ਪੀਪਲਜ਼ ਕਾਨਫਰੰਸ ਨੇਤਾ ਸੱਜਾਦ ਲੋਨ 2 ਵਿਧਾਨ ਸਭਾ ਸੀਟਾਂ ਤੋਂ ਲੜਨਗੇ ਚੋਣ

Friday, Sep 06, 2024 - 06:22 PM (IST)

ਸ਼੍ਰੀਨਗਰ (ਵਾਰਤਾ)- ਪੀਪਲਜ਼ ਕਾਨਫਰੰਸ ਨੇਤਾ ਸੱਜਾਦ ਲੋਨ ਜੰਮੂ ਕਸ਼ਮੀਰ ਦੀਆਂ 2 ਸੀਟਾਂ ਹੰਦਵਾੜਾ ਅਤੇ ਕੁਪਵਾੜਾ ਤੋਂ ਚੋਣ ਲੜਨਗੇ। ਪੀਪਲਜ਼ ਕਾਨਫਰੰਸ ਨੇ ਸ਼ੁੱਕਰਵਾਰ ਨੂੰ ਜੰਮੂ ਕਸ਼ਮੀਰ 'ਚ ਵਿਧਾਨ ਸਭਾ ਚੋਣਾਂ ਦੇ ਤੀਜੇ ਅਤੇ ਅੰਤਿਮ ਪੜਾਅ ਲਈ 7 ਹੋਰ ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ ਕੀਤੀ। ਸੂਚੀ ਅਨੁਸਾਰ ਸੱਜਾਦ ਲੋਨ ਹੰਦਵਾੜਾ ਅਤੇ ਕੁਪਵਾੜਾ ਤੋਂ, ਇਮਰਾਨ ਰਜਾ ਅੰਸਾਰੀ ਪੱਟਨ ਤੋਂ, ਐਡਵੋਕੇਟ ਬਸ਼ੀਰ ਅਹਿਮਦ ਡਾਰ ਤ੍ਰੇਹਗਾਮ ਤੋਂ, ਇਰਫਾਨ ਪੰਡਿਤਪੋਰੀ ਲੰਗੇਟ ਤੋਂ, ਡਾ. ਨਾਸਿਰ ਅਵਾਨ ਕਰਨਾਹ ਤੋਂ ਅਤੇ ਮੁਦਾਸਿਰ ਅਕਬਰ ਸ਼ਾਹ ਲੋਲਾਬ ਤੋਂ ਉਮੀਦਵਾਰ ਬਣਾਏ ਗਏ ਹਨ। 

ਵੱਖਵਾਦੀ ਤੋਂ ਮੁੱਖ ਧਾਰਾ ਦੇ ਰਾਜਨੇਤਾ ਬਣੇ ਲੋਨ ਨੇ 2014 ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਹੰਦਵਾੜਾ ਤੋਂ ਜਿੱਤ ਹਾਸਲ ਕੀਤੀ ਸੀ ਅਤੇ ਬਾਅਦ 'ਚ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.)- ਭਾਰਤੀ ਜਨਤਾ ਪਾਰਟੀ (ਭਾਜਪਾ) ਗਠਜੋਰ ਸਰਕਾਰ ਦੌਰਾਨ ਮੰਤਰੀ ਬਣੇ ਸਨ। ਹਾਲ ਹੀ 'ਚ ਹੋਈਆਂ ਲੋਕ ਸਭਾ ਚੋਣਾਂ 'ਚ ਉਹ ਜੇਲ੍ਹ 'ਚ ਬੰਦ ਆਜ਼ਾਦ ਉਮੀਦਵਾਰ ਅਬਦੁੱਲ ਰਸ਼ੀਦ ਸ਼ੇਖ ਉਰਫ਼ ਇੰਜੀਨੀਅਰ ਰਸ਼ੀਦ ਤੋਂ ਚੋਣ ਹਾਰ ਗਏ। ਪੀਪਲਜ਼ ਕਾਨਫਰੰਸ ਨੇ ਵੀਰਵਾਰ ਨੂੰ ਪਾਰਟੀ ਦਾ ਮੈਨੀਫੈਸਟੋ ਜਾਰੀ ਕੀਤਾ, ਜਿਸ 'ਚ ਕਸ਼ਮੀਰ ਮੁੱਦੇ ਦੇ ਹੱਲ, ਧਾਰਾ 370 ਦੀ ਬਹਾਲੀ ਅਤੇ ਰਾਜ ਦੇ ਦਰਜੇ ਲਈ ਲੜਨ ਦਾ ਸੰਕਲਪ ਲਿਆ ਗਿਆ ਹੈ। ਇਸ ਦੇ ਨਾਲ ਹੀ 1987 ਦੀਆਂ ਵਿਧਾਨ ਸਭਾ ਚੋਣਾਂ 'ਚ ਧਾਂਦਲੀ ਦੀ ਜਾਂਚ ਲਈ ਨਿਆਇਕ ਕਮਿਸ਼ਨ ਦਾ ਗਠਨ ਕਰਨ ਦਾ ਵਾਅਦਾ ਵੀ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News