J&K ''ਚ ਅੱਤਵਾਦੀਆਂ ਵਲੋਂ ਟਾਰਗੈੱਟ ਕਿਲਿੰਗ ਦਾ ਸ਼ਿਕਾਰ ਹੋ ਰਹੇ ਪੁਲਸ ਮੁਲਾਜ਼ਮ

11/01/2023 9:59:16 AM

ਸ਼੍ਰੀਨਗਰ/ਜੰਮੂ (ਉਦੈ)- ਕੇਂਦਰ ਸ਼ਾਸਿਤ ਸੂਬੇ ਜੰਮੂ-ਕਸ਼ਮੀਰ ਦੇ ਸਥਾਪਨਾ ਦਿਵਸ ਦੇ ਮੌਕੇ ’ਤੇ ਅੱਤਵਾਦੀਆਂ ਨੇ ਲਗਾਤਾਰ ਤੀਜੇ ਦਿਨ ਟਾਰਗੈੱਟ ਕਿਲਿੰਗ ਨੂੰ ਅੰਜਾਮ ਦਿੰਦੇ ਹੋਏ ਜੰਮੂ-ਕਸ਼ਮੀਰ ਪੁਲਸ ਦੇ ਹੈੱਡ ਕਾਂਸਟੇਬਲ ਦੀ ਮਸ਼ਹੂਰ ਟੂਰਿਜ਼ਮ ਸਪਾਟ ਗੁਲਮਰਗ ਦੇ ਨੇੜੇ ਤੰਗਮਰਗ ’ਚ ਘਰ ਦੇ ਨੇੜੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਅਹੁਦਾ ਛੱਡ ਰਹੇ ਡੀ. ਜੀ. ਪੀ. ਦਿਲਬਾਗ ਸਿੰਘ ਵਲੋਂ ਹਾਲ ਹੀ ’ਚ ਦਿੱਤੇ ਗਏ ਬਿਆਨਾਂ ਤੋਂ ਬਾਅਦ ਅੱਤਵਾਦੀਆਂ ਨੇ ਲਗਾਤਾਰ ਤੀਜੇ ਦਿਨ ਪੁਲਸ ਮੁਲਾਜ਼ਮ ਨੂੰ ਨਿਸ਼ਾਨਾ ਬਣਾਇਆ ਹੈ। 2 ਦਿਨ ਪਹਿਲਾਂ ਕ੍ਰਿਕਟ ਖੇਡ ਰਹੇ ਇੰਸਪੈਕਟਰ ’ਤੇ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਦਾ ਸ਼੍ਰੀਨਗਰ ਦੇ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਦਿਲਬਾਗ ਸਿੰਘ ਨੇ ਅੱਤਵਾਦੀ ਖਤਰੇ ਨੂੰ ਧਿਆਨ ’ਚ ਰੱਖਦੇ ਹੋਏ ਸਾਵਧਾਨ ਰਹਿਣ ’ਤੇ ਜ਼ੋਰ ਦਿੱਤਾ ਸੀ।

ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ਪੁਲਸ ’ਚ ਕੰਮ ਕਰ ਰਹੇ ਹੈੱਡ ਕਾਂਸਟੇਬਲ ਗੁਲਾਮ ਮੁਹੰਮਦ ਡਾਰ ਨਿਵਾਸੀ ਵਾਯਲੂ ਕਰਾਲਪੋਰਾ ਜਦ ਆਪਣੇ ਘਰ ਕੋਲੋਂ ਲੰਘ ਰਹੇ ਸਨ ਤਾਂ ਅੱਤਵਾਦੀਆਂ ਨੇ ਉਨ੍ਹਾਂ ’ਤੇ ਗੋਲੀਆਂ ਚਲਾਈਆਂ। ਜ਼ਖਮੀ ਡਾਰ ਨੂੰ ਉੱਪ ਜ਼ਿਲਾ ਹਸਪਤਾਲ ਤੰਗਮਰਗ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਗੋਲੀਬਾਰੀ ਦੀ ਘਟਨਾ ਬਾਰੇ ਜਾਣਕਾਰੀ ਮਿਲਣ ’ਤੇ ਜੰਮੂ-ਕਸ਼ਮੀਰ ਪੁਲਸ ਅਤੇ ਫੌਜ ਦੇ ਜਵਾਨਾਂ ਨੇ ਇਲਾਕੇ ’ਚ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਹਮਲਾਵਰਾਂ ਨੂੰ ਘੇਰਿਆ ਜਾ ਸਕੇ।

