ਭਾਰ ਘਟਾਉਣ ਤੋਂ ਲੈ ਕੇ ਇਮਿਊਨਿਟੀ ਵਧਾਉਣ ’ਚ ਮਦਦਗਾਰ ਹੈ ਸ਼ਿਮਲਾ ਮਿਰਚ
Wednesday, Apr 08, 2020 - 06:39 PM (IST)

ਨਵੀਂ ਦਿੱਲੀ (ਇੰਟ.)– ਹਰੀ, ਲਾਲ ਜਾਂ ਪੀਲੀ ਸ਼ਿਮਲਾ ਮਿਰਚ ਸਿਹਤ ਦੇ ਲਿਹਾਜ ਨਾਲ ਬਹੁਤ ਹੀ ਕੰਮ ਦੀਆਂ ਸਬਜ਼ੀਆਂ ’ਚੋਂ ਇਕ ਹੈ। ਸ਼ਿਮਲਾ ਮਿਰਚ ਨੂੰ ਮੁੱਖ ਰੂਪ ਨਾਲ ਸਬਜ਼ੀ, ਸਲਾਦ, ਗਾਰਨੀਸ਼ਿੰਗ ਜਾਂ ਚਾਈਨੀਜ਼ ਫੂਡ ’ਚ ਇਸਤੇਮਾਲ ਕੀਤਾ ਜਾਂਦਾ ਹੈ। ਸ਼ਿਮਲਾ ਮਿਰਚ ’ਚ ਨਾਂਹ ਦੇ ਬਰਾਬਰ ਕੈਲੋਰੀ ਹੁੰਦੀ ਹੈ, ਜਿਸ ਨਾਲ ਕੋਲੈਸਟ੍ਰਾਲ ਦੀ ਸਮੱਸਿਆ ਨਹੀਂ ਹੁੰਦੀ ਹੈ। ਡਬਲਯੂ. ਡਬਲਯੂ. ਡਬਲਯੂ. ਮਾਈ ਉਪਚਾਰ ਡਾਟ ਕਾਮ ਦੇ ਡਾ. ਲਕਸ਼ਮੀ ਦੱਤ ਸ਼ੁਕਲਾ ਦਾ ਕਹਿਣਾ ਹੈ ਕਿ ਇਹ ਵਿਟਾਮਿਨ ਸੀ, ਏ, ਫੋਲੇਟ ਅਤੇ ਡਾਇਟਰੀ ਫਾਇਬਰ ਸਮੇਤ ਵੱਖ-ਵੱਖ ਪੋਸ਼ਕ ਤੱਤਾਂ ਨਾਲ ਭਰੀ ਸ਼ਿਮਲਾ ਮਿਰਚ ਦੇ ਰੋਜ਼ਾਨਾ ਸੇਵਨ ਨਾਲ ਕਈ ਬੀਮਾਰੀਆਂ ’ਚ ਫਾਇਦਾ ਮਿਲੇਗਾ।
ਭਾਰ ਘਟਾਉਣ ’ਚ ਮਦਦਗਾਰ
ਜੋ ਲੋਕ ਜ਼ਿਆਦਾ ਭਾਰ ਤੋਂ ਪਰੇਸ਼ਾਨ ਹਨ ਜਾਂ ਭਾਰ ਘੱਟ ਕਰਨ ਦੀ ਦਿਸ਼ਾ ’ਚ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਆਪਣੀ ਖੁਰਾਕ ’ਚ ਸ਼ਿਮਲਾ ਮਿਰਚ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਬਹੁਤ ਘੱਟ ਮਾਤਰਾ ’ਚ ਕੈਲੋਰੀ ਹੋਣ ਕਾਰਣ ਇਹ ਭਾਰ ਘਟਾਉਣ ’ਚ ਮਦਦ ਕਰ ਸਕਦੀ ਹੈ। ਇਸ ਦੇ ਨਾਲ ਹੀ ਮੈਟਾਬਾਲਿਜ਼ਮ ’ਚ ਵੀ ਸੁਧਾਰ ਹੁੰਦਾ ਹੈ।
ਡਾਇਬਿਟੀਜ਼
ਜੋ ਲੋਕ ਡਾਇਬਿਟੀਜ਼ ਨਾਲ ਜੂਝ ਰਹੇ ਹਨ। ਉਨ੍ਹਾਂ ਨੂੰ ਰੋਜ਼ਾਨਾ ਸ਼ਿਮਲਾ ਮਿਰਚ ਦਾ ਸੇਵਨ ਕਰਨਾ ਚਾਹੀਦਾ ਹੈ। ਇਹ ਸਬਜ਼ੀ ਸਰੀਰ ’ਚ ਗਲੂਕੋਜ਼ ਦੇ ਪੱਧਰ ਨੂੰ ਸਹੀ ਰੱਖਣ ’ਚ ਮਦਦ ਕਰਦੀ ਹੈ।
ਇਮਿਊਨਿਟੀ ਵਧਾਉਣ ਲਈ
ਸ਼ਿਮਲਾ ਮਿਰਚ ਦਾ ਸੇਵਨ ਕਰਨ ਨਾਲ ਰੋਗਾਂ ਨਾਲ ਲੜਨ ਦੀ ਸਮਰੱਥਾ ਵੱਧਦੀ ਹੈ। ਸ਼ਿਮਲਾ ਮਿਰਚ ਵਿਟਾਮਿਨ ਸੀ ਨਾਲ ਭਰਪੂਰ ਹੁੰਦੀ ਹੈ ਅਤੇ ਇਨਫੈਕਸ਼ਨ ਵਾਲੇ ਰੋਗਾਂ ਨਾਲ ਲੜਨ ’ਚ ਮਦਦ ਕਰਦੀ ਹੈ। ਇਹ ਹੱਡੀਆਂ ਦੀ ਸਿਹਤ ’ਚ ਵੀ ਸੁਧਾਰ ਕਰਦੀ ਹੈ ਅਤੇ ਸੋਜ ਘੱਟ ਕਰਨ ਲਈ ਵੀ ਜਾਣੀ ਜਾਂਦੀ ਹੈ।
ਪਾਚਨ ਤੰਤਰ ਲਈ ਫਾਇਦੇਮੰਦ
ਸ਼ਿਮਲਾ ਮਿਰਚ ’ਚ ਅਜਿਹੇ ਗੁਣ ਹੁੰਦੇ ਹਨ ਜੋ ਪਾਚਨ ਸਬੰਧੀ ਪ੍ਰੇਸ਼ਾਨੀਆਂ ਨੂੰ ਦੂਰ ਕਰਦੇ ਹਨ। ਇਸ ਦੇ ਰੋਜ਼ਾਨਾ ਸੇਵਨ ਨਾਲ ਪੇਟ ’ਚ ਦਰਦ, ਗੈਸ, ਕਬਜ਼ ਆਦਿ ਤੋਂ ਰਾਹਤ ਮਿਲਦੀ ਹੈ।
ਕੈਂਸਰ ਤੋਂ ਬਚਾਅ
ਸ਼ਿਮਲਾ ਮਿਰਚ ’ਚ ਕੈਂਸਰ ਤੋਂ ਬਚਾਅ ਕਰਨ ਦੇ ਗੁਣ ਹੁੰਦੇ ਹਨ। ਇਹ ਕੈਂਸਰ ਦੀਆਂ ਕੋਸ਼ਕਾਵਾਂ ਨੂੰ ਵਿਕਸਿਤ ਨਹੀਂ ਹੋਣ ਦਿੰਦੀ। ਇਸ ਦਾ ਸੇਵਨ ਕਰਨ ਨਾਲ ਕੈਂਸਰ ਦਾ ਖਤਰਾ ਘੱਟ ਹੋ ਸਕਦਾ ਹੈ।
ਮਜ਼ਬੂਤ ਅਤੇ ਰੇਸ਼ਮੀ ਵਾਲਾਂ ਲਈ
ਸ਼ਿਮਲਾ ਮਿਰਚ ਦਾ ਰੋਜ਼ਾਨਾ ਸੇਵਨ ਲੰਮੇ, ਮਜ਼ਬੂਤ ਅਤੇ ਰੇਸ਼ਮੀ ਵਾਲਾਂ ਲਈ ਫਾਇਦੇਮੰਦ ਹੁੰਦਾ ਹੈ। ਇਸ ’ਚ ਸਿਲੀਕਾਨ ਹੁੰਦਾ ਹੈ ਅਤੇ ਇਹ ਸਕੈਲਪ ਤੱਕ ਖੂਨ ਦੇ ਪ੍ਰਵਾਹ ਨੂੰ ਬਣੇ ਰਹਿਣ ’ਚ ਮਦਦ ਕਰਦਾ ਹੈ। ਲਾਲ ਸ਼ਿਮਲਾ ਮਿਰਚ ਨਾਲ ਵਾਲਾਂ ਦੇ ਝੜਨ ਦੀ ਸਮੱਸਿਆ ਦੂਰ ਹੁੰਦੀ ਹੈ।
ਦਰਦ ਤੋਂ ਛੁਟਕਾਰਾ
ਸ਼ਿਮਲਾ ਮਿਰਚ ’ਚ ਅਜਿਹੇ ਪੇਨ ਕਿਲਰ ਤੱਤ ਪਾਏ ਜਾਂਦੇ ਹਨ ਜੋ ਕਿ ਦਰਦ ਨੂੰ ਸਪਾਈਨਲ ਕਾਰਡ ਤੱਕ ਨਹੀਂ ਪਹੁੰਚਣ ਦਿੰਦੇ ਹਨ। ਇਹ ਕੁਦਰਤੀ ਪੇਨ ਕਿਲਰ ਵਾਂਗ ਕੰਮ ਕਰਦੀ ਹੈ।
ਦਿਲ ਦੀ ਸਿਹਤ ਲਈ
ਕੋਲੈਸਟ੍ਰਾਲ ਦੀ ਮਾਤਰਾ ਬਹੁਤ ਘੱਟ ਹੋਣ ਕਾਰਨ ਇਸ ਦੇ ਸੇਵਨ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਧਮਣੀਆਂ ਕਦੀ ਵੀ ਬੰਦ ਨਹੀਂ ਹੁੰਦੀਆਂ ਅਤੇ ਇਸ ਨਾਲ ਦਿਲ ਦੀ ਸਿਹਤ ਬਣੀ ਰਹਿੰਦੀ ਹੈ।
ਚਮੜੀ ਲਈ ਫਾਇਦੇਮੰਦ
ਵਿਟਾਮਿਨ ਸੀ ਨਾਲ ਭਰਪੂਰ ਸ਼ਿਮਲਾ ਮਿਰਚ ਖਾਣ ਨਾਲ ਚਮੜੀ ’ਚ ਕਸਾਅ ਆਉਂਦਾ ਹੈ। ਇਸ ਦੇ ਸੇਵਨ ਨਾਲ ਝੁਰੜੀਆਂ ਦੀ ਸਮੱਸਿਆਵਾਂ ਨੂੰ ਘੱਟ ਕਰਨ ’ਚ ਮਦਦ ਮਿਲਦੀ ਹੈ। ਉਥੇ ਹੀ ਇਸ ਨਾਲ ਰੰਗ ਵੀ ਸਾਫ ਹੁੰਦਾ ਹੈ ਅਤੇ ਇਸ ਲਈ ਲਾਲ ਸ਼ਿਮਲਾ ਮਿਰਚ ਜ਼ਿਆਦਾ ਫਾਇਦੇਮੰਦ ਹੈ।
ਅੱਖਾਂ ਲਈ ਲਾਹੇਵੰਦ
ਸ਼ਿਮਲਾ ਮਿਰਚ ’ਚ ਮੌਜੂਦ ਵਿਟਾਮਿਨ ਏ ਅੱਖਾਂ ਲਈ ਲਾਹੇਵੰਦ ਹੈ। ਨਾਲ ਹੀ ਇਸ ’ਚ ਮੌਜੂਦ ਯੌਗਿਕ ਉਮਰ ਕਾਰਨ ਹੋਣ ਵਾਲੀਆਂ ਅੱਖਾਂ ਦੀਆਂ ਸਮੱਸਿਆਵਾਂ ਦੇ ਖਤਰੇ ਨੂੰ ਘੱਟ ਕਰਨ ’ਚ ਮਦਦ ਕਰਦੀ ਹੈ।