ਮਥੁਰਾ ਅਤੇ ਬ੍ਰਜ ਭੂਮੀ ਵਿਕਾਸ ਦੀ ਦੌੜ ’ਚ ਪਿੱਛੇ ਨਹੀਂ ਰਹਿਣਗੇ : ਮੋਦੀ

11/24/2023 12:12:07 PM

ਮਥੁਰਾ/ਲਖਨਊ, (ਮਾਨਵ, ਨਾਸਿਰ)- ਬ੍ਰਜ ਰਜ ਉਤਸਵ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਿਹੜੇ ਲੋਕ ਭਾਰਤ ਨੂੰ ਉਸ ਦੀ ਪਛਾਣ ਤੋਂ ਵੱਖ ਕਰਨਾ ਚਾਹੁੰਦੇ ਹਨ, ਉਨ੍ਹਾਂ ਨੇ ਬ੍ਰਜ ਭੂਮੀ ਨੂੰ ਵਿਕਾਸ ਤੋਂ ਵਾਂਝਾ ਰੱਖਿਆ ਹੈ। ਦੇਸ਼ ਗੁਲਾਮੀ ਦੀ ਮਾਨਸਿਕਤਾ ਤੋਂ ਬਾਹਰ ਆਇਆ ਹੈ। ਮਥੁਰਾ ਅਤੇ ਬ੍ਰਜ ਭੂਮੀ ਵਿਕਾਸ ਦੀ ਦੌੜ ’ਚ ਪਿੱਛੇ ਨਹੀਂ ਰਹਿਣਗੇ। ਉਹ ਦਿਨ ਦੂਰ ਨਹੀਂ ਜਦੋਂ ਬ੍ਰਜ ’ਚ ਵੀ ਭਗਵਾਨ ਦੇ ਦਰਸ਼ਨ ਦਿਵਯਤਾ ਦੇ ਨਾਲ ਹੋਣਗੇ।

24 ਕੋਹ ਦਾ ਇਹ ਬ੍ਰਜਮੰਡਲ ਵੀ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਨੂੰ ਮਿਲਾ ਕੇ ਬਣਦਾ ਹੈ। ਭਾਰਤ ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਵੱਖ-ਵੱਖ ਸੂਬਾ ਸਰਕਾਰਾਂ ਦੇ ਸਹਿਯੋਗ ਨਾਲ ਬ੍ਰਜ ਖੇਤਰ ਦਾ ਵਿਕਾਸ ਕੀਤਾ ਜਾਵੇ। ਪ੍ਰਧਾਨ ਮੰਤਰੀ ਬੁੱਧਵਾਰ ਸ਼ਾਮ ਨੂੰ ਮਥੁਰਾ ’ਚ ਆਯੋਜਿਤ ਬ੍ਰਜ ਰਜ ਉਤਸਵ ’ਚ ਹਿੱਸਾ ਲੈਣ ਆਏ ਸਨ। ਪ੍ਰਧਾਨ ਮੰਤਰੀ ਨੇ ਸਭ ਤੋਂ ਪਹਿਲਾਂ ‘ਰਾਧੇ ਰਾਧੇ, ਜੈ ਸ਼੍ਰੀ ਕ੍ਰਿਸ਼ਨ’ ਦੇ ਜੈਕਾਰਿਆਂ ਨਾਲ ਬ੍ਰਜ ਵਾਸੀਆਂ ਦਾ ਸਵਾਗਤ ਕਬੂਲਿਆ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜਸਥਾਨ ਦੇ ਚੋਣ ਮੈਦਾਨ ਤੋਂ ਇਸ ਭਗਤੀ ਵਾਲੇ ਵਾਤਾਵਰਣ ’ਚ ਆਇਆ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਥੇ ਉਹੀ ਆਉਂਦੇ ਹਨ ਜਿਨ੍ਹਾਂ ਨੂੰ ਸ਼੍ਰੀ ਕ੍ਰਿਸ਼ਨ ਅਤੇ ਸ਼੍ਰੀਜੀ ਬੁਲਾਉਂਦੇ ਹਨ। ਇਹ ਕੋਈ ਸਾਧਾਰਣ ਧਰਤੀ ਨਹੀਂ ਹੈ।

