ਵਿਆਹ-ਸ਼ਾਦੀਆਂ 'ਚੋਂ ਗਾਇਬ ਹੋਇਆ Non-Veg, ਲੋਕ ਇਨ੍ਹਾਂ ਸਬਜ਼ੀਆਂ 'ਚ ਲੈ ਰਹੇ ਚਿਕਨ ਦਾ ਸੁਆਦ

03/11/2020 5:24:51 PM

ਨਵੀਂ ਦਿੱਲੀ — ਕੋਰੋਨਾ ਵਾਇਰਸ ਦੀ ਲਗਾਤਾਰ ਵਧ ਰਹੀ ਮਹਾਂਮਾਰੀ ਕਾਰਨ ਲੋਕਾਂ ਨੇ ਚਿਰਨ-ਮਟਨ ਅਤੇ ਮੱਛੀ ਖਾਣਾ ਲਗਭਗ ਬੰਦ ਕਰ ਦਿੱਤਾ ਹੈ। ਇਸ ਦਾ ਸਭ ਤੋਂ ਵਧ ਬੁਰਾ ਅਸਰ ਦੇਸ਼ ਦੇ ਪੋਲਟਰੀ ਉਦਯੋਗ 'ਤੇ ਪਿਆ ਹੈ। ਕੋਰੋਨਾ ਵਾਇਰਸ ਫੈਲਣ ਨੂੰ ਲੈ ਕੇ ਭਾਰਤ ਦੇਸ਼ 'ਚ ਅਫਵਾਹਾਂ ਦਾ ਵੀ ਬਾਜ਼ਾਰ ਗਰਮ ਹੈ। ਇਕ ਅਫਵਾਹ ਇਹ ਵੀ ਹੈ ਕਿ ਚਿਕਨ ਅਤੇ ਮਟਨ ਖਾਣ ਨਾਲ ਕੋਰੋਨਾ ਵਾਇਰਸ ਹੋ ਸਕਦਾ ਹੈ। ਇਸ ਕਾਰਨ ਚਿਕਨ ਅਤੇ ਮਟਨ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਦੇਖੀ ਜਾ ਰਹੀ ਹੈ। ਹਾਲਾਤ ਇਹ ਹੋ ਗਏ ਹਨ ਕਿ ਲੋਕ ਵਿਆਹ-ਸ਼ਾਦੀਆਂ 'ਚ ਵੀ Non-Veg ਆਇਟਮਾਂ ਰੱਖਣ ਤੋਂ ਗੁਰੇਜ਼ ਕਰ ਰਹੇ ਹਨ। ਇਸ ਗਿਰਾਵਟ ਕਾਰਨ ਪੋਲਟਰੀ ਉਦਯੋਗ ਨੂੰ ਰੋਜ਼ਾਨਾ 1,500-2,00 ਕਰੋੜ ਦਾ ਨੁਕਸਾਨ ਹੋ ਰਿਹਾ ਹੈ। ਚਿਕਨ ਦੀ ਮੰਗ 'ਚ ਗਿਰਾਵਟ ਕਾਰਨ ਫਾਰਮ ਗੇਟ ਪੱਧਰ 'ਤੇ ਪੋਲਟਰੀ ਬਰਡ ਦੀਆਂ ਕੀਮਤਾਂ 10-50 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਡਿੱਗ ਗਈਆਂ ਹਨ। ਚਿਕਨ ਦੀ ਹੋਲਸੇਲ ਕੀਮਤ 'ਚ ਕਰੀਬ 70 ਫੀਸਦੀ ਦੀ ਗਿਰਾਵਟ ਦੇਖੀ ਜਾ ਰਹੀ ਹੈ।

ਬਾਜ਼ਾਰ 'ਚ ਵਧੀ ਇਨ੍ਹਾਂ ਸਬਜ਼ੀਆਂ ਦੀ ਮੰਗ

ਨਾਨ ਵੈੱਜ ਦੇ ਸ਼ੌਕੀਣ ਲੋਕਾਂ ਨੇ ਚਿਕਨ ਅਤੇ ਮਟਨ ਖਾਣ ਤੋਂ ਪਰਹੇਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਲੋਕ ਕਟਹਲ ਅਤੇ ਮਸ਼ਰੂਮ 'ਚ ਚਿਕਨ ਦਾ ਸੁਆਦ ਲੱਭ ਰਹੇ ਹਨ। ਨਾਨ ਵੈੱਜ ਖਾਣ ਵਾਲਿਆਂ ਮੁਤਾਬਕ ਕਟਹਲ ਅਤੇ ਮਸ਼ਰੂਮ ਖਾਣ ਨਾਲ ਚਿਕਨ ਅਤੇ ਮਟਨ ਖਾਣ ਵਰਗੀ ਫੀਲਿੰਗ ਆਉਂਦੀ ਹੈ। ਸ਼ਾਇਦ ਇਹ ਹੀ ਕਾਰਨ ਹੈ ਕਿ ਬਾਜ਼ਰ 'ਚੋਂ ਕਟਹਲ ਅਤੇ ਮਸ਼ਰੂਮ ਗਾਇਬ ਹੋ ਰਹੇ ਹਨ। ਕਟਹਲ ਦੁੱਗਣੇ ਭਾਅ ਵਿਕ ਰਿਹਾ ਹੈ। ਆਮਤੌਰ 'ਤੇ 50 ਰੁਪਏ 'ਚ ਮਿਲਣ ਵਾਲਾ ਕਟਹਲ ਅੱਜ ਕੱਲ੍ਹ 120 ਰੁਪਏ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਇਸ ਦੇ ਨਾਲ ਹੀ ਦੂਜੇ ਪਾਸੇ 150-200 ਰੁਪਏ 'ਚ ਮਿਲਣ ਵਾਲਾ ਚਿਕਨ 80 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਮਿਲ ਰਿਹਾ ਹੈ। ਜ਼ਿਕਰਯੋਗ ਹੈ ਕਿ ਡਾਕਟਰ ਚਿਕਨ ਅਤੇ ਮਟਨ ਖਾਣ ਨਾਲ ਕੋਰੋਨਾ ਵਾਇਰਸ ਹੋਣ ਦੀਆਂ ਖਬਰਾਂ ਨੂੰ ਰੱਦ ਕਰ ਰਹੇ ਹਨ। ਹੁਣੇ ਜਿਹੇ ਪੋਲਟਰੀ ਫਾਰਮ ਐਸੋਸੀਏਸ਼ਨ ਨੇ ਉੱਤਰ-ਪ੍ਰਦੇਸ਼ ਦੇ ਕਈ ਸ਼ਹਿਰਾਂ ਵਿਚ ਚਿਕਨ ਮੇਲੇ ਦਾ ਆਯੋਜਨ ਕੀਤਾ ਸੀ ਤਾਂ ਜੋ ਇਸ ਗਲਤਫਹਿਮੀ ਨੂੰ ਦੂਰ ਕੀਤਾ ਜਾ ਸਕੇ ਕਿ ਚਿਕਨ ਖਾਣ ਨਾਲ ਵਾਇਰਸ ਫੈਲਦਾ ਹੈ।

ਕੀ ਕਹਿਣਾ ਹੈ FSSAI ਦਾ 

ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ(FSSAI) ਦੇ ਸੀ.ਈ.ਓ. ਨੇ ਕਿਹਾ ਕਿ ਇਕ ਵਿਗਿਆਨਕ ਹੋਣ ਦੇ ਨਾਤੇ ਮੈਂ ਕਹਿ ਸਕਦਾ ਹਾਂ ਕਿ ਚਿਕਨ, ਮਟਨ ਅਤੇ ਸੀਫੂਡ ਖਾਣ ਨਾਲ ਕੋਰੋਨਾ ਦਾ ਵਾਇਰਸ ਨਹੀਂ ਫੈਲ ਸਕਦਾ। ਇਸ ਬਾਰੇ 'ਚ ਲੋਕਾਂ ਦੀ ਗਲਤ ਧਾਰਨਾ ਹੈ। ਇਹ ਵਿਗਿਆਨਕ ਰੂਪ ਨਾਲ ਸਾਬਤ ਨਹੀਂ ਹੋਇਆ ਹੈ।