ਜ਼ਿਕਰਯੋਗ ਹੈ ਕਿ ਅੱਤਵਾਦੀਆਂ ਨੇ ਸੋਮਵਾਰ ਨੂੰ ਇੱਟਾਂ ਦੇ ਭੱਠੇ ’ਤੇ ਕੰਮ ਕਰਨ ਵਾਲੇ ਮਜ਼ਦੂਰ ਮੁਕੇਸ਼ ਕੁਮਾਰ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਲਸ਼ਕਰ-ਏ-ਤੋਇਬਾ ਦੇ ਸਹਿਯੋਗੀ ਸੰਗਠਨ ਟੀ. ਆਰ. ਐੱਫ. ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ।

ਸਾਲ 2022 ਦੀਆਂ ਪ੍ਰਮੁੱਖ ਟਾਰਗੈੱਟ ਕਿਲਿੰਗਜ਼
13 ਅਪ੍ਰੈਲ ਨੂੰ ਕੁਲਗਾਮ ਦੇ ਕਕਰਾਂ ’ਚ ਸਤੀਸ਼ ਕੁਮਾਰ ਸਿੰਘ ਦਾ ਕਤਲ।
12 ਮਈ ਨੂੰ ਰਾਹੁਲ ਭੱਟ ਦੀ ਬੜਗਾਮ ਜ਼ਿਲੇ ਦੇ ਚਢੂਰਾ ਦਫਤਰ ’ਚ ਕਤਲ।
13 ਮਈ ਨੂੰ ਪੁਲਵਾਮਾ ਦੇ ਗਡੁਰਾ ਪਿੰਡ ’ਚ ਨਿਹੱਥੇ ਪੁਲਸ ਮੁਲਾਜ਼ਮ ਰਿਆਜ਼ ਅਹਿਮਦ ਦਾ ਕਤਲ।
17 ਮਈ ਨੂੰ ਬਾਰਾਮੂਲਾ ’ਚ ਸ਼ਰਾਬ ਦੀ ਦੁਕਾਨ ਦੇ ਅੰਦਰ ਗ੍ਰੇਨੇਡ ਹਮਲਾ, ਰਣਜੀਤ ਸਿੰਘ ਦੀ ਮੌਤ, 3 ਜ਼ਖਮੀ।
24 ਮਈ ਨੂੰ ਸ਼੍ਰੀਨਗਰ ਦੇ ਸੌਰਾ ’ਚ ਪੁਲਸ ਮੁਲਾਜ਼ਮ ਸੈਫੁੱਲਾ ਕਾਦਰੀ ਦਾ ਕਤਲ।
25 ਮਈ ਨੂੰ ਟੀ. ਵੀ. ਕਲਾਕਾਰ ਅੰਬਰੀਨ ਭੱਟ ਦੀ ਹੱਤਿਆ, 10 ਸਾਲਾ ਭਤੀਜੀ ਜ਼ਖਮੀ।
31 ਮਈ ਨੂੰ ਕੁਲਗਾਮ ਦੇ ਗੋਪਾਲਪੋਰਾ ’ਚ ਅਧਿਆਪਕਾ ਰਜਨੀ ਬਾਲਾ ਦਾ ਕਤਲ।
2 ਜੂਨ ਨੂੰ ਕੁਲਗਾਮ ਦੇ ਅਰੇਹ ’ਚ ਬੈਂਕ ਮੈਨੇਜਰ ਵਿਜੇ ਕੁਮਾਰ ਦਾ ਕਤਲ।
2 ਜੂਨ ਨੂੰ ਬੜਗਾਮ ’ਚ ਅੱਤਵਾਦੀਆਂ ਨੇ ਦੇਰ ਸ਼ਾਮ 2 ਗੈਰ-ਕਸ਼ਮੀਰੀ ਮਜ਼ਦੂਰਾਂ ਨੂੰ ਬਣਾਇਆ ਨਿਸ਼ਾਨ, ਇਕ ਦੀ ਮੌਤ, ਇਕ ਜ਼ਖਮੀ।
18 ਜੂਨ ਨੂੰ ਪੁਲਵਾਮਾ ’ਚ ਪੁਲਸ ਦੇ ਸਬ ਇੰਸਪੈਕਟਰ ਫਾਰੂਕ ਅਹਿਮਦ ਮੀਰ ਦਾ ਕਤਲ।
15 ਅਕਤੂਬਰ 2022 ਨੂੰ ਸ਼ੋਪੀਆਂ ਦੇ ਚੌਧਰੀ ਗੁੰਡ ’ਚ ਪੂਰਨ ਜੀ ਭੱਟ ਦੀ ਅੱਤਵਾਦੀਆਂ ਨੇ ਕਤਲ ਕੀਤਾ ਸੀ।


Tanu

Content Editor

Related News