ਪੈਰੋਲ ਮਿਲਣ ਮਗਰੋਂ ਰਾਸ਼ਿਦ ਇੰਜੀਨੀਅਰ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਲੈ ਗਈ ਪੁਲਸ
Tuesday, Feb 11, 2025 - 12:22 PM (IST)
![ਪੈਰੋਲ ਮਿਲਣ ਮਗਰੋਂ ਰਾਸ਼ਿਦ ਇੰਜੀਨੀਅਰ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਲੈ ਗਈ ਪੁਲਸ](https://static.jagbani.com/multimedia/2025_2image_12_22_431200772rahid.jpg)
ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਵਲੋਂ ਜੇਲ੍ਹ ਵਿਚ ਬੰਦ ਜੰਮੂ-ਕਸ਼ਮੀਰ ਦੇ ਸੰਸਦ ਮੈਂਬਰ ਰਾਸ਼ਿਦ ਇੰਜੀਨੀਅਰ ਨੂੰ ਮੌਜੂਦਾ ਸੰਸਦ ਸੈਸ਼ਨ ਵਿਚ ਹਿੱਸਾ ਲੈਣ ਲਈ ਦੋ ਦਿਨ ਦੀ ਪੈਰੋਲ ਦਿੱਤੀ ਗਈ ਹੈ। ਬਾਰਾਮੁਲਾ ਤੋਂ ਸੰਸਦ ਮੈਂਬਰ ਰਾਸ਼ਿਦ ਨੂੰ ਸਵੇਰੇ ਨਿਯਮਿਤ ਸਿਹਤ ਜਾਂਚ ਲਈ ਪੁਲਸ ਸੁਰੱਖਿਆ ਵਿਚ ਰਾਮ ਮਨੋਹਰ ਲੋਹੀਆ (RML) ਹਸਪਤਾਲ ਲਿਜਾਇਆ ਗਿਆ। ਤਿਹਾੜ ਜੇਲ੍ਹ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਦੱਸ ਦੇਈਏ ਕਿ ਅੱਤਵਾਦ ਦੇ ਵਿੱਤੀ ਪੋਸ਼ਣ ਦੇ ਮਾਮਲੇ ਵਿਚ ਸਾਲ 2019 ਤੋਂ ਤਿਹਾੜ ਜੇਲ੍ਹ ਵਿਚ ਬੰਦ ਰਾਸ਼ਿਦ ਨੇ ਲੋਕ ਸਭਾ ਵਿਚ ਆਪਣੇ ਚੋਣ ਖੇਤਰ ਦੀ ਨੁਮਾਇੰਦਗੀ ਕਰਨ ਲਈ ਅੰਤਰਿਮ ਜ਼ਮਾਨਤ ਜਾਂ ਪੈਰੋਲ ਦੀ ਅਪੀਲ ਕੀਤੀ ਸੀ। ਰਾਸ਼ਿਦ ਨੂੰ ਪੈਰੋਲ ਕੁਝ ਸ਼ਰਤਾਂ ਨਾਲ ਮਿਲੀ ਹੈ, ਜਿਸ ਵਿਚ ਸੈੱਲ ਫੋਨ ਜਾਂ ਇੰਟਰਨੈੱਟ ਦਾ ਇਸਤੇਮਾਲ ਨਾ ਕਰਨ ਜਾਂ ਸੰਸਦ ਮੈਂਬਰ ਦੇ ਤੌਰ 'ਤੇ ਆਪਣੀ ਸੀਮਤ ਜ਼ਿੰਮੇਵਾਰੀ ਨੂੰ ਛੱਡ ਕੇ ਮੀਡੀਆ ਜਾਂ ਕਿਸੇ ਵੀ ਵਿਅਕਤੀ ਨੂੰ ਸੰਬੋਧਨ ਨਾ ਕਰਨਾ ਸ਼ਾਮਲ ਹੈ।