ਪਵਨ ਕੁਮਾਰ ਸ਼ਰਮਾ ਡਿਪਟੀ ਚੋਣ ਕਮਿਸ਼ਨਰ ਨਿਯੁਕਤ

Sunday, Sep 14, 2025 - 12:51 AM (IST)

ਪਵਨ ਕੁਮਾਰ ਸ਼ਰਮਾ ਡਿਪਟੀ ਚੋਣ ਕਮਿਸ਼ਨਰ ਨਿਯੁਕਤ

ਨਵੀਂ ਦਿੱਲੀ (ਭਾਸ਼ਾ)- ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ. ਏ .ਐੱਸ.) ਦੇ ਸੀਨੀਅਰ ਅਧਿਕਾਰੀ ਪਵਨ ਕੁਮਾਰ ਸ਼ਰਮਾ ਨੂੰ ਸ਼ਨੀਵਾਰ ਉਪ ਚੋਣ ਕਮਿਸ਼ਨਰ ਤੇ ਵੀ. ਲਲਿਤ ਲਕਸ਼ਮੀ ਨੂੰ ਉਪ ਰਾਸ਼ਟਰਪਤੀ ਸਕੱਤਰੇਤ ’ਚ ਜੁਆਇੰਟ ਸਕੱਤਰ ਨਿਯੁਕਤ ਕੀਤਾ ਗਿਆ। ਇਹ ਜਾਣਕਾਰੀ ਇਕ ਅਧਿਕਾਰਤ ਹੁਕਮ ’ਚ ਦਿੱਤੀ ਗਈ। ਪਵਨ ਸ਼ਰਮਾ ਮੱਧ ਪ੍ਰਦੇਸ਼ ਕੇਡਰ ਦੇ 1999 ਬੈਚ ਦੇ ਆਈ. ਏ. ਐੱਸ. ਅਧਿਕਾਰੀ ਹਨ। ਲਲਿਤ ਲਕਸ਼ਮੀ ਪੱਛਮੀ ਬੰਗਾਲ ਕੇਡਰ ਦੇ 2008 ਬੈਚ ਦੇ ਅਧਿਕਾਰੀ ਹਨ।

ਕੇਂਦਰ ਨੇ ਜੁਆਇੰਟ ਸਕੱਤਰ ਪੱਧਰ ’ਤੇ ਵੀ ਵੱਡਾ ਫੇਰਬਦਲ ਕੀਤਾ ਹੈ, ਜਿਸ ’ਚ ਵੱਖ-ਵੱਖ ਸਰਕਾਰੀ ਸੰਗਠਨਾਂ ’ਚ 35 ਲੋਕ-ਸੇਵਕਾਂ ਨੂੰ ਨਿਯੁਕਤ ਕੀਤਾ ਗਿਆ ਹੈ। ਮੰਤਰਾਲਾ ਦੇ ਹੁਕਮ ’ਚ ਕਿਹਾ ਗਿਆ ਹੈ ਕਿ 2002 ਬੈਚ ਦੇ ਭਾਰਤੀ ਡਾਕ ਸੇਵਾ ਅਧਿਕਾਰੀ ਅਮਨ ਸ਼ਰਮਾ ਨੂੰ ਫਾਰਮਾਸਿਊਟੀਕਲ ਵਿਭਾਗ ’ਚ ਜੁਆਇੰਟ ਸਕੱਤਰ ਨਿਯੁਕਤ ਕੀਤਾ ਗਿਆ ਹੈ।

ਮੱਧ ਪ੍ਰਦੇਸ਼ ਕੇਡਰ ਦੇ ਆਈ. ਏ. ਐੱਸ. ਅਧਿਕਾਰੀ ਤਰੁਣ ਕੁਮਾਰ ਨੂੰ ਵਾਤਾਵਰਣ, ਜੰਗਲਾਤ ਤੇ ਪੌਣ-ਪਾਣੀ ਚੌਗਿਰਦਾ ਮੰਤਰਾਲਾ ’ਚ ਜੁਆਇੰਟ ਸਕੱਤਰ ਨਿਯੁਕਤ ਕੀਤਾ ਗਿਆ ਹੈ। ਹੁਕਮ ’ਚ ਕਿਹਾ ਗਿਆ ਹੈ ਕਿ ਅਰਵਿੰਦ ਖਰੇ ਗ੍ਰਹਿ ਮੰਤਰਾਲਾ ’ਚ ਜੁਆਇੰਟ ਸਕੱਤਰ ਹੋਣਗੇ। ਅਮਿਤ ਸਿੰਗਲਾ ਆਰਥਿਕ ਮਾਮਲਿਆਂ ਦੇ ਵਿਭਾਗ ’ਚ ਜੁਆਇੰਟ ਸਕੱਤਰ ਹੋਣਗੇ। ਏਕਰੂਪਾ ਕੌਰ ਖਰਚਾ ਵਿਭਾਗ ’ਚ ਜੁਆਇੰਟ ਸਕੱਤਰ ਤੇ ਸ਼ਾਲਿਨੀ ਪੰਡਿਤ ਵਿੱਤੀ ਸੇਵਾਵਾਂ ਵਿਭਾਗ ’ਚ ਜੁਆਇੰਟ ਸਕੱਤਰ ਹੋਣਗੇ।

ਸੀਨੀਅਰ ਭਾਰਤੀ ਸੂਚਨਾ ਸੇਵਾ ਅਧਿਕਾਰੀ ਨਿਧੀ ਪਾਂਡੇ ਨੂੰ ਪਰਮਾਣੂ ਊਰਜਾ ਵਿਭਾਗ ’ਚ ਜੁਆਇੰਟ ਸਕੱਤਰ, ਅਸ਼ੀਮ ਕੁਮਾਰ ਮੋਦੀ ਨੂੰ ਕੋਲਾ ਮੰਤਰਾਲਾ ’ਚ ਜੁਅਾਇੰਟ ਸਕੱਤਰ, ਵਿੱਤੀ ਸਲਾਹਕਾਰ ਮੀਨਾਕਸ਼ੀ ਜੌਲੀ ਨੂੰ ਸੱਭਿਆਚਾਰ ਮੰਤਰਾਲਾ ਅਧੀਨ ਰਾਸ਼ਟਰੀ ਅਜਾਇਬ ਘਰ ’ਚ ਵਧੀਕ ਡਾਇਰੈਕਟਰ ਜਨਰਲ ( ਜੁਆਇੰਟ ਸਕੱਤਰ ਪੱਧਰ) ਤੇ ਅਨਵਿਤਾ ਸਿਨ੍ਹਾਂ ਨੂੰ ਰਾਸ਼ਟਰੀ ਰੱਖਿਆ ਕਾਲਜ ’ਚ ਸੀਨੀਅਰ ਡਾਇਰੈਕਟਰ ਸਟਾਫ ਨਿਯੁਕਤ ਕੀਤਾ ਗਿਆ ਹੈ।


author

Hardeep Kumar

Content Editor

Related News