ਜਮ੍ਹਾਂ ''ਤੇ ਬੀਮਾ ਵਧਾਉਣ ਦੀ ਹੋ ਰਹੀ ਤਿਆਰੀ ਤਾਂ ਜੋ ਬੈਂਕਾਂ ''ਚ ਸੁਰੱਖਿਅਤ ਰਹੇ ਪੈਸਾ

Saturday, Nov 16, 2019 - 11:37 AM (IST)

ਜਮ੍ਹਾਂ ''ਤੇ ਬੀਮਾ ਵਧਾਉਣ ਦੀ ਹੋ ਰਹੀ ਤਿਆਰੀ ਤਾਂ ਜੋ ਬੈਂਕਾਂ ''ਚ ਸੁਰੱਖਿਅਤ ਰਹੇ ਪੈਸਾ

 

ਨਵੀਂ ਦਿੱਲੀ — ਦੇਸ਼ ਭਰ ਦੇ ਵੱਖ-ਵੱਖ ਬੈਂਕਾਂ 'ਚ ਘਪਲੇ ਦੀਆਂ ਆ ਰਹੀਆਂ ਖਬਰਾਂ ਵਿਚਕਾਰ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਆਉਣ ਵਾਲੇ ਸਰਦ ਰੁੱਤ ਸੈਸ਼ਨ 'ਚ ਬੈਂਕ ਡਿਪਾਜ਼ਿਟ ਇੰਸ਼ੋਰੈਂਸ ਨੂੰ ਇਕ ਲੱਖ ਰੁਪਏ ਤੋਂ ਵਧਾਉਣ 'ਤੇ ਵਿਚਾਰ ਕਰ ਰਹੀ ਹੈ। ਫਿਲਹਾਲ ਬਚਤ ਖਾਤਾ, ਫਿਕਸਡ ਡਿਪਾਜ਼ਿਟ ਸਮੇਤ ਬੈਂਕਾਂ 'ਚ ਜਮ੍ਹਾਂ ਰਕਮ ਨੂੰ ਡਿਪਾਜ਼ਿਟ ਇੰਸ਼ੋਰੈਂਸ ਅਤੇ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ(DICGC) ਵਲੋਂ ਬੀਮਾ ਮਿਲਦਾ ਹੈ, ਜਿਸ ਦੀ ਹੱਦ ਇਕ ਲੱਖ ਰੁਪਏ ਹੈ। ਇਸ ਹੱਦ ਨੂੰ 1993 'ਚ ਤੈਅ ਕੀਤਾ ਗਿਆ ਸੀ। ਇਹ ਬੈਂਕਾਂ ਦੀਆਂ ਸਾਰੀਆਂ ਸ਼ਾਖਾਵਾਂ 'ਤੇ ਲਾਗੂ ਹੁੰਦੀ ਹੈ। 

ਕਿੰਨੀ ਹੋਣੀ ਚਾਹੀਦੀ ਹੈ ਬੀਮੇ ਦੀ ਰਕਮ?

ਭਾਰਤੀ ਰਿਜ਼ਰਵ ਬੈਂਕ ਵਲੋਂ ਗਠਿਤ ਐਮ. ਦਾਮੋਦਰਨ ਕਮੇਟੀ ਨੇ ਇਸ ਬੀਮੇ ਦੀ ਰਕਮ ਦੀ ਹੱਦ 5 ਲੱਖ ਰੁਪਏ ਤੈਅ ਕਰਨ ਦੀ ਸਿਫਾਰਸ਼ ਕੀਤੀ ਸੀ, ਜਦੋਂਕਿ ਕੇਂਦਰ ਸਰਕਾਰ ਇਸ ਨੂੰ ਤਿੰਨ ਲੱਖ ਰੁਪਏ ਕਰਨ 'ਤੇ ਵਿਚਾਰ ਕਰ ਰਹੀ ਹੈ।

ਬੀਮੇ ਦੀ ਰਕਮ ਵਧਾਉਣ 'ਤੇ ਜ਼ੋਰ

ਬੈਂਕਾਂ ਵਿਚ ਪੈਸਾ ਜਮ੍ਹਾਂ ਕਰਨ ਵਾਲੇ ਭਾਰਤੀ ਡਿਪਾਜ਼ਿਟਰਾਂ ਨੂੰ ਜਿੰਨਾ ਡਿਪਾਜ਼ਿਟ ਬੀਮਾ ਮਿਲਣਾ ਚਾਹੀਦਾ ਹੈ, ਉਨ੍ਹਾਂ ਨੂੰ ਉਸ ਤੋਂ ਬਹੁਤ ਘੱਟ ਮਿਲ ਰਿਹਾ ਹੈ। ਔਸਤ ਡਿਪਾਜ਼ਿਟਰ ਨੂੰ ਘੱਟੋ-ਘੱਟ ਪ੍ਰਤੀ ਵਿਅਕਤੀ ਸਾਲਾਨਾ ਆਮਦਨ ਦਾ ਦੁੱਗਣਾ ਡਿਪਾਜ਼ਿਟ ਬੀਮਾ ਮਿਲਣਾ ਚਾਹੀਦਾ ਹੈ। ਭਾਰਤ ਉਨ੍ਹਾਂ ਦੇਸ਼ਾਂ ਵਿਚੋਂ ਇਕ ਹੈ ਜਿਥੇ ਬੈਂਕ 'ਚ ਜਮ੍ਹਾਂ ਰਕਮ 'ਤੇ ਇਕ ਲੱਖ ਰੁਪਏ ਦਾ ਡਿਪਾਜ਼ਿਟ ਬੀਮਾ ਪ੍ਰਤੀ ਵਿਅਕਤੀ ਆਮਦਨ 1,42,719 ਰੁਪਏ ਤੋਂ ਘੱਟ ਹੈ।

ਇਹ ਹੈ ਡਿਪਾਜ਼ਿਟ ਇੰਸ਼ੋਰੈਂਸ ਦਾ ਹਾਲ

ਆਪਣੀ ਮੌਜੂਦਾ ਸਾਲਾਨਾ ਰਿਪੋਰਟ 'ਚ ਰਿਜ਼ਰਵ ਬੈਂਕ ਨੇ ਕਿਹਾ ਕਿ ਮਾਰਚ 2019 ਤੱਕ ਪੂਰੀ ਤਰ੍ਹਾਂ ਸੁਰੱਖਿਅਤ ਖਾਤਿਆਂ ਦੀ ਸੰਖਿਆ 200 ਕਰੋੜ ਸੀ, ਜਿਹੜੀ ਕਿ ਕੁੱਲ ਖਾਤਿਆਂ ਦੀ ਸੰਖਿਆ ਦਾ 92% ਹੈ ਅਤੇ ਇਹ ਅੰਤਰਰਾਸ਼ਟਰੀ ਬੈਂਚਮਾਰਕ ਦਾ 80% ਹੈ। ਰਕਮ ਦੇ ਮਾਮਲੇ 'ਚ ਗੱਲ ਕਰੀਏ ਤਾਂ 33.7 ਲੱਖ ਕਰੋੜ ਦਾ ਬੀਮਤ ਡਿਪਾਜ਼ਿਟ ਕੁੱਲ ਜਮ੍ਹਾ 120 ਲੱਖ ਕਰੋੜ ਰੁਪਏ ਦਾ 28% ਹੈ ਅਤੇ ਇਹ ਇੰਟਰਨੈਸ਼ਨਲ ਬੈਂਚਮਾਰਕ ਦਾ 20% ਤੋਂ 30% ਹੈ।


Related News