PM ਮੋਦੀ ਦਾ ਨਵਾਂ ਡਿਜੀਟਲ ਉਪਦੇਸ਼ ; ਬਾਬੂਆਂ ’ਚ ਖਲਬਲੀ

Monday, Jul 07, 2025 - 11:06 PM (IST)

PM ਮੋਦੀ ਦਾ ਨਵਾਂ ਡਿਜੀਟਲ ਉਪਦੇਸ਼ ; ਬਾਬੂਆਂ ’ਚ ਖਲਬਲੀ

ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਰਦੇਸ਼ ਦਿੱਤਾ ਹੈ ਕਿ ਆਲ ਇੰਡੀਆ ਸਰਵਿਸ ਦੇ ਅਧਿਕਾਰੀਆਂ ਸਮੇਤ ਕੇਂਦਰ ਸਰਕਾਰ ਦੇ ਸਾਰੇ ਮੁਲਾਜ਼ਮਾਂ ਨੂੰ ਕਰਮਯੋਗੀ ਪੋਰਟਲ ਰਾਹੀਂ ਸਾਲਾਨਾ ਆਨਲਾਈਨ ਡਿਜੀਟਲ ਕੋਰਸ ਪੂਰਾ ਕਰਨਾ ਚਾਹੀਦਾ ਹੈ। ਇਸ ਕਾਰਨ ਬਾਬੂਆਂ ’ਚ ਖਲਬਲੀ ਮੱਚ ਗਈ ਹੈ।

ਮੋਦੀ ਦੇ ਅਧੀਨ ਆਉਣ ਵਾਲੇ ਪਰਸੋਨਲ ਤੇ ਸਿਖਲਾਈ ਵਿਭਾਗ ਅਨੁਸਾਰ ਸਾਰੇ ਮੁਲਾਜ਼ਮਾਂ ਲਈ ਇਹ ਕੋਰਸ ਪਾਸ ਕਰਨਾ ਲਾਜ਼ਮੀ ਹੋਵੇਗਾ ਕਿਉਂਕਿ ਇਹ ਸਿੱਧੇ ਤੌਰ ’ਤੇ ਉਨ੍ਹਾਂ ਦੀ ਸਾਲਾਨਾ ਪ੍ਰਦਰਸ਼ਨ ਮੁਲਾਂਕਣ ਰਿਪੋਰਟ ( ਏ. ਪੀ. ਏ. ਆਰ.) ਨੂੰ ਪ੍ਰਭਾਵਤ ਕਰੇਗਾ।

ਪਰਸੋਨਲ ਤੇ ਸਿਖਲਾਈ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਅਧਿਕਾਰਤ ਮੈਮੋਰੰਡਮ ‘ਮਿਸ਼ਨ ਕਰਮਯੋਗੀ’ ਪਹਿਲਕਦਮੀ ਅਧੀਨ ਇਕ ਇਤਿਹਾਸਕ ਪਲ ਹੈ। ਪਹਿਲਾਂ ਇਹ ਕੋਰਸ ਲਾਜ਼ਮੀ ਨਹੀਂ ਸਨ, ਪਰ ਹੁਣ ਇਸ ਸਾਲ ਜੁਲਾਈ ਤੋਂ ਇਨ੍ਹਾਂ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ।

ਇਸ ਦਾ ਮਤਲਬ ਇਹ ਹੈ ਕਿ ਸਾਰੇ ਮੁਲਾਜ਼ਮਾਂ ਨੂੰ ਭਾਵੇਂ ਉਨ੍ਹਾਂ ਦਾ ਰੈਂਕ ਕੁਝ ਵੀ ਹੋਵੇ, ਨੂੰ ਆਪਣੀ ਤਰੱਕੀ ਤੇ ਸੇਵਾ ਰਿਕਾਰਡ ਲਈ ਇਹ ਕੋਰਸ ਪਾਸ ਕਰਨਾ ਹੋਵੇਗਾ। ਇਸ ਕਦਮ ਦਾ ਮੰਤਵ ਭੂਮਿਕਾ ਆਧਾਰਤ ਸਿਖਲਾਈ ਨੂੰ ਮਜ਼ਬੂਤ ​​ਕਰਨਾ ਤੇ ਸਰਕਾਰੀ ਮੁਲਾਜ਼ਮਾਂ ’ਚ ਯੋਗਤਾ ਨੂੰ ਵਧਾਉਣਾ ਹੈ।

ਰੋਲ ਆਊਟ ਸ਼ਡਿਊਲ ਕਾਫ਼ੀ ਸਖ਼ਤ ਹੈ। ਓਰੀਐਂਟੇਸ਼ਨ ਵਰਕਸ਼ਾਪਾਂ 31 ਜੁਲਾਈ ਤੱਕ ਪੂਰੀਆਂ ਹੋਣੀਆਂ ਚਾਹੀਦੀਆਂ ਹਨ, ਕੋਰਸ ਪਲਾਨ 31 ਅਗਸਤ ਤੱਕ ਅਪਲੋਡ ਕੀਤੇ ਜਾਣੇ ਚਾਹੀਦੇ ਹਨ ਤੇ ਮੁਲਾਂਕਣ 15 ਨਵੰਬਰ ਤੱਕ ਲਾਈਵ ਕੀਤੇ ਜਾਣੇ ਚਾਹੀਦੇ ਹਨ।

ਸਾਰੇ ਕਰਮਚਾਰੀਆਂ ਨੂੰ 31 ਮਾਰਚ, 2026 ਤੱਕ ਆਪਣੇ ਸਿੱਖਣ ਦੇ ਟੀਚਿਆਂ ਤੇ ਮੁਲਾਂਕਣਾਂ ਨੂੰ ਪੂਰਾ ਕਰਨਾ ਚਾਹੀਦਾ ਹੈ। ਨੋਟੀਫਿਕੇਸ਼ਨ ਅਨੁਸਾਰ ਹਰੇਕ ਮੰਤਰਾਲਾ, ਵਿਭਾਗ ਜਾਂ ਸੰਗਠਨ ਵੱਖ-ਵੱਖ ਪੱਧਰਾਂ ’ਤੇ ਮੁਲਾਜ਼ਮਾਂ ਲਈ ਸਾਲਾਨਾ ਘੱਟੋ-ਘੱਟ 6 ਸੰਬੰਧਿਤ ਕੋਰਸ ਨਿਰਧਾਰਤ ਕਰੇਗਾ, ਜਿਵੇਂ ਕਿ ਉਹ ਜਿਨ੍ਹਾਂ ਨੇ 9 ਸਾਲ, 16 ਸਾਲ, 16 ਸਾਲ ਤੋਂ ਵੱਧ ਤੇ 25 ਸਾਲ ਤੱਕ ਅਤੇ 25 ਸਾਲ ਤੇ ਇਸ ਤੋਂ ਵੱਧ ਸੇਵਾ ਦਿੱਤੀ ਹੈ।

ਮੁਲਾਜ਼ਮਾਂ ਨੂੰ ਇਨ੍ਹਾਂ ਕੋਰਸਾਂ ਦਾ ਘੱਟੋ-ਘੱਟ 50 ਫੀਸਦੀ ਪੂਰਾ ਕਰਨਾ ਚਾਹੀਦਾ ਹੈ। ਕੋਰਸ ਪੂਰਾ ਕਰਨ ਦਾ ਡਾਟਾ 2025-26 ਦੌਰਾਨ ਆਨਲਾਈਨ ਮੁਲਾਂਕਣ ਪ੍ਰਣਾਲੀ ’ਚ ਆਪਣੇ ਆਪ ਪ੍ਰਤੀਬਿੰਬਤ ਹੋਵੇਗਾ।


author

Rakesh

Content Editor

Related News