ਪ੍ਰਦੂਸ਼ਣ ਕਾਰਨ ਦਿੱਲੀ-ਐੱਨ. ਸੀ. ਆਰ. ’ਚ ਗਠੀਆ ਦੇ ਮਾਮਲੇ ਵਧਣ ਦਾ ਖ਼ਤਰਾ
Thursday, Oct 09, 2025 - 09:55 PM (IST)

ਨਵੀਂ ਦਿੱਲੀ (ਅਨਸ)-ਹਵਾ ਪ੍ਰਦੂਸ਼ਣ ਕਾਰਨ ਇਕ ਨਵਾਂ ਸਿਹਤ ਸੰਕਟ ਉੱਭਰ ਰਿਹਾ ਹੈ ਅਤੇ ਇਹ ਗਠੀਆ ਜਾਂ ਜੋੜਾਂ ਦੇ ਦਰਦਾਂ ਦੀ ਸਮੱਸਿਆ ਨੂੰ ਹੋਰ ਵਧਾ ਰਿਹਾ ਹੈ, ਜੋ ਪੂਰੀ ਦੁਨੀਆ ’ਚ ਸਭ ਤੋਂ ਕਮਜ਼ੋਰ ਕਰਨ ਵਾਲੀਆਂ ‘ਆਟੋਇਮਿਊਨ’ ਬੀਮਾਰੀਆਂ ’ਚੋਂ ਇਕ ਹੈ। ਮਾਹਿਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।ਗਠੀਆ ਇਕ ਪੁਰਾਣੀ ‘ਆਟੋਇਮਿਊਨ’ ਬੀਮਾਰੀ ਹੈ, ਜਿਸ ’ਚ ਇਮਿਊਨ ਸਿਸਟਮ ਸਰੀਰ ਦੇ ਆਪਣੇ ਟਿਸ਼ੂਆਂ, ਖਾਸ ਕਰ ਕੇ ਜੋੜਾਂ ’ਤੇ ਹਮਲਾ ਕਰਦਾ ਹੈ, ਜਿਸ ਨਾਲ ਲਗਾਤਾਰ ਦਰਦ, ਸੋਜ, ਅਕੜਾਅ ਅਤੇ ਅਪਾਹਜਤਾ ਹੁੰਦੀ ਹੈ।
ਰਵਾਇਤੀ ਤੌਰ ’ਤੇ ਜੈਨੇਟਿਕਸ ਅਤੇ ਇਮਿਊਨ ਸਿਸਟਮ ਵਿਕਾਰ ਨਾਲ ਜੁੜੀ ਗਠੀਏ ਦੀ ਬੀਮਾਰੀ ਹੁਣ ਹਵਾ ਪ੍ਰਦੂਸ਼ਣ ਵਰਗੇ ਚੌਗਿਰਦਾ ਕਾਰਕਾਂ ਨਾਲ ਵੀ ਜੁੜਦੀ ਜਾ ਰਹੀ ਹੈ। ਮਾਹਿਰਾਂ ਨੇ ਕਿਹਾ ਕਿ ਦੁਨੀਆ ਦੇ 10 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ’ਚੋਂ ਇਕ, ਦਿੱਲੀ ਇਸ ਮਾਮਲੇ ’ਚ ਚਿੰਤਾ ਦਾ ਕੇਂਦਰ ਬਣ ਕੇ ਉੱਭਰੀ ਹੈ। ਤਾਜ਼ਾ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਪੀ. ਐੱਮ. 2.5 ਖਤਰਨਾਕ ਸੂਖਮ ਕਣ ਹਨ, ਜੋ ਫੇਫੜਿਆਂ ’ਚ ਡੂੰਘਾਈ ਤੱਕ ਦਾਖਲ ਹੁੰਦੇ ਹਨ। ਇਨ੍ਹਾਂ ਦੇ ਸੰਪਰਕ ’ਚ ਆਉਣ ਨਾਲ ਨਾ ਸਿਰਫ ਦਿਲ ਅਤੇ ਫੇਫੜਿਆਂ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ ਸਗੋਂ ਗਠੀਆ ਵਰਗੇ ‘ਆਟੋਇਮਿਊਨ’ ਵਿਗਾੜ ਵੀ ਪੈਦਾ ਹੋ ਸਕਦੇ ਹਨ।