ਬ੍ਰਜ ਪ੍ਰੇਮ ਦਾ ਪ੍ਰਤੱਖ ਅਵਤਾਰ ਹੈ। ਇਹ ਬ੍ਰਜ ਹੀ ਹੈ, ਜਿਸ ਦੀ ਰਜ ਵੀ ਪੂਰੀ ਦੁਨੀਆਂ ’ਚ ਪੂਜਨੀਕ ਹੈ। ਇੱਥੋਂ ਦੇ ਕਣ-ਕਣ ’ਚ ਕ੍ਰਿਸ਼ਨ ਹਨ। ਵਿਸ਼ਵ ਦੇ ਸਾਰੇ ਤੀਰਥ ਯਾਤਰੀਆਂ ਦਾ ਜੋ ਲਾਭ ਹੁੰਦਾ ਹੈ ਉਸ ਤੋਂ ਵੀ ਵੱਧ ਲਾਭ ਮਥੁਰਾ ਅਤੇ ਬ੍ਰਜ ਦੀ ਯਾਤਰਾ ਨਾਲ ਮਿਲ ਜਾਂਦਾ ਹੈ। ਹੇਮਾ ਮਾਲਿਨੀ ਸੰਸਦ ਮੈਂਬਰ ਤਾਂ ਹਨ ਪਰ ਉਹ ਬ੍ਰਜ ’ਚ ਲੀਨ ਹੋ ਗਈ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇ ਅਸੀਂ ਮੌਜੂਦਾ ਸਮੇਂ ਦੀਆਂ ਚੁਣੌਤੀਆਂ ਨੂੰ ਵੇਖਾਂਗੇ ਤਾਂ ਮੀਰਾਬਾਈ ਆਪਣੀਆਂ ਕਦਰਾਂ-ਕੀਮਤਾਂ ਨਾਲ ਜੁੜੇ ਰਹਿਣਾ ਸਿਖਾਉਂਦੀ ਹੈ। ਮਥੁਰਾ ਤਾਂ ਭਗਤੀ ਅੰਦੋਲਨ ਦੀਆਂ ਵੱਖ-ਵੱਖ ਧਾਰਾਵਾਂ ਦਾ ਕੇਂਦਰ ਰਿਹਾ ਹੈ। ਕਿੰਨੇ ਹੀ ਸੰਤ ਇੱਥੇ ਆਏ, ਭਾਰਤੀ ਸਮਾਜ ’ਚ ਨਵੀਂ ਚੇਤਨਾ ਦਾ ਫੂਕੀ। ਬ੍ਰਜ ਰਜ ਉਤਸਵ ’ਚ ਹਿੱਸਾ ਲੈਣ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਰਾਜਪਾਲ ਆਨੰਦੀ ਬੇਨ ਪਟੇਲ ਨੇ ਸੰਤ ਮੀਰਾਬਾਈ ਦੀ 525ਵੀਂ ਜਯੰਤੀ ਮੌਕੇ ਸਾਂਝੇ ਤੌਰ ’ਤੇ ਮੀਰਾਬਾਈ ’ਤੇ ਡਾਕ ਟਿਕਟ ਅਤੇ 525 ਰੁਪਏ ਦਾ ਸਿੱਕਾ ਜਾਰੀ ਕੀਤਾ। ਮੀਰਾਬਾਈ ’ਤੇ ਡਾਕ ਟਿਕਟ ਜਾਰੀ ਕਰਨ ਤੋਂ ਬਾਅਦ ਕੇਂਦਰੀ ਸੱਭਿਆਚਾਰ ਮੰਤਰਾਲੇ ਵੱਲੋਂ ਸੰਤ ਮੀਰਾਬਾਈ ’ਤੇ ਬਣਾਈ ਗਈ ਦਸਤਾਵੇਜ਼ੀ ਫਿਲਮ ਵੀ ਦਿਖਾਈ ਗਈ।

ਬ੍ਰਜ ਲਈ ਇਹ ਮਾਣ ਦਾ ਦਿਨ : ਹੇਮਾ ਮਾਲਿਨੀ

ਹੇਮਾ ਮਾਲਿਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਨਵੇਂ ਭਾਰਤ ਨੂੰ ਦੁਨੀਆ ’ਚ ਉੱਚਾ ਕੀਤਾ ਹੈ। ਇਹ ਬ੍ਰਜ ਲਈ ਮਾਣ ਦਾ ਦਿਨ ਹੈ। ਇਕ ਸੰਸਦ ਮੈਂਬਰ ਵਜੋਂ ਮੈਂ ਵੀ 10 ਸਾਲਾਂ ’ਚ ਬਹੁਤ ਵਿਕਾਸ ਕੀਤਾ ਹੈ ਅਤੇ ਅਜੇ ਵੀ ਬਹੁਤ ਕੰਮ ਬਾਕੀ ਵੀ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵੀ ਜਨਹਿੱਤ ਦੇ ਸਾਰੇ ਕੰਮਾਂ ’ਚ ਮੇਰਾ ਉਤਸ਼ਾਹ ਵਧਾਇਆ ਹੈ। ਬ੍ਰਜਧਾਮ ਤੋਂ ਵੱਡੀ ਕੋਈ ਧਾਮ ਨਹੀਂ ਹੈ।

ਨਵਾਂ ਭਾਰਤ ਆਪਣੀ ਵਿਰਾਸਤ ’ਤੇ ਮਾਣ ਮਹਿਸੂਸ ਕਰਦਾ ਹੈ : ਯੋਗੀ ਆਦਿਤਿਆਨਾਥ

ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਬ੍ਰਜ ਵਾਸੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕੀਤਾ। ਯੋਗੀ ਆਦਿਤਿਆਨਾਥ ਨੇ ਕਿਹਾ ਕਿ ਨਵੇਂ ਭਾਰਤ ਦਾ ਵਿਸ਼ਵ ਪੱਧਰ ’ਤੇ ਨਵੇਂ ਭਾਰਤ ਦਾ ਸਨਮਾਨ ਵਧਿਆ ਹੈ। ਭਾਰਤ ਦੀਆਂ ਸਰਹੱਦਾਂ ਸੁਰੱਖਿਅਤ ਹੋਈਆਂ ਹਨ। ਸਾਢੇ ਨੌਂ ਸਾਲਾਂ ’ਚ ਹਰ ਸਮੱਸਿਆ ਦੇ ਹੱਲ ਲਈ ਇਕ ਰਸਤਾ ਵਿਖਾ ਕੇ ਹੱਲ ਤਕ ਪਹੁੰਚਾਇਆ ਹੈ। ਨਵੇਂ ਭਾਰਤ ਦੇ ਰੂਪ ’ਚ ਵਿਕਸਤ ਭਾਰਤ ਦੇ ਰੂਪ-ਰੇਖਾ ਪੇਸ਼ ਕੀਤੀ ਹੈ। ਨਵਾਂ ਭਾਰਤ ਆਪਣੀ ਵਿਰਾਸਤ ’ਤੇ ਮਾਣ ਮਹਿਸੂਸ ਕਰਦਾ ਹੈ। ਕਾਸ਼ੀ ਵਿਸ਼ਵਨਾਥ ਧਾਮ ਅੱਜ ਪੂਰੀ ਦੁਨੀਆ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਿਹਾ ਹੈ।

Rakesh

This news is Content Editor Rakesh