J&K ਦੇ ਕਠੂਆ ਜ਼ਿਲ੍ਹੇ ''ਚ ਜ਼ਬਰਦਸਤ ਧਮਾਕੇ ਮਗਰੋਂ ਖੇਤਾਂ ''ਚ ਪਿਆ ਟੋਇਆ, ਜ਼ਿੰਦਾ ਗ੍ਰਨੇਡ ਬਰਾਮਦ
Thursday, Mar 30, 2023 - 01:27 PM (IST)
ਹੀਰਾਨਗਰ- ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ 'ਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਇਕ ਪਿੰਡ ਵਿਚ ਜ਼ਬਰਦਸਤ ਧਮਾਕਾ ਹੋਣ ਨਾਲ ਜ਼ਮੀਨ ਵਿਚ ਵੱਡਾ ਟੋਇਆ ਹੋ ਗਿਆ। ਅਧਿਕਾਰੀਆਂ ਨੇ ਬੁੱਧਵਾਰ ਰਾਤ ਨੂੰ ਹੋਏ ਧਮਾਕੇ ਮਗਰੋਂ ਸਰਹੱਦੀ ਖੇਤਰਾਂ ਅਤੇ ਜੰਮੂ-ਪਠਾਨਕੋਟ ਹਾਈਵੇਅ 'ਤੇ ਸੁਰੱਖਿਆ ਦਸਤਿਆਂ ਨੂੰ ਹਾਈ ਅਲਰਟ 'ਤੇ ਰੱਖਿਆ ਹੈ। ਕਠੂਆ ਜ਼ਿਲ੍ਹੇ ਦੇ ਹੀਰਾਨਗਰ ਸੈਕਟਰ ਵਿਚ ਕੌਮਾਂਤਰੀ ਸਰਹੱਦ ਨੇੜੇ ਸਾਨਿਆਲ ਪਿੰਡ 'ਚ ਤਲਾਸ਼ੀ ਮੁਹਿੰਮ ਦੌਰਾਨ ਇਕ ਜ਼ਿੰਦਾ ਗ੍ਰਨੇਡ ਮਿਲਿਆ ਹੈ।
ਓਧਰ ਕਠੂਆ ਦੇ SSP ਸ਼ਿਵਦੀਪ ਸਿੰਘ ਜਾਮਵਾਲ ਨੇ ਦੱਸਿਆ ਕਿ ਵੀਰਵਾਰ ਸਵੇਰੇ ਇਲਾਕੇ ਦੀ ਤਲਾਸ਼ੀ ਮਗਰੋਂ ਜ਼ਿੰਦਾ ਗ੍ਰਨੇਡ ਬਰਾਮਦ ਹੋਇਆ। ਜਾਮਵਾਲ ਨੇ ਕਿਹਾ ਕਿ ਬੁੱਧਵਾਰ ਰਾਤ ਕਰੀਬ ਸਾਢੇ 9 ਵਜੇ ਜ਼ਬਰਦਸਤ ਧਮਾਕਾ ਹੋਣ ਦੀ ਸੂਚਨਾ ਮਿਲੀ। ਅਸੀਂ ਅੱਜ ਸਵੇਰੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਬੰਬ ਰੋਕੂ ਦਸਤੇ ਨਮੂਨੇ ਇਕੱਠੇ ਕਰ ਕੇ ਜਾਂਚ ਲਈ ਭੇਜ ਦਿੱਤੇ ਹਨ। ਸਵੇਰੇ ਕਰੀਬ ਸਾਢੇ 6 ਵਜੇ ਇਕ ਗ੍ਰਨੇਡ ਬਰਾਮਦ ਹੋਇਆ ਹੈ। ਅਜਿਹਾ ਲੱਗਦਾ ਹੈ ਕਿ ਸੁਰੱਖਿਆ ਦਸਤਿਆਂ ਦੀ ਮੌਜੂਦਗੀ ਦਾ ਪਤਾ ਲਾਉਣ ਲਈ ਇਹ ਗ੍ਰਨੇਡ ਸੁੱਟਿਆ।
SSP ਨੇ ਕਿਹਾ ਕਿ ਘਟਨਾ ਵਾਲੀ ਥਾਂ ਇਕ ਪੁਲਸ ਚੌਕੀ ਨੇੜੇ ਹੈ, ਲਿਹਾਜ਼ਾ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਪੁਲਸ ਚੌਕੀ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ। ਸਰਹੱਦ ਚੌਕੀ ਤੋਂ ਮਹਿਜ 300 ਮੀਟਰ ਦੀ ਦੂਰੀ 'ਤੇ ਸਥਿਤ ਸਾਨਿਆਲ ਪਿੰਡ ਵਾਸੀ ਰਾਮ ਲਾਲ ਕਾਲੀਆ ਨੇ ਕਿਹਾ ਕਿ ਬੁੱਧਵਾਰ ਰਾਤ ਕਰੀਬ ਸਾਢੇ 9 ਵਜੇ ਸਾਨੂੰ ਧਮਾਕੇ ਦੀ ਆਵਾਜ਼ ਸੁਣੀ। ਮੈਂ ਚੌਕੀ ਮੁਖੀ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਧਮਾਕੇ ਦੀ ਆਵਾਜ਼ ਸੁਣੇ ਜਾਣ ਦੀ ਪੁਸ਼ਟੀ ਕੀਤੀ। ਡੇਢ ਘੰਟੇ ਮਗਰੋਂ ਧਮਾਕੇ ਵਾਲੀ ਥਾਂ ਦਾ ਪਤਾ ਲੱਗਾ। ਧਮਾਕੇ ਨਾਲ ਖੇਤ ਵਿਚ ਇਕ ਵੱਡਾ ਟੋਇਆ ਹੋ ਗਿਆ ਹੈ।