ਪਰਮਬੀਰ ਦੇ ‘ਲੇਟਰ ਬੰਬ’ ਨਾਲ ਮਹਾਰਾਸ਼ਟਰ ਦੀ ਸਿਆਸਤ ’ਚ ਆਇਆ ਤੂਫ਼ਾਨ
Sunday, Mar 21, 2021 - 10:56 AM (IST)
ਮੁੰਬਈ— ਮਹਾਰਾਸ਼ਟਰ ਦੇ ਸਾਬਕਾ ਸੰਸਦ ਮੈਂਬਰ ਸੰਜੈ ਨਿਰੂਪਮ ਨੇ ਕਿਹਾ ਹੈ ਕਿ ਕਾਂਗਰਸ ਨੂੰ ਮੁੰਬਈ ਪੁਲਸ ਦੇ ਸਾਬਕਾ ਕਮਿਸ਼ਨਰ ਪਰਮਬੀਰ ਸਿੰਘ ਦੇ ਦਾਅਵੇ ’ਤੇ ਆਪਣਾ ਰੁਖ਼ ਸਪੱਸ਼ਟ ਕਰਨਾ ਚਾਹੀਦਾ ਹੈ। ਪਰਮਬੀਰ ਨੇ ਦਾਅਵਾ ਕੀਤਾ ਸੀ ਕਿ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ ਮੁੱਖ ਨੇ ਪੁਲਸ ਅਧਿਕਾਰੀਆਂ ਨੂੰ ਬਾਰ ਅਤੇ ਹੋਟਲ ਤੋਂ ਹਰ ਮਹੀਨੇ 100 ਕਰੋੜ ਰੁਪਏ ਦੀ ਉਗਾਹੀ ਕਰਨ ਦਾ ਨਿਰਦੇਸ਼ ਦਿੱਤਾ ਸੀ। ਨਿਰੂਪਮ ਨੇ ਟਵੀਟ ਕੀਤਾ ਕਿ ਪਰਮਬੀਰ ਸਿੰਘ ਜੋ ਆਖ ਰਹੇ ਹਨ, ਜੇਕਰ ਉਸ ’ਚ ਸੱਚਾਈ ਹੈ ਤਾਂ ਮਾਣਯੋਗ ਸ਼ਰਦ ਪਵਾਰ ਜੀ ਤੋਂ ਸਵਾਲ ਪੁੱਛਿਆ ਜਾਣਾ ਚਾਹੀਦਾ, ਕਿਉਂਕਿ ਮੌਜੂਦਾ ਮਹਾਰਾਸ਼ਟਰ ਸਰਕਾਰ ਨੂੰ ਉਨ੍ਹਾਂ ਨੇ ਬਣਾਇਆ ਹੈ। ਕੀ ਤੀਜਾ ਮੋਰਚਾ ਇਹ ਸਭ ਕਰੇਗਾ? ਕਾਂਗਰਸ ਨੂੰ ਇਸ ਮੁੱਦੇ ’ਤੇ ਰੁਖ਼ ਸਪੱਸ਼ਟ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ: ਅਨਿਲ ਦੇਸ਼ਮੁੱਖ ਨੇ ਵਾਜੇ ਨੂੰ ਹਰ ਮਹੀਨੇ 100 ਕਰੋੜ ਵਸੂਲੀ ਦਾ ਦਿੱਤਾ ਸੀ ਟਾਰਗੇਟ: ਸਾਬਕਾ ਪੁਲਸ ਕਮਿਸ਼ਨਰ
ਨਿਰੂਪਮ ਦਾ ਬਿਆਨ ਅਜਿਹੇ ਸਮੇਂ ਵਿਚ ਆਇਆ ਹੈ, ਜਦੋਂ ਆਈ. ਪੀ. ਐੱਸ. ਅਧਿਕਾਰੀ ਦੇ ‘ਲੇਟਰ ਬੰਬ’ ਨਾਲ ਸ਼ਿਵ ਸੈਨਾ, ਰਾਕਾਂਪਾ ਅਤੇ ਕਾਂਗਰਸ ਦੀ ਮਹਾ ਵਿਕਾਸ ਅਘਾੜੀ ਸਰਕਾਰ ’ਤੇ ਪਹਿਲਾਂ ਹੀ ਦਬਾਅ ਹੈ। ਨਿਰੂਪਮ ਪਹਿਲਾਂ ਸ਼ਿਵ ਸੈਨਾ ਵਿਚ ਸਨ ਅਤੇ ਉਹ 2005 ’ਚ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ। ਮੁੱਖ ਮੰਤਰੀ ਊਧਵ ਠਾਕਰੇ ਨੂੰ ਲਿਖੀ 8 ਪੰਨਿਆਂ ਦੀ ਚਿੱਠੀ ’ਚ ਪਰਮਬੀਰ ਸਿੰਘ ਨੇ ਦੋਸ਼ ਲਾਇਆ ਸੀ ਕਿ ਦੇਸ਼ ਮੁੱਖ ਪੁਲਸ ਅਧਿਕਾਰੀਆਂ ਨੂੰ ਆਪਣੇ ਅਧਿਕਾਰਤ ਰਿਹਾਇਸ਼ਤ ’ਤੇ ਬੁਲਾਉਂਦੇ ਸਨ ਅਤੇ ਉਨ੍ਹਾਂ ਨੂੰ ਬਾਰ, ਰੈਸਟੋਰੈਂਟ ਅਤੇ ਹੋਰ ਥਾਵਾਂ ਤੋਂ ਵਸੂਲੀ ਲਈ ਕਹਿੰਦੇ ਸਨ। ਦੇਰ ਰਾਤ ਮੁੱਖ ਮੰਤਰੀ ਦਫ਼ਤਰ ਵਲੋਂ ਕਿਹਾ ਗਿਆ ਸੀ ਕਿ ਉਕਤ ਚਿੱਠੀ ਪਰਮਬੀਰ ਦੀ ਅਧਿਕਾਰਤ ਈ-ਮੇਲ ਆਈ. ਡੀ. ਤੋਂ ਨਹੀਂ ਭੇਜੀ ਗਈ। ਇਸ ਤੋਂ ਬਾਅਦ ਪਰਮਬੀਰ ਸਿੰਘ ਨੇ ਆਪਣੇ ਵਲੋਂ ਗੱਲ ਦੀ ਪੁਸ਼ਟੀ ਕੀਤੀ ਕਿ ਚਿੱਠੀ ਉਨ੍ਹਾਂ ਨੇ ਹੀ ਈ-ਮੇਲ ਕੀਤੀ ਹੈ ਅਤੇ ਉਨ੍ਹਾਂ ਦੇ ਦਸਤਖ਼ਤ ਵਾਲੀ ਉਸ ਦੀ ਇਕ ਕਾਪੀ ਛੇਤੀ ਹੀ ਸਰਕਾਰ ਕੋਲ ਪਹੁੰਚੇਗੀ।