ਦਿੱਲੀ ਹਿੰਸਾ ਪੀੜਤਾਂ ਲਈ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ''ਚ ਹੋ ਰਹੀਆਂ ਨੇ ਅਰਦਾਸਾਂ
Wednesday, Feb 26, 2020 - 09:34 PM (IST)
ਨਵੀਂ ਦਿੱਲੀ (ਬਿਊਰੋ)- ਦਿੱਲੀ ਹਿੰਸਾ 'ਚ ਮਾਰੇ ਗਏ ਲੋਕਾਂ ਅਤੇ ਜ਼ਖਮੀ ਹੋਏ ਲੋਕਾਂ ਲਈ ਜਿੱਥੇ ਦਿੱਲੀ ਦੇ ਗੁਰਦੁਆਰਿਆਂ ਵਲੋਂ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਗਏ ਹਨ, ਉਥੇ ਹੀ ਇਸ ਦੌਰਾਨ ਆਪਣੀ ਜਾਨ ਗੁਆਉਣ ਵਾਲਿਆਂ ਅਤੇ ਜ਼ਖਮੀਆਂ ਦੀ ਸਿਹਤਯਾਬੀ ਲਈ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਅਰਦਾਸਾਂ ਕੀਤੀਆਂ ਗਈਆਂ। ਜਿੱਥੇ ਵੱਡੀ ਗਿਣਤੀ ਵਿਚ ਲੋਕ ਗੁਰੂ ਚਰਨਾਂ ਵਿਚ ਨਤਮਸਤਕ ਹੋਏ।
ਅਸੀਂ ਧਰਮ ਦੀ ਨਹੀਂ ਮਨੁੱਖਤਾ ਦੀ ਸੇਵਾ ਕਰਨ ਵਾਲੇ ਲੋਕ ਹਾਂ : ਸਿਰਸਾ
ਇਸ ਦੌਰਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੀ ਹੋਏ ਅਤੇ ਉਨ੍ਹਾਂ ਨੇ ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਦਿੱਲੀ ਅੱਗ ਵਿਚ ਭੱਖ ਰਹੀ ਹੈ ਅਤੇ ਅਜਿਹੀ ਦਿੱਲੀ ਅਸੀਂ 1984 ਵਿਚ ਵੀ ਦੇਖੀ ਸੀ ਅਤੇ ਉਸ ਦੌਰਾਨ ਮਿਲੇ ਦਰਦ ਨੂੰ ਕਦੇ ਕੋਈ ਸਿੱਖ ਭੁਲਾ ਨਹੀਂ ਸਕਦਾ। ਉਸ ਦਰਦ ਨੂੰ ਅਸੀਂ ਹੰਢਾਇਆ ਹੈ ਜਿਸ ਨੂੰ ਸਾਡੇ ਤੋਂ ਬਿਹਤਰ ਕੌਣ ਜਾਣ ਸਕਦਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਹੀ ਪ੍ਰਬੰਧਕਾਂ ਨੇ ਗੁਰੂ ਚਰਨਾਂ ਵਿਚ ਅਰਦਾਸ ਕੀਤੀ ਹੈ ਕਿ ਗੁਰੂ ਸਾਹਿਬ ਇਸ ਭੱਖ ਰਹੀ ਅੱਗ 'ਤੇ ਜਲ ਪਾਓ ਤੇ ਇਸ ਨੂੰ ਠੰਡਾ ਕਰੋ ਅਤੇ ਆਪਸੀ ਇਤਬਾਰ ਨੂੰ ਕਾਇਮ ਕਰੋ। ਇਸ ਦੌਰਾਨ ਉਨ੍ਹਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੀੜਤਾਂ ਲਈ ਮੈਡੀਕਲ ਕੈਂਪ ਲਗਾਏ ਗਏ ਹਨ, ਰਿਹਾਇਸ਼ਾਂ ਵਾਸਤੇ ਵੀ ਕੈਂਪ ਲਗਾਏ ਗਏ ਹਨ ਅਤੇ ਹੋਰ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਲੋੜ ਹੈ ਤਾਂ ਅਸੀਂ ਉਨ੍ਹਾਂ ਲਈ ਖੜ੍ਹੇ ਹਾਂ। ਸ੍ਰੀ ਗੁਰੂ ਤੇਗ ਬਹਾਦਰ ਹਸਪਤਾਲ ਦੇ ਬਾਹਰ ਪੀੜਤ ਪਰਿਵਾਰਾਂ ਲਈ ਲੰਗਰ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਅਸੀਂ ਧਰਮ ਦੀ ਨਹੀਂ ਮਨੁੱਖਤਾ ਦੀ ਸੇਵਾ ਕਰਨ ਵਾਲੇ ਲੋਕ ਹਾਂ।