ਪ੍ਰਿਯੰਕਾ ਨੂੰ ਵਾਇਨਾਡ ਤੋਂ ਜ਼ਿਮਨੀ ਚੋਣ ’ਚ ਉਤਾਰ ਕੇ ਕਿੰਨੀ ਸਫਲ ਹੋਵੇਗੀ ਕਾਂਗਰਸ!

Friday, Jun 21, 2024 - 09:41 AM (IST)

ਨੈਸ਼ਨਲ ਡੈਸਕ- ਕੇਰਲ ਦੀ ਵਾਇਨਾਡ ਲੋਕ ਸਭਾ ਸੀਟ ਤੋਂ ਪ੍ਰਿਯੰਕਾ ਗਾਂਧੀ ਦੇ ਚੋਣ ਮੈਦਾਨ ’ਚ ਉਤਰਨ ਦੀ ਸੰਭਾਵਨਾ ਨਾਲ ਕਾਂਗਰਸ ਉਤਸ਼ਾਹਿਤ ਹੈ ਪਰ ਹਾਲ ਦੀਆਂ ਚੋਣਾਂ ’ਚ ਰਾਹੁਲ ਗਾਂਧੀ ਦੀ ਜਿੱਤ ਦੇ ਅੰਤਰ ’ਚ ਗਿਰਾਵਟ ਪਾਰਟੀ ਸੰਗਠਨ ਅਤੇ ਚੁਣੇ ਹੋਏ ਖੇਤਰ ’ਚ ਇਸ ਦੇ ਪ੍ਰਚਾਰ ’ਚ ਕਈ ਕਮੀਆਂ ਨੂੰ ਦਰਸਾਉਂਦੀ ਹੈ। ਰਾਹੁਲ ਦੀ ਜਿੱਤ ਦਾ ਅੰਤਰ 2019 ’ਚ 4.31 ਲੱਖ ਤੋਂ ਡਿੱਗ ਕੇ 2024 ’ਚ 3.64 ਲੱਖ ਹੋ ਗਿਆ, ਜਦਕਿ ਕੁਝ ਯੂ. ਡੀ. ਐੱਫ. ਉਮੀਦਵਾਰਾਂ ਨੇ ਆਪਣੇ ਅੰਤਰ ਨੂੰ ਦੁੱਗਣਾ ਕਰ ਦਿੱਤਾ।

ਰਾਹੁਲ ਦਾ ਵੋਟ ਸ਼ੇਅਰ 2019 ’ਚ 64.64 ਫੀਸਦੀ ਤੋਂ ਘੱਟ ਕੇ ਇਸ ਵਾਰ 59.69 ਫੀਸਦੀ ਰਹਿ ਗਿਆ ਹੈ। ਪ੍ਰਿਯੰਕਾ ਗਾਂਧੀ ਨੂੰ ਵਾਇਨਾਡ ਤੋਂ ਚੋਣ ਮੈਦਾਨ ’ਚ ਉਤਾਰ ਕੇ ਕਾਂਗਰਸ ਦੱਖਣ ਭਾਰਤ ’ਚ ਖੁਦ ਨੂੰ ਮਜ਼ਬੂਤ ਕਰਨਾ ਚਾਹੁੰਦੀ ਹੈ। ਦੂਜਾ ਦੇਸ਼ ਦੀ ਸੱਤਾ ਦਾ ਰਾਹ ਉੱਤਰ ਪ੍ਰਦੇਸ਼ ਤੋਂ ਹੀ ਹੋ ਕੇ ਜਾਂਦਾ ਹੈ, ਇਸ ਲਈ ਇਨ੍ਹਾਂ ਚੋਣਾਂ ’ਚ ਬਿਹਤਰ ਪ੍ਰਦਰਸ਼ਨ ਤੋਂ ਬਾਅਦ ਰਾਹੁਲ ਗਾਂਧੀ ਹੁਣ ਯੂ. ਪੀ. ਨਹੀਂ ਛੱਡਣਾ ਚਾਹੁੰਦੇ। ਹਾਲਾਂਕਿ ਇਹ ਜ਼ਿਮਨੀ ਚੋਣ ਦੇ ਨਤੀਜੇ ਹੀ ਦੱਸਣਗੇ ਿਕ ਕਾਂਗਰਸ ਆਪਣੀ ਰਣਨੀਤੀ ’ਚ ਕਿੰਨੀ ਸਫਲ ਹੁੰਦੀ ਹੈ ਕਿਉਂਕਿ ਸਿਆਸਤ ’ਚ ਕੁਝ ਵੀ ਸੰਭਵ ਹੈ।

ਤਿੰਨ ਵਿਧਾਨ ਸਭਾ ਖੇਤਰਾਂ ’ਚ ਵੋਟ ਦੀ ਗਿਰਾਵਟ

ਵਾਇਨਾਡ ਲੋਕ ਸਭਾ ਸੀਟ ਦੇ ਅਧੀਨ ਆਉਣ ਵਾਲੇ 7 ਵਿਧਾਨ ਸਭਾ ਖੇਤਰਾਂ ’ਚੋਂ ਕਲਪੇਟਾ, ਮਨੰਤਾਵਡੀ ਅਤੇ ਸੁਲਤਾਨ ਬਾਥਰੀ ਵਿਧਾਨ ਸਭਾ ਖੇਤਰਾਂ ’ਚ ਰਾਹੁਲ ਦੀਆਂ ਵੋਟਾਂ ’ਚ ਭਾਰੀ ਗਿਰਾਵਟ ਆਈ ਹੈ। ਇਨ੍ਹਾਂ ਤਿੰਨ ਵਿਧਾਨ ਸਭਾ ਖੇਤਰਾਂ ’ਚ ਰਾਹੁਲ ਨੂੰ ਮਿਲੀਆਂ ਵੋਟਾਂ ’ਚ ਕਮੀ ਆਈ ਹੈ। 2019 ਦੀਆਂ ਚੋਣਾਂ ਦੇ ਫਰਕ ਨਾਲ ਤੁਲਨਾ ਕਰੀਏ ਤਾਂ ਇਸ ਵਾਰ ਰਾਹੁਲ ਨੇ 67,328 ਘੱਟ ਵੋਟਾਂ ਨਾਲ ਸੀਟ ਜਿੱਤੀ ਹੈ। ਇਨ੍ਹਾਂ ’ਚੋਂ 56,491 ਵੋਟਾਂ ਦਾ ਨੁਕਸਾਨ ਤਿੰਨ ਵਿਧਾਨ ਸਭਾ ਖੇਤਰਾਂ ਤੋਂ ਹੋਇਆ ਹੈ, ਜਿਨ੍ਹਾਂ ’ਚੋਂ ਦੋ ’ਤੇ ਕਾਂਗਰਸ ਦੇ ਵਿਧਾਇਕ ਹਨ। ਇਸੇ ਦੌਰਾਨ ਮੱਲਪੁਰਮ ਜ਼ਿਲੇ ਦੇ ਅਧੀਨ ਆਉਣ ਵਾਲੇ ਏਰਨਾਂਦ ਵਿਧਾਨ ਸਭਾ ਖੇਤਰ ’ਚ ਰਾਹੁਲ ਦੇ ਵੋਟ ਸ਼ੇਅਰ ਅਤੇ ਮਾਰਜਨ ’ਚ ਵਾਧਾ ਹੋਇਆ ਹੈ, ਜਿੱਥੇ ਕਾਂਗਰਸ ਦੀ ਸਹਿਯੋਗੀ ਇੰਡੀਅਨ ਯੂਨੀਅਨ ਮੁਸਲਿਮ ਲੀਗ (ਆਈ. ਯੂ. ਐੱਮ. ਐੱਲ.) ਦੀ ਮਜ਼ਬੂਤ ਮੌਜੂਦਗੀ ਹੈ। ਹਾਲਾਂਕਿ ਮੱਲਪੁਰਮ ਦੇ ਵੰਦੂਰ ਅਤੇ ਨੀਲਾਂਬੁਰ ਵਿਧਾਨ ਸਭਾ ਖੇਤਰਾਂ ’ਚ ਰਾਹੁਲ ਦਾ ਮਾਰਜਨ 2019 ਦੇ ਮੁਕਾਬਲੇ ਘੱਟ ਹੋਇਆ ਹੈ।

ਕੇਰਲ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਵਿਧਾਇਕ ਵੀ. ਡੀ. ਸਤੀਸ਼ਨ ਨੇ ਕਿਹਾ ਕਿ ਸੂਬੇ ਨੇ ਪ੍ਰਿਯੰਕਾ ਨੂੰ ਪਹਿਲਾਂ ਹੀ ਆਪਣੇ ਦਿਲਾਂ ’ਚ ਥਾਂ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਨੇ ਅਜਿਹਾ ਫੈਸਲਾ ਲਿਆ ਹੈ ਜੋ ਰਾਇਬਰੇਲੀ ਅਤੇ ਵਾਇਨਾਡ ਦੋਵਾਂ ਲੋਕਾਂ ਨੂੰ ਪ੍ਰਵਾਨ ਹੈ। ਉਹ ਵਾਇਨਾਡ ਤੋਂ ਭਾਰੀ ਬਹੁਮਤ ਨਾਲ ਚੁਣੀ ਜਾਵੇਗੀ। ਪ੍ਰਿਯੰਕਾ ਵਾਇਨਾਡ ਦੇ ਵੋਟਰਾਂ ਤੋਂ ਜਾਣੂ ਹਨ। ਰਾਹੁਲ ਦੀਆਂ 2019 ਅਤੇ 2024 ਦੀਆਂ ਮੁਹਿੰਮਾਂ ’ਚ ਉਹ ਚੋਣ ਖੇਤਰ ’ਚ ਰੈਲੀਆਂ ਅਤੇ ਰੋਡ ਸ਼ੋਅਜ਼ ’ਚ ਉਨ੍ਹਾਂ ਨਾਲ ਸਨ। ਆਈ. ਯੂ. ਐੱਮ. ਐੱਲ. ਦੀ ਸੂਬਾ ਇਕਾਈ ਦੇ ਪ੍ਰਧਾਨ ਪਨੱਕੜ ਸਾਦਿਕ ਅਲੀ ਸ਼ਿਹਾਬ ਥੰਗਲ ਨੇ ਕਿਹਾ ਕਿ ਪਾਰਟੀ ਨੇ ਕਾਂਗਰਸ ਲੀਡਰਸ਼ਿਪ ਨੂੰ ਅਪੀਲ ਕੀਤੀ ਸੀ ਕਿ ਰਾਹੁਲ ਦੇ ਸੀਟ ਖਾਲੀ ਕਰਨ ਦੀ ਸਥਿਤੀ ’ਚ ਪ੍ਰਿਯੰਕਾ ਨੂੰ ਮੈਦਾਨ ’ਚ ਉਤਾਰਿਆ ਜਾਵੇ। ਇਹ ਇਕ ਅਜਿਹਾ ਫੈਸਲਾ ਹੈ ਜੋ ਕੇਰਲ ’ਚ ‘ਇੰਡੀਆ’ ਬਲਾਕ ਅਤੇ ਯੂ. ਡੀ. ਐੱਫ. ਨੂੰ ਮਜ਼ਬੂਤ ਕਰੇਗਾ। ਇਹ ਧਰਮਨਿਰਪੱਖਤਾ ਦੇ ਭਵਿੱਖ ਨੂੰ ਯਕੀਨੀ ਕਰੇਗਾ। ਪ੍ਰਿਯੰਕਾ ਦਾ ਲੋਕ ਸਭਾ ’ਚ ਹੋਣਾ ਲਾਜ਼ਮੀ ਹੈ। ਲੋਕਾਂ ਦੀ ਇੱਛਾ ਹੈ ਕਿ ਉਹ ਵਾਇਨਾਡ ਤੋਂ ਚੋਣ ਲੜੇ।

ਸੀ. ਪੀ. ਆਈ. ਨੇ ਸੂਬਾ ਸਕੱਤਰ ਬਿਨੋਏ ਵਿਸ਼ਵਮ ਨੇ ਕਿਹਾ ਕਿ ‘‘ਵਾਇਨਾਡ ਛੱਡ ਕੇ ਰਾਹੁਲ ਨੇ ਆਪਣੇ ਵੋਟਰਾਂ ਨੂੰ ਧੋਖਾ ਦਿੱਤਾ ਹੈ। ਸੀ. ਪੀ. ਆਈ. ਅਤੇ ਲੈਫਟ ਡੈਮੋਕ੍ਰੇਟਿਕ ਫ੍ਰੰਟ (ਐੱਲ. ਡੀ. ਐੱਫ.) ਪ੍ਰਿਯੰਕਾ ਵਿਰੁੱਧ ਉਮੀਦਵਾਰ ’ਤੇ ਸਮੂਹਿਕ ਫੈਸਲਾ ਲੈਣਗੇ। ਐੱਲ. ਡੀ. ਐੱਫ. ਵਾਇਨਾਡ ’ਚ ਯੂ. ਡੀ. ਐੱਫ. ਨੂੰ ਸਖਤ ਟੱਕਰ ਦੇਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਇਹ ਨਾਟਕ ਨਹੀਂ ਕਰਨਾ ਚਾਹੀਦਾ ਸੀ। ਰਾਹੁਲ ਗਾਂਧੀ ਤੋਂ ਚੋਣ ਹਾਰ ਚੁੱਕੇ ਸੂਬਾਈ ਭਾਜਪਾ ਪ੍ਰਧਾਨ ਕੇ. ਸੁਰੇਂਦ੍ਰਨ ਨੇ ਕਿਹਾ ਕਿ ਵਾਇਨਾਡ ਦੇ ਲੋਕ ਰਾਹੁਲ ਦੇ ਇਸ ਦਾਅਵੇ ਦਾ ਅਰਥ ਸਮਝ ਗਏ ਹਨ ਕਿ ਵਾਇਨਾਡ ਉਨ੍ਹਾਂ ਦਾ ਪਰਿਵਾਰ ਹੈ। ਰਾਹੁਲ ਦਾ ਮਤਲਬ ਇਹ ਸੀ ਕਿ ਉਨ੍ਹਾਂ ਦੀ ਭੈਣ ਇਸ ਸੀਟ ਤੋਂ ਚੋਣ ਲੜੇਗੀ। ਮੈਨੂੰ ਆਸ ਹੈ ਕਿ ਕਾਂਗਰਸ ਪਲੱਕੜ ਵਿਧਾਨ ਸਭਾ ਸੀਟ ’ਤੇ ਪਾਰਟੀ ਦੇ ਉਮੀਦਵਾਰ ਦੇ ਰੂਪ ’ਚ ਰਾਹੁਲ ਦੇ ਜੀਜੇ ਰਾਬਰਟਨ ਵਢੇਰਾ ਨੂੰ ਲਿਆਏਗੀ, ਜਿੱਥੇ ਜ਼ਿਮਨੀ ਚੋਣਾਂ ਹੋਣਗੀਆਂ। ਉਨ੍ਹਾਂ ਕਿਹਾ ਕਿ ਅਜਿਹਾ ਫੈਸਲਾ ਕੇਰਲ ’ਚ ਕਾਂਗਰਸ ਨੂੰ ਪੂਰੀ ਤਰ੍ਹਾਂ ਸੰਤੁਸ਼ਟ ਕਰੇਗਾ।

ਸੀਨੀਅਰ ਪੱਤਰਕਾਰ ਅਤੇ ਲੇਖਕ ਨੀਰਜਾ ਚੌਧਰੀ ਕਹਿੰਦੀ ਹੈ ਕਿ ਮੈਨੂੰ ਲੱਗਦਾ ਹੈ ਕਿ ਕਾਂਗਰਸ ਪਾਰਟੀ ਨੇ ਇਹ ਸਹੀ ਫੈਸਲਾ ਕੀਤਾ ਹੈ। ਉੱਤਰ ਪ੍ਰਦੇਸ਼ ’ਚ ਕਾਂਗਰਸ ਨੇ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਅਤੇ ਭਾਜਪਾ ਨੂੰ ਜਿਸ ਤਰ੍ਹਾਂ ਨੁਕਸਾਨ ਹੋਇਆ, ਉਸ ਨੂੰ ਦੇਖਦੇ ਹੋਏ ਪਾਰਟੀ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਉਹ ਉੱਤਰ ਪ੍ਰਦੇਸ਼ ਨੂੰ ਕਿੰਨਾ ਮਹੱਤਵ ਦਿੰਦੀ ਹੈ। ਇਸ ਤੋਂ ਇਲਾਵਾ ਅਖਿਲੇਸ਼ ਯਾਦਵ ਅਤੇ ਰਾਹੁਲ ਗਾਂਧੀ ਦਰਮਿਆਨ ਦਾ ਜੋ ਸਪੱਸ਼ਟ ਸਮੀਕਰਨ ਹੈ, ਉਸ ਦੀ ਅਹਿਮੀਅਤ ਨੂੰ ਵੀ ਘੱਟ ਕਰ ਕੇ ਨਹੀਂ ਦੇਖਣਾ ਚਾਹੀਦਾ। ਦੋਵਾਂ ਦੀ ਆਪਸੀ ਸਮਝ ਅਤੇ ਸਮੀਕਰਨ ਨਾਲ ਦੋਵਾਂ ਪਾਰਟੀਆਂ ਨੂੰ ਫਾਇਦਾ ਹੋਇਆ ਹੈ। ਹਾਂ, ਪਹਿਲਾਂ ਇੰਝ ਲੱਗਦਾ ਸੀ ਕਿ ਰਾਹੁਲ ਆਪਣੇ ਕੋਲ ਵਾਇਨਾਡ ਹੀ ਰੱਖਣਗੇ। ਖਾਸ ਕਰ ਕੇ ਉਦੋਂ ਜਦੋਂ ਪ੍ਰਿਯੰਕਾ ਗਾਂਧੀ ਰਾਇਬਰੇਲੀ ’ਚ ਜ਼ਿਆਦਾ ਸਰਗਰਮ ਸੀ।


Tanu

Content Editor

Related News