ਸ਼ਕਤੀਸ਼ਾਲੀ ਗੈਰ-ਸਰਕਾਰੀ ਕਰਤਾ-ਧਰਤਾ
Thursday, May 01, 2025 - 12:57 AM (IST)

ਨੈਸ਼ਨਲ ਡੈਸਕ- ਇਹ ਇਕ ਦੁਰਲੱਭ ਪਲ ਸੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਨਿੱਜੀ ਉੱਦਮੀ ਨਾਲ ਫ਼ੋਨ ’ਤੇ ਗੱਲਬਾਤ ਕੀਤੀ ਅਤੇ ਕਈ ਮੁੱਦਿਆਂ ’ਤੇ ਚਰਚਾ ਕੀਤੀ। ਉਨ੍ਹਾਂ ਇਸ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਸਾਂਝਾ ਵੀ ਕੀਤਾ।
ਇਹ ਵੱਖਰੀ ਗੱਲ ਹੈ ਕਿ ਇਹ ਨਿੱਜੀ ਉੱਦਮੀ ਨਾ ਸਿਰਫ਼ ਇਕ ਚੋਟੀ ਦਾ ਕਾਰੋਬਾਰੀ ਸੀ ਸਗੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਰੀਬੀ ਸਹਿਯੋਗੀ ਤੇ ਸ਼ਕਤੀਸ਼ਾਲੀ ਸਰਕਾਰੀ ਕੁਸ਼ਲਤਾ ਵਿਭਾਗ ਦਾ ਮੁਖੀ ਵੀ ਸੀ।
ਇਸ ਗੈਰ-ਸਰਕਾਰੀ ਕਰਤਾ-ਧਰਤਾ ਐਲੋਨ ਮਸਕ ਨੇ ਇਸ ਪਤਝੜ ’ਚ ਭਾਰਤ ਆਉਣ ਦੀਆਂ ਆਪਣੀਆਂ ਯੋਜਨਾਵਾਂ ਸਾਂਝੀਆਂ ਕਰਨ ’ਚ ਕੋਈ ਸਮਾਂ ਬਰਬਾਦ ਨਹੀਂ ਕੀਤਾ। ਮਸਕ-ਮੋਦੀ ਦੀ ਫ਼ੋਨ ’ਤੇ ਗੱਲਬਾਤ ਅਜਿਹੇ ਸਮੇਂ ਹੋਈ ਜਦੋਂ ਮਸਕ ਸਟਾਰਲਿੰਕ ਦੇ ਨਵੰਬਰ 2022 ਤੋਂ ਪੈਂਡਿੰਗ ਗਲੋਬਲ ਮੋਬਾਈਲ ਨਿੱਜੀ ਸੰਚਾਰ ਲਾਇਸੈਂਸ ਲਈ ਆਪਣੀ ਅਰਜ਼ੀ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਨਿਯਮਾਂ ਅਧੀਨ ਲਾਇਸੈਂਸ ਧਾਰਕ ਨੂੰ ਸੁਰੱਖਿਆ ਏਜੰਸੀਆਂ ਨੂੰ ਕਾਲ ਡਾਟਾ ਰਿਕਾਰਡ ਪ੍ਰਦਾਨ ਕਰਨਾ ਹੋਵੇਗਾ ਤੇ ਸੈਟੇਲਾਈਟ ਦੀ ਵਰਤੋਂ ਸਿਰਫ਼ ਭਾਰਤੀ ਖੇਤਰ ’ਚ ਅਧਿਕਾਰਤ ਸੇਵਾਵਾਂ ਤੇ ਰਾਸ਼ਟਰੀ ਸੁਰੱਖਿਆ ਆਦਿ ਲਈ ਕਰਨੀ ਹੋਵੇਗੀ।
ਫ਼ੋਨ ’ਤੇ ਹੋਈ ਇਸ ਗੱਲਬਾਤ ਨੇ ਉਮੀਦ ਜਗਾਈ ਹੈ ਕਿ ਸਟਾਰਲਿੰਕ ਤੇ ਟੈਸਲਾ ਜਲਦੀ ਹੀ ਭਾਰਤੀ ਬਾਜ਼ਾਰ ’ਚ ਦਾਖਲ ਹੋ ਸਕਦੇ ਹਨ। ਦਿਲਚਸਪ ਗੱਲ ਇਹ ਹੈ ਕਿ ਦੂਰਸੰਚਾਰ ਵਿਭਾਗ ਨੇ ਪਹਿਲਾਂ ਹੀ ਏਅਰਟੈੱਲ ਤੇ ਰਿਲਾਇੰਸ ਜੀਓ ਨੂੰ ਸਟਾਰਲਿੰਕ ਨੂੰ ਸੇਵਾਵਾਂ ਪ੍ਰਦਾਨ ਕਰਨ ਲਈ ਲਾਇਸੈਂਸ ਦਿੱਤਾ ਹੋਇਆ ਹੈ। ਵੋਡਾਫੋਨ ਆਈਡੀਆ, ਜਿਸ ’ਚ ਸਰਕਾਰ ਦੀ ਲਗਭਗ 49 ਫੀਸਦੀ ਹਿੱਸੇਦਾਰੀ ਹੈ, ਵੱਲੋਂ ਸਟਾਰਲਿੰਕ ਨਾਲ ਗੱਲਬਾਤ ਕੀਤੀ ਜਾ ਰਹੀ ਹੈ।
ਮਸਕ ਦੀ ਆਟੋਮੋਟਿਵ ਅਤੇ ਸਵੱਛ ਊਰਜਾ ਕੰਪਨੀ ਟੈਸਲਾ ਵੀ ਭਾਰਤੀ ਸੜਕਾਂ ’ਤੇ ਉਤਰਨ ਲਈ ਤਿਆਰ ਹੈ ਪਰ ਕਈ ਤਰ੍ਹਾਂ ਦੀਆਂ ਪ੍ਰਵਾਨਗੀਆਂ ਤੇ ਫੀਸਾਂ ਕਾਰਨ ਰੁਕਾਵਟਾਂ ਆ ਰਹੀਆਂ ਹਨ। ਅਜਿਹੀਆਂ ਰਿਪੋਰਟਾਂ ਹਨ ਕਿ ਇਸ ਗੈਰ-ਸਰਕਾਰੀ ਕਰਤਾ-ਧਰਤਾ ਦੀ ਸ਼ਕਤੀ ਇਸ ਸਾਲ ਭਾਰਤ ’ਚ ਸੁਚਾਰੂ ਦਾਖਲੇ ਲਈ ਕੰਮ ਕਰੇਗੀ।
ਮਸਕ ਹੁਣ ਸੈਟਕਾਮ ਕਾਰੋਬਾਰ ’ਚ ਸਰਕਾਰੀ ਮਲਕੀਅਤ ਵਾਲੀ ਬੀ.ਐੱਸ. ਐੱਨ. ਐੱਲ. ਅਤੇ ਨਿੱਜੀ ਖਿਡਾਰੀਆਂ ਨਾਲ ਵੀ ਤਾਲਮੇਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।