ਕਰਨਾਟਕ ਦੇ 4 ਰੇਲਵੇ ਸਟੇਸ਼ਨਾਂ ਦਾ ਨਾਂ ਸੰਤਾਂ ਦੇ ਨਾਮ ''ਤੇ ਰੱਖਣ ਦਾ ਪ੍ਰਸਤਾਵ
Thursday, Nov 13, 2025 - 04:47 PM (IST)
ਬੈਂਗਲੁਰੂ : ਕਰਨਾਟਕ ਵਿੱਚ ਚਾਰ ਪ੍ਰਮੁੱਖ ਰੇਲਵੇ ਸਟੇਸ਼ਨਾਂ ਦਾ ਨਾਮ ਰਾਜ ਦੇ ਪ੍ਰਸਿੱਧ ਸੰਤਾਂ ਦੇ ਨਾਮ 'ਤੇ ਰੱਖਣ ਦਾ ਪ੍ਰਸਤਾਵ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜਿਆ ਗਿਆ ਹੈ। ਕਰਨਾਟਕ ਦੇ ਮੰਤਰੀ ਐੱਮ. ਬੀ. ਪਾਟਿਲ ਨੇ ਵੀਰਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਰੇਲਵੇ ਸਟੇਸ਼ਨਾਂ ਦਾ ਨਾਮ ਬਦਲਣਾ ਸਥਾਨਕ ਸੱਭਿਆਚਾਰਕ ਮਹੱਤਵ ਦੇ ਅਨੁਕੂਲ ਹੈ। ਬੁਨਿਆਦੀ ਢਾਂਚਾ ਵਿਭਾਗ ਨੇ ਇਸ ਸੰਬੰਧੀ ਅਧਿਕਾਰਤ ਸੂਚਨਾ ਭੇਜ ਦਿੱਤੀ ਹੈ, ਅਤੇ ਇਸ ਲਈ ਕੇਂਦਰੀ ਗ੍ਰਹਿ ਮੰਤਰਾਲੇ ਦੀ ਮਨਜ਼ੂਰੀ ਦੀ ਲੋੜ ਹੈ।
ਕਿਹੜੇ ਸਟੇਸ਼ਨਾਂ ਦੇ ਬਦਲਣਗੇ ਨਾਮ?
ਮੰਤਰੀ ਐੱਮ. ਬੀ. ਪਾਟਿਲ ਨੇ ਆਪਣੇ ਪੱਤਰ ਵਿੱਚ ਹੇਠ ਲਿਖੇ ਚਾਰ ਰੇਲਵੇ ਸਟੇਸ਼ਨਾਂ ਦੇ ਨਾਮ ਬਦਲਣ ਦਾ ਪ੍ਰਸਤਾਵ ਦਿੱਤਾ ਹੈ, ਜੋ ਸਾਰੇ ਦੱਖਣੀ ਪੱਛਮੀ ਰੇਲਵੇ ਦੇ ਹੁਬਲੀ ਮੰਡਲ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਹਨ:
1. ਵਿਜੇਪੁਰਾ ਰੇਲਵੇ ਸਟੇਸ਼ਨ ਦਾ ਨਾਮ ਬਦਲ ਕੇ ਗਿਆਨ ਯੋਗੀ ਸ਼੍ਰੀ ਸਿੱਧੇਸ਼ਵਰ ਸਵਾਮੀਜੀ ਰੇਲਵੇ ਸਟੇਸ਼ਨ ਰੱਖਿਆ ਜਾਵੇ।
2. ਬੇਲਗਾਵੀ ਸਟੇਸ਼ਨ ਦਾ ਨਾਮ ਬਦਲ ਕੇ ਸ਼੍ਰੀ ਬਸਵ ਮਹਾਸਵਾਮੀਜੀ ਰੇਲਵੇ ਸਟੇਸ਼ਨ ਰੱਖਿਆ ਜਾਵੇ।
3. ਬੀਦਰ ਸਟੇਸ਼ਨ ਦਾ ਨਾਮ ਬਦਲ ਕੇ ਚੰਨਾਬਸਵ ਪੱਟਾਦੇਵਰੂ ਰੇਲਵੇ ਸਟੇਸ਼ਨ ਰੱਖਿਆ ਜਾਵੇ।
4. ਸੋਰਾਗੋਂਡਾਨਾਕੋੱਪਾ ਸਟੇਸ਼ਨ ਦਾ ਨਾਮ ਬਦਲ ਕੇ ਭਯਾਗੜਾ ਰੇਲਵੇ ਸਟੇਸ਼ਨ ਕਰਨ ਦੀ ਮੰਗ ਕੀਤੀ ਗਈ ਹੈ।
ਸੱਭਿਆਚਾਰਕ ਯੋਗਦਾਨ ਦਾ ਸਨਮਾਨ
ਮੰਤਰੀ ਨੇ ਅੱਗੇ ਦੱਸਿਆ ਕਿ ਪ੍ਰਸਤਾਵਿਤ ਸੰਤਾਂ ਨੇ ਕਰਨਾਟਕ ਦੇ ਵੱਖ-ਵੱਖ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਨਾਮ ਬਦਲਣ ਨੂੰ ਜਲਦੀ ਤੋਂ ਜਲਦੀ ਮਨਜ਼ੂਰੀ ਦਿੱਤੀ ਜਾਵੇ ਅਤੇ ਇਸ ਨੂੰ ਸਰਕਾਰੀ ਗਜ਼ਟ ਵਿੱਚ ਅਧਿਕਾਰਤ ਤੌਰ 'ਤੇ ਨੋਟੀਫਾਈ ਕੀਤਾ ਜਾਵੇ।
