ਪ੍ਰਫੁੱਲ ਪਟੇਲ ਦੀ ਰਾਜ ਸਭਾ ’ਚ ਗੁਗਲੀ, ਭਾਜਪਾ ਦੀ ਜ਼ਬਰਦਸਤ ਯੋਜਨਾ ਦੀ ਝਲਕ

02/20/2024 12:53:41 PM

ਨਵੀਂ ਦਿੱਲੀ- ਐੱਨ. ਸੀ. ਪੀ. ਦੇ ਸੀਨੀਅਰ ਨੇਤਾ ਪ੍ਰਫੁੱਲ ਪਟੇਲ ਕਦੇ ਸ਼ਰਦ ਪਵਾਰ ਦੇ ਭਰੋਸੇਮੰਦ ਲੈਫਟੀਨੈਂਟ ਸਨ। 25 ਸਾਲ ਪਹਿਲਾਂ ਕਾਂਗਰਸ ਤੋਂ ਬਾਹਰ ਹੋਣ ਪਿੱਛੋਂ ਉਹ ਮਰਾਠਾ ਦੇ ਬਾਹੁਬਲੀ ਲਈ ‘ਹਨੂਮਾਨ’ ਵਾਂਗ ਸਨ।

ਜਦੋਂ ਪਟੇਲ ਨੇ ਸ਼ਰਦ ਪਵਾਰ ਦਾ ਸਾਥ ਛੱਡ ਕੇ ਸੱਤਾ ਹਾਸਲ ਕਰਨ ਲਈ ਅਜੀਤ ਪਵਾਰ ਦੇ ਧੜੇ ਨਾਲ ਹੱਥ ਮਿਲਾਇਆ ਤਾਂ ਹਰ ਕੋਈ ਹੈਰਾਨ ਰਹਿ ਗਿਆ। ਇੱਕ ਹੈਰਾਨੀਜਨਕ ਕਦਮ ਅਧੀਨ ਉਨ੍ਹਾਂ ਆਪਣੀ ਰਾਜ ਸਭਾ ਦੀ ਸੀਟ ਛੱਡ ਦਿੱਤੀ ਜੋ ਸ਼ਰਦ ਪਵਾਰ ਨੇ ਉਨ੍ਹਾਂ ਨੂੰ 2022 ਵਿੱਚ ਦਿੱਤੀ ਸੀ। ਉਨ੍ਹਾਂ 2028 ਤੱਕ ਰਾਜ ਸਭਾ ਦੇ ਮੈਂਬਰ ਰਹਿਣਾ ਸੀ।

ਇਸ ਤੋਂ ਇਲਾਵਾ ਪ੍ਰਫੁੱਲ ਪਟੇਲ ਨੇ ਇਸ ਸਾਲ ਮਈ ਵਿਚ ਮਹਾਰਾਸ਼ਟਰ ਵਿਚ ਆਪਣੇ ਪਰਿਵਾਰਿਕ ਗੜ੍ਹ ਭੰਡਾਰਾ-ਗੋਂਦੀਆ ਲੋਕ ਸਭਾ ਸੀਟ ਤੋਂ ਚੋਣ ਲੜਨੀ ਸੀ, ਜਿਸ ਦੀ ਉਹ 5 ਵਾਰ ਨੁਮਾਇੰਦਗੀ ਕਰ ਚੁੱਕੇ ਹਨ ਪਰ ਹੈਰਾਨੀਜਨਕ ਘਟਨਾਚੱਕਰ ਵਿਚ ਉਨ੍ਹਾਂ ਰਾਜ ਸਭਾ ਦੀ ਸੀਟ ਛੱਡਣ ਦਾ ਫੈਸਲਾ ਕੀਤਾ ਅਤੇ ਦੁਬਾਰਾ ਚੁਣੇ ਜਾਣ ਲਈ ਨਵੇਂ ਹਾਲਾਤ ’ਚ ਨਾਮਜ਼ਦਗੀ ਦਾਖਲ ਕੀਤੀ।

ਉਨ੍ਹਾਂ ਅਜਿਹਾ ਕਿਉਂ ਕੀਤਾ? ਇਸ ਦੇ ਪਿੱਛੇ ਇੱਕ ਕਾਰਨ ਹੈ। ਭਾਜਪਾ ਨੇ ਸਪੱਸ਼ਟ ਕੀਤਾ ਕਿ ਉਹ ਖੁੱਦ ਹੀ ਭੰਡਾਰਾ-ਗੋਂਡੀਆ ਲੋਕ ਸਭਾ ਸੀਟ ਤੋਂ ਚੋਣ ਲੜੇਗੀ ਨਾ ਕਿ ਅਜੀਤ ਪਵਾਰ ਦੀ ਐੱਨ. ਸੀ. ਪੀ.। ਭਾਜਪਾ ਮਹਾਰਾਸ਼ਟਰ ’ਚ ਲੋਕ ਸਭਾ ਦੀਆਂ 30 ਸੀਟਾਂ ’ਤੇ ਚੋਣ ਲੜਨਾ ਚਾਹੁੰਦੀ ਹੈ, ਜੋ 2019 ’ਚ ਲੜੀਆਂ ਗਈਆਂ ਸੀਟਾਂ ਨਾਲੋਂ 7 ਵੱਧ ਹਨ।

ਭਾਜਪਾ ਨੇ 2019 ’ਚ 18 ਸੀਟਾਂ ਜਿੱਤੀਆਂ ਸਨ। ਇਸ ਵਾਰ ਉਹ ਆਪਣੀ ਗਿਣਤੀ 25-26 ਸੀਟਾਂ ’ਤੇ ਲਿਜਾਣਾ ਚਾਹੁੰਦੀ ਹੈ। ਪ੍ਰਫੁੱਲ ਪਟੇਲ ਲੋਕ ਸਭਾ ਦੀ ਚੋਣ ਨਾ ਲੜਨ ਲਈ ਰਾਜ਼ੀ ਹੋ ਗਏ। ਅਜੀਤ ਪਵਾਰ ਵੀ ਸਹਿਮਤ ਹੋ ਗਏ।

ਹੁਣ ਪ੍ਰਫੁੱਲ ਪਟੇਲ ਵਾਧੂ 2 ਸਾਲ ਭਾਵ 2030 ਤੱਕ ਰਾਜ ਸਭਾ ਦੇ ਮੈਂਬਰ ਬਣੇ ਰਹਿਣਗੇ। ਭਾਜਪਾ ਖੁਸ਼ ਹੈ, ਅਜੀਤ ਪਵਾਰ ਖੁਸ਼ ਹਨ ਅਤੇ ਪਟੇਲ ਵੀ ਖੁਸ਼ ਹਨ। ਇਹ ਘਟਨਾ ਦਰਸਾਉਂਦੀ ਹੈ ਕਿ ਭਾਜਪਾ ਲੋਕ ਸਭਾ ਦੀਆਂ ਚੋਣਾਂ ਦੀ ਹਰ ਸੀਟ ਲਈ ਕਿੰਨੀ ਸੁਚੱਜੀ ਤੇ ਜ਼ਬਰਦਸਤ ਯੋਜਨਾ ਬਣਾ ਰਹੀ ਹੈ।

Rakesh

This news is Content Editor Rakesh