯਾਦ ਰੱਖਣ ਕਿ ਉਹ ਜਨਤਾ ਦੇ ਹੱਕਾਂ ਲਈ ਲੜਦੇ ਰਹਿਣਗੇ।
ਇਹ ਵੀ ਪੜ੍ਹੋ : 'ਸਮਾਰਟ ਮੀਟਰਾਂ' ਨੂੰ ਲੈ ਕੇ ਸਰਕਾਰ ਦਾ ਵੱਡਾ ਐਲਾਨ ! ਦੇਸ਼ ਦੇ ਕਰੋੜਾਂ ਲੋਕਾਂ ਲਈ ਅਹਿਮ ਖ਼ਬਰ
ਜਨਤਾ ਦੇ ਮੁੱਦੇ ਚੁੱਕਣਾ ਕੀ ਗੁਨਾਹ ਹੈ?
ਰਾਘਵ ਚੱਢਾ ਨੇ ਸੂਚੀਬੱਧ ਕੀਤਾ ਕਿ ਉਨ੍ਹਾਂ ਨੇ ਸੰਸਦ ਵਿੱਚ ਹਮੇਸ਼ਾ ਅਜਿਹੇ ਮੁੱਦੇ ਉਠਾਏ ਜੋ ਸਿੱਧੇ ਤੌਰ 'ਤੇ ਆਮ ਲੋਕਾਂ ਨਾਲ ਜੁੜੇ ਹੋਏ ਹਨ:
- ਮੋਬਾਈਲ ਰੀਚਾਰਜ 28 ਦਿਨਾਂ ਦੀ ਬਜਾਏ ਪੂਰੇ ਮਹੀਨੇ ਦਾ ਹੋਣਾ ਚਾਹੀਦਾ ਹੈ।
- ਏਅਰਪੋਰਟਾਂ 'ਤੇ ਮਹਿੰਗੇ ਖਾਣੇ ਦੀ ਬਜਾਏ ਕਿਫਾਇਤੀ ਕੈਫੇ ਹੋਣੇ ਚਾਹੀਦੇ ਹਨ।
- ਜ਼ੋਮੈਟੋ-ਬਲਿੰਕਿਟ ਵਰਗੇ ਗਿਗ ਵਰਕਰਾਂ ਦੀ ਸਮਾਜਿਕ ਸੁਰੱਖਿਆ ਅਤੇ ਬੈਂਕਾਂ ਵੱਲੋਂ ਲਗਾਏ ਜਾਂਦੇ ਵਾਧੂ ਚਾਰਜਾਂ ਦਾ ਮੁੱਦਾ।
- ਕੰਟੈਂਟ ਕ੍ਰਿਏਟਰਾਂ 'ਤੇ ਸਟ੍ਰਾਈਕ ਅਤੇ ਮੱਧ ਵਰਗ 'ਤੇ ਟੈਕਸ ਦਾ ਬੋਝ।
ਉਨ੍ਹਾਂ ਸਵਾਲ ਕੀਤਾ ਕਿ ਕੀ ਇਨ੍ਹਾਂ ਮੁੱਦਿਆਂ 'ਤੇ ਗੱਲ ਕਰਨਾ ਕੋਈ ਗੁਨਾਹ ਹੈ ਜਾਂ ਇਸ ਨਾਲ ਪਾਰਟੀ ਦਾ ਕੀ ਨੁਕਸਾਨ ਹੋ ਰਿਹਾ ਸੀ? ਦੱਸਣਯੋਗ ਹੈ ਕਿ ਰਾਘਵ ਚੱਢਾ 2022 ਤੋਂ ਪੰਜਾਬ ਤੋਂ ਰਾਜ ਸਭਾ ਮੈਂਬਰ ਹਨ ਅਤੇ ਉਨ੍ਹਾਂ ਦਾ ਕਾਰਜਕਾਲ 2028 ਤੱਕ ਹੈ। ਹਾਲਾਂਕਿ ਪਾਰਟੀ ਨੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦਾ ਕੋਈ ਸਪੱਸ਼ਟ ਕਾਰਨ ਨਹੀਂ ਦੱਸਿਆ, ਪਰ ਚਰਚਾ ਹੈ ਕਿ ਉਹ ਲੰਬੇ ਸਮੇਂ ਤੋਂ ਪਾਰਟੀ ਤੋਂ ਦੂਰੀ ਬਣਾ ਕੇ ਚੱਲ ਰਹੇ ਸਨ। ਚੱਢਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦਾ ਸਾਥ ਨਾ ਛੱਡਣ ਕਿਉਂਕਿ ਉਹ ਜਨਤਾ ਦੇ ਭਰੋਸੇ ਸਦਕਾ ਹੀ ਅੱਗੇ ਵਧ